ਅਮਰੀਕਾ: ਟਾਰਗੇਟ ਸਟੋਰ ਕਰ ਰਿਹਾ ਹੈ ਕੋਰੋਨਾ ਟੀਕਾ ਲਗਵਾਉਣ ਲਈ 5 ਡਾਲਰ ਦੇ ਕੂਪਨ ਦੀ ਪੇਸ਼ਕਸ਼
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 8 ਮਈ 2021 - ਅਮਰੀਕਾ ਵਿੱਚ ਕੋਰੋਨਾ ਟੀਕਾਕਰਨ ਨੂੰ ਉਤਸ਼ਾਹਿਤ ਅਤੇ ਤੇਜ਼ ਕਰਨ ਲਈ ਟਾਰਗੇਟ ਸਟੋਰ ਨੇ ਮੰਗਲਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਇਸ ਹਫਤੇ ਤੋਂ ਇਸਦੇ ਸਟੋਰਾਂ ਅੰਦਰ ਸੀ ਵੀ ਐਸ ਫਾਰਮੇਸੀਆਂ ਵਿੱਚ ਕੋਵਿਡ -19 ਦੇ ਟੀਕੇ ਲਗਵਾਉਣ ਵਾਲੇ ਬਾਲਗਾਂ ਨੂੰ 5 ਡਾਲਰ ਦੇ ਕੂਪਨ ਦਿੱਤੇ ਜਾਣਗੇ। ਟਾਰਗੇਟ ਆਪਣੇ ਸਟੋਰਾਂ ਦੇ ਅੰਦਰ ਲੱਗਭਗ 600 ਤੋਂ ਵੱਧ ਸੀ ਵੀ ਐਸ ਫਾਰਮੇਸੀਆਂ ਤੇ ਟੀਕਾਕਰਨ ਸ਼ਾਟਸ ਦੀ ਪੇਸ਼ਕਸ਼ ਕਰਦਾ ਹੈ। ਮਿਨੀਆਪੋਲਿਸ ਅਧਾਰਿਤ ਇਸ ਰਿਟੇਲਰ ਕੰਪਨੀ ਨੇ ਕਿਹਾ ਕਿ ਉਹ ਮਹਾਂਮਾਰੀ ਦੇ ਦੌਰਾਨ ਅਮਰੀਕੀਆਂ ਨੂੰ ਟੀਕੇ ਲਗਾਉਣ ਵਿੱਚ ਮਦਦ ਕਰਨ ਲਈ ਸੀ ਵੀ ਐਸ ਫਾਰਮੇਸੀ ਨਾਲ ਭਾਈਵਾਲੀ ਕਰ ਰਹੀ ਹੈ ।
ਰਾਸ਼ਟਰਪਤੀ ਬਾਈਡੇਨ ਨੇ ਇਸ ਹਫ਼ਤੇ 160 ਮਿਲੀਅਨ ਅਮਰੀਕੀ ਬਾਲਗਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਵਾਉਣ ਦਾ ਇੱਕ ਨਵਾਂ ਟੀਚਾ ਮਿਥਿਆ ਹੈ, ਜਿਸ ਨਾਲ ਪੇਂਡੂ ਖੇਤਰਾਂ ਅਤੇ ਕਮਿਊਨਿਟੀਆਂ ਵਿੱਚ ਪਹੁੰਚਣ ਦੀਆਂ ਕੋਸ਼ਿਸ਼ਾਂ ਵਧੀਆਂ ਹੋਈਆਂ ਹਨ ਜਿਥੇ ਟੀਕਾਕਰਨ ਦੀ ਦਰ ਬਹੁਤ ਘੱਟ ਗਈ ਹੈ।ਹਾਲ ਹੀ ਦੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ, ਅਮਰੀਕੀਆਂ ਨੂੰ ਕੋਵਿਡ -19 ਦੇ ਟੀਕੇ ਲਗਾਉਣ ਲਈ ਬਹੁਤ ਸਾਰੀਆਂ ਕੰਪਨੀਆਂ ਅਤੇ ਕਾਰੋਬਾਰਾਂ ਵੱਲੋਂ ਪ੍ਰੋਤਸਾਹਨ ਦੀ ਪੇਸ਼ਕਸ਼ ਕੀਤੀ ਗਈ ਹੈ। ਪਿਛਲੇ ਹਫਤੇ ਪੱਛਮੀ ਵਰਜੀਨੀਆ ਦੇ ਰਾਜਪਾਲ ਨੇ ਕੋਰੋਨਾ ਵਾਇਰਸ ਵਿਰੁੱਧ ਟੀਕਾ ਲਗਵਾਉਣ ਤੋਂ ਹਿਚਕਿਚਾਉਂਦੇ ਹੋਏ 35 ਅਤੇ ਇਸ ਤੋਂ ਛੋਟੇ ਵਸਨੀਕਾਂ ਨੂੰ 100 ਡਾਲਰ ਦੇ ਬਚਤ ਬਾਂਡ ਦੀ ਪੇਸ਼ਕਸ਼ ਕਰਨ ਦਾ ਮਹੱਤਵਪੂਰਣ ਕਦਮ ਚੁੱਕਿਆ ਸੀ।