ਅਮੋਲਕ ਸਿੰਘ ਨੇ ਸਿਹਤ ਸਹੂਲਤਾਂ ਦੀ ਸੁਸਤ ਰਫਤਾਰ ਲਈ ਪੰਜਾਬ ਦੀ ਅਫ਼ਸਰਸ਼ਾਹੀ ਉੱਪਰ ਲਾਏ ਦੋਸ਼
ਮਨਿੰਦਰਜੀਤ ਸਿੱਧੂ
ਜੈਤੋ, 14 ਮਈ 2021 - ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੈਦਾ ਹੋਈ ਸੰਕਟਮਈ ਸਥਿਤੀ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਉਸਦੇ ਅਧਿਕਾਰੀ ਅਜੇ ਵੀ ਟਾਲ ਮਟੋਲ ਅਤੇ ਸੁਸਤ ਰਫਤਾਰ ਨਾਲ ਚੱਲ ਰਹੇ ਹਨ।ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਕਿਸੇ ਪਾਸੇ ਵੀ ਉੱਪਰ ਤੋਂ ਲੈ ਕੈ ਥੱਲੇ ਤੱਕ ਕੋਈ ਵੀ ਜ਼ਿੰਮੇਵਾਰਨਾ ਰੁੱਖ ਨਹੀਂ ਅਖਤਿਆਰ ਕਰ ਰਹੇ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਆਗੂ ਅਮੋਲਕ ਸਿੰਘ ਨੇ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਸਿਹਤ ਸਹੂਲਤਾਂ ਪੱਖੋਂ ਪੰਜਾਬ ਏਨਾਂ ਜਿਆਦਾ ਪੱਛੜ ਚੁੱਕਾ ਹੈ ਕਿ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਮਰੀਜਾਂ ਦੀ ਖੱਜਲ ਖੁਆਰੀ ਹੋ ਰਹੀ ਹੈ।
ਲੋਕ ਵੈਂਟੀਲੈਂਟਰਾਂ ਖੁਣੋਂ ਦਮ ਤੋੜ ਰਹੇ ਹਨ ਪਰ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਆਏ ਵੈਂਟੀਲੇਟਰ ਆਪ ਸਾਹ ਵਰੋਲ ਰਹੇ ਹਨ।ਸੈਂਕੜਿਆਂ ਦੀ ਗਿਣਤੀ ਵਿੱਚ ਵੈਂਟੀਲੇਟਰ ਸਾਂਭ ਸੰਭਾਲ ਦੀ ਘਾਟ ਕਾਰਨ ਨਕਾਰਾ ਹੋ ਰਹੇ ਹਨ।ਉਹਨਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਕੋਈ ਸਹੂਲਤ ਦੇਣ ਦੀ ਬਜਾਏ, ਮਹਾਂਮਾਰੀ ਨਾਲ ਝੰਬੇ ਲੋਕਾਂ ਦੇ ਚਲਾਣ ਕੱਟ ਕੇ ਖਾਲੀ ਖਜਾਨੇ ਭਰਨ ਵਿੱਚ ਲੱਗੀ ਹੋਈ ਹੈ।ਉਹਨਾਂ ਪੰਜਾਬ ਸਰਕਾਰ ਦੇ ਫੈਸਲਿਆਂ ਉੱਪਰ ਤੰਜ ਕਸਦਿਆਂ ਕਿਹਾ ਕਿ ਸ਼ਰਾਬ ਦੇ ਠੇਕਿਆਂ ਨੂੰ ਜਰੂਰੀ ਵਸਤੂਆਂ ਵਿੱਚ ਰੱਖਣਾ ਅਤੇ ਕਿਤਾਬਾਂ ਦੀਆਂ ਦੁਕਾਨਾਂ ਨੂੰ ਗੈਰ ਜਰੂਰੀ ਵਸਤੂਆਂ ਵਿੱਚ ਰੱਖਣਾ ਪੰਜਾਬ ਸਰਕਾਰ ਦੇ ਅਫ਼ਸਰਾਂ ਦੀ ਬੌਧਿਕ ਕੰਗਾਲੀ ਨੂੰ ਸਪਸ਼ਟ ਕਰਦਾ ਹੈ।