ਅਰੋੜਾ ਨੇ ਆਪਣੇ ਵੱਲੋਂ ਸਿਵਲ ਹਸਪਤਾਲ ਨੂੰ ਦਿੱਤੀਆਂ 1000 ਮਿਸ਼ਨ ਫ਼ਤਿਹ ਕਿੱਟਾਂ
- ਕੋਵਿਡ ਮਰੀਜਾਂ ਲਈ ਬੇਹੱਦ ਲਾਹੇਵੰਦ ਰਹੇਗੀ ਕਿੱਟ, ਸਿਹਤ ਵਿਭਾਗ ਦੀਆ ਟੀਮਾਂ ਪਹੁੰਚਾਉਣਗੀਆਂ ਘਰੇਲੂ ਇਕਾਂਤਵਾਸ ਮਰੀਜਾਂ ਤੱਕ
- ਮੰਤਰੀ ਦੇ ਬੇਟੇ ਪ੍ਰਤੀਕ ਅਰੋੜਾ ਨੇ ਕਿੱਟਾਂ ਸਿਵਲ ਹਸਪਤਾਲ ‘ਚ ਸੌਂਪੀਆਂ
ਹੁਸ਼ਿਆਰਪੁਰ, 29 ਮਈ 2021 - ਨਿੱਜੀ ਤੌਰ ‘ਤੇ ਕੋਵਿਡ ਦੇ ਮਰੀਜਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਤਹਿਤ ਅੱਜ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਸਥਾਨਕ ਸਿਵਲ ਹਸਪਤਾਲ ਨੂੰ 1000 ਮਿਸ਼ਨ ਫ਼ਤਿਹ ਕਿੱਟ ਦਿੱਤੀ ਗਈ, ਜਿਹੜੀ ਕਿ ਵਾਇਰਸ ਤੋਂ ਪੀੜਤ ਮਰੀਜਾਂ ਲਈ ਬਹੁਤ ਲਾਹੇਵੰਦ ਰਹੇਗੀ।
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਤਰਫ਼ੋਂ ਉਨ੍ਹਾਂ ਦੇ ਬੇਟੇ ਪ੍ਰਤੀਕ ਅਰੋੜਾ ਨੇ ਸ਼ਾਦੀ ਲਾਲ ਸਮੇਤ 1000 ਫ਼ਤਿਹ ਕਿੱਟਾਂ ਸਿਵਲ ਹਸਪਤਾਲ ਵਿਖੇ ਐਸ. ਐਮ. ਓ. ਡਾ. ਜਸਵਿੰਦਰ ਸਿੰਘ ਨੂੰ ਸੌਂਪੀਆਂ।
ਆਪਣੇ ਇਸ ਨਿੱਜੀ ਉਪਰਾਲੇ ਸੰਬੰਧੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਅੱਜ ਇਸ ਸਿਹਤ ਸੰਕਟ ਦੌਰਾਨ ਸਾਰਿਆ ਨੂੰ ਆਪੋ-ਆਪਣੇ ਪੱਧਰ ‘ਤੇ ਹੰਭਲੇ ਮਾਰਨੇ ਚਾਹੀਦੇ ਹਨ ਤਾਂ ਜੋ ਇਸ ਵਾਇਰਸ ਖ਼ਿਲਾਫ਼ ਮਿਸ਼ਨ ਫ਼ਤਿਹ ਦਾ ਟੀਚਾ ਹਾਸਲ ਕੀਤਾ ਜਾ ਸਕੇ। ਉਨ੍ਹਾਂ ਨੇ ਵੱਖ-ਵੱਖ ਸਮਾਜਿਕ, ਧਾਰਮਿਕ ਜਥੇਬੰਦੀਆਂ, ਸੁਸਾਇਟੀਆਂ, ਪੰਚਾਇਤਾਂ, ਕਲੱਬਾਂ ਆਦਿ ਦੀ ਕੋਵਿਡ ਦੇ ਮਰੀਜਾਂ ਦੀ ਕੀਤੀ ਜਾ ਰਹੀ ਮਦਦ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਹੀ ਇਸ ਵਾਇਰਸ ਨੂੰ ਅਸਰਦਾਰ ਢੰਗ ਨਾਲ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲਏ ਜਾਂਦੇ ਸੈਂਪਲ ਦਾ ਨਤੀਜਾ ਪਾਜਿਟਿਵ ਆ ਜਾਣ ‘ਤੇ ਵਿਭਾਗ ਦੀਆਂ ਟੀਮਾਂ ਇਹ ਕਿੱਟਾਂ ਘਰੇਲੂ ਏਕਾਂਤਵਾਸ ਵਾਲੇ ਕੋਵਿਡ ਪਾਜਿਟਿਵ ਮਰੀਜਾਂ ਦੇ ਘਰਾਂ ‘ਚ ਪੁੱਜਦੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਟੀਮਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਬਿਨਾਂ ਦੇਰੀ ਇਹ ਕਿੱਟਾਂ ਮਰੀਜਾਂ ਨੂੰ ਪੁੱਜਦੀਆਂ ਕਰਨਾ ਯਕੀਨੀ ਬਚਾਇਆ ਜਾਵੇ ਜਿਸ ਨਾਲ ਮਰੀਜ ਆਪਣੀ ਨਿੱਤ ਦਿਨ ਦੀ ਸਿਹਤ ਸੰਬੰਧੀ ਖ਼ੁਦ ਆਸਾਨੀ ਨਾਲ ਜਾਣੂ ਹੋ ਸਕੇਗਾ ਅਤੇ ਲੋੜ ਪੈਣ ‘ਤੇ ਸਮੇਂ ਸਿਰ ਹਰ ਲੋੜੀਂਦੀ ਡਾਕਟਰੀ ਸਹਾਇਤਾ ਵੀ ਲੈ ਸਕੇਗਾ।
ਉਦਯੋਗ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਦੇ ਮਰੀਜਾਂ ਦੀ ਚੰਗੀ ਦੇਖ-ਭਾਲ਼ ਅਤੇ ਢੁਕਵੇਂ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਲੁੜੀਂਦੇ ਇੰਤਜ਼ਾਮ ਅਮਲ ਵਿੱਚ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਸਪਤਾਲਾਂ ਵਿੱਚ ਕੋਵਿਡ ਵਾਰਡ ਪੂਰੀ ਤਰ੍ਹਾਂ ਅਤਿ-ਆਧੁਨਿਕ ਸਿਹਤ ਸਹੂਲਤਾਂ ਤੇ ਪ੍ਰਬੰਧਾਂ ਨਾਲ ਲੈਸ ਹਨ ਅਤੇ ਹਰ ਥਾਂ ‘ਤੇ ਦਵਾਈਆਂ ਅਤੇ ਹੋਰ ਇੰਤਜ਼ਾਮ ਉਪਲਬਧ ਹਨ।
ਕਿੱਟਾਂ ਪ੍ਰਾਪਤ ਕਰਨ ਵੇਲੇ ਮੁੱਖ ਫਾਰਮੇਸੀ ਅਫਸਰ ਜਤਿੰਦਰ ਸਿੰਘ, ਸਟੋਰ ਇੰਚਾਰਜ ਹਰ ਰੂਪ ਕੁਮਾਰ ਵੀ ਮੌਜੂਦ ਸਨ।
ਬਾਕਸ
ਮਿਸ਼ਨ ਫ਼ਤਿਹ ਕਿੱਟ ਵਿੱਚ ਮਰੀਜਾਂ ਦੀ ਸਹੂਲਤ ਲਈ ਇਕ ਪਲਸ ਆਕਸੀਮੀਟਰ, ਥਰਮਾਮੀਟਰ, ਟੋਪਸਿਡ 40 ਐਮ ਜੀ, ਵਿਟਮਿਨ ਸੀ, ਵਿਟਾਮਿਨ ਡੀ3, ਵਿਟਾਮਿਨ ਜ਼ਿੰਕ, ਡੋਲੋ 650 ਐਮ ਜੀ ਗੋਲ਼ੀਆਂ, ਮਲਟੀਵਿਟਾਮਿਨ ਕੈਪਸੂਲ, ਕਫ਼ ਸਿਰਪ, ਬੀਟਾਡੀਨ ਗੲਰਗਲਜ, ਗਲੋਅ, ਇਮੂਨਿਟੀ ਪਲਸ ਅਤੇ ਗ਼ੁਬਾਰੇ ਆਦਿ ਹੋਣਗੇ ।