ਅਰੋੜਾ ਵਲੋਂ 100 ਫੀਸਦੀ ਟੀਕਾਕਰਨ ਲਈ ਪਿੰਡ ਠਰੋਲੀ ਦੀ ਪੰਚਾਇਤ ਦਾ ਸਨਮਾਨ
- ਪੰਚਾਇਤਾਂ ਅਤੇ ਪਿੰਡਾਂ ਦੇ ਵਸਨੀਕਾਂ ਦੇ ਸਹਿਯੋਗ ਨਾਲ ‘ਮਿਸ਼ਨ ਫਤਿਹ-2’ ਹੋਵੇਗਾ ਪੂਰੀ ਤਰ੍ਹਾਂ ਕਾਮਯਾਬ
ਹੁਸ਼ਿਆਰਪੁਰ, 26 ਮਈ 2021 - ਪੰਜਾਬ ਸਰਕਾਰ ਵਲੋਂ ‘ਮਿਸ਼ਨ ਫਤਿਹ-2’ ਤਹਿਤ ਪੇਂਡੂ ਖੇਤਰਾਂ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਰੋਕਣ ਲਈ ਜੰਗੀ ਪੱਧਰ ’ਤੇ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਤਹਿਤ ਨੇੜਲੇ ਪਿੰਡ ਠਰੋਲੀ ਵਿਖੇ ਸਾਰੇ ਲਾਭਪਾਤਰੀਆਂ ਦੇ 100 ਫੀਸਦੀ ਕੋਵਿਡ ਵੈਕਸੀਨ ਲੱਗ ਜਾਣ ’ਤੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੰਚਾਇਤ ਦਾ ਸਨਮਾਨ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਸਨੀਕਾਂ ਦੇ ਸਹਿਯੋਗ ਨਾਲ ਪੇਂਡੂ ਖੇਤਰਾਂ ’ਚ ਇਸ ਵਾਇਰਸ ਨੂੰ ਅਸਰਦਾਰ ਢੰਗ ਨਾਲ ਰੋਕਿਆ ਜਾਵੇਗਾ।
ਪਿੰਡ ਦੀ ਪੰਚਾਇਤ ਦੇ ਸਨਮਾਨ ਮੌਕੇ ਉੁਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮਿਸ਼ਨ ਫਤਿਹ-2 ਤਹਿਤ ਪਿੰਡਾਂ ਨੂੰ ਕੋਰੋਨਾ ਮੁਕਤ ਕਰਨ ਲਈ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ’ਤੇ ਸਰਗਰਮੀਆਂ ਜਾਰੀ ਹਨ ਜਿਸ ਤਹਿਤ ਪਿੰਡ-ਪਿੰਡ ਟੀਕਾਕਰਨ ਅਤੇ ਸੈਂਪÇਲੰਗ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੀਕਾਕਰਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵਲੋਂ ਪਾਜੀਟਿਵ ਕੇਸਾਂ ਅਤੇ ਘਰੇਲੂ ਇਕਾਂਤਵਾਸ ਵਾਲੇ ਮਰੀਜਾਂ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਜੋ ਵਾਇਰਸ ਨੂੰ ਸਮੇਂ ਸਿਰ ਹੋਰ ਫੈਲਣੋਂ ਰੋਕਿਆ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਵਿਡ ਨਾਲ ਸਬੰਧਤ ਕੋਈ ਵੀ ਲੱਛਣ ਮਹਿਸੂਸ ਹੋਵੇ ਤਾਂ ਉਹ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਟੈਸਟ ਕਰਵਾਉਣ। ਉਨ੍ਹਾਂ ਕਿਹਾ ਕਿ ਸਿਹਤ ਸਲਾਹਕਾਰੀਆਂ ਦੀ ਪੂਰਨ ਪਾਲਣਾ ਅਤੇ ਟੀਕਾਕਰਨ ਨਾਲ ਇਸ ਵਾਇਰਸ ਦੀ ਚਪੇਟ ’ਚ ਆਉਣੋਂ ਬਚਿਆ ਜਾ ਸਕਦਾ ਹੈ ਜਿਸ ਲਈ ਯੋਗ ਲਾਭਪਾਤਰੀਆਂ ਨੂੰ ਜਲਦ ਤੋਂ ਜਲਦ ਟੀਕਾਕਰਨ ਕਰਵਾਉਣਾ ਚਾਹੀਦਾ ਹੈ।
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਠਰੋਲੀ ਵਿਖੇ ਸਰਪੰਚ ਸਰਬਜੀਤ ਸਿੰਘ ਅਤੇ ਬਾਕੀ ਪੰਚਾਇਤ ਮੈਂਬਰਾਂ ਨੂੰ 100 ਫੀਸਦੀ ਟੀਕਾਕਰਨ ਕਰਵਾਉਣ ਲਈ ਸਿਰੋਪਾਓ ਦੇ ਸਨਮਾਨਿਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਜਿਹੇ ਪਿੰਡਾਂ ਨਾਲ ਐਲਾਨੀ 10 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਮਿਲਣ ਨਾਲ ਪਿੰਡ ਦੇ ਵਿਕਾਸ ਵਿੱਚ ਵੀ ਤੇਜ਼ੀ ਆਵੇਗੀ।
ਪਿੰਡ ਦੇ ਸਰਪੰਚ ਸਰਬਜੀਤ ਸਿੰਘ ਨੇ ਉਦਯੋਗ ਮੰਤਰੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸੀ.ਐਚ.ਸੀ. ਹਾਰਟਾ ਬੱਡਲਾ ਦੀ ਟੀਮ ਦਾ ਧੰਨਵਾਦ ਕਰਦਿਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਜਨਤਕ ਹਿੱਤਾਂ ਦੇ ਮੱਦੇਨਜ਼ਰ ਅਤੇ ਪਿੰਡ ਵਾਸੀਆਂ ਦੀ ਤੰਦਰੁਸਤੀ ਲਈ ਜਲਦ ਟੀਕਾਕਰਨ ਕਰਵਾਇਆ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਚ ਨਿਰਮਲ ਕੁਮਾਰ, ਪੰਚ ਮਨਜੀਤ ਕੁਮਾਰ, ਪੰਚ ਨਾਨਕ ਚੰਦ, ਸਰਪੰਚ ਕੁਲਦੀਪ ਅਰੋੜਾ, ਮਨਜੀਤ ਕੁਮਾਰ, ਨੰਬਰਦਾਰ ਬਲਵਿੰਦਰ ਆਦਿ ਮੌਜੂਦ ਸਨ।