ਅੰਮ੍ਰਿਤਸਰ: ਸਾਰੀਆਂ ਦੁਕਾਨਾਂ ਨੂੰ ਯੋਜਨਾਬੱਧ ਢੰਗ ਨਾਲ ਖੋਲ੍ਹਣ ਲਈ ਸ਼ਹਿਰ ਵਾਸੀਆਂ ਨੂੰ ਕਰਨਾ ਪਵੇਗਾ ਇੰਤਜ਼ਾਰ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 7 ਅਪ੍ਰੈਲ 2021 - ਅੰਮ੍ਰਿਤਸਰ ਵਿੱਚ ਸੀਐਮ ਦੇ ਹੁਕਮਾਂ ਦੇ ਮੁਤਾਬਕ ਦੁਕਾਨਾਂ ਖੋਲ੍ਹਣ ਲਈ ਸ਼ਹਿਰ ਵਾਸੀਆਂ ਨੂੰ ਕਰਨਾ ਪਵੇਗਾ ਇੰਤਜ਼ਾਰ। ਸੀ ਐੱਮ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਕੱਲ੍ਹ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਸ਼ਹਿਰ ਦੇ ਡਿਪਟੀ ਕਮਿਸ਼ਨਰ ਅਤੇ ਆਲਾ ਅਧਿਕਾਰੀ ਸ਼ਹਿਰ ਦੇ ਵਪਾਰੀ ਵਰਗ ਨਾਲ ਸਲਾਹ ਕਰਕੇ ਕੋਵਿਡ ਦੀਆਂ ਗਾਈਡ ਲਾਈਨਜ਼ ਨੂੰ ਧਿਆਨ ਚ ਰੱਖਦੇ ਹੋਏ ਸ਼ਹਿਰ ਵਿਚ ਯੋਜਨਾ ਦੇ ਮੁਤਾਬਕ ਦੁਕਾਨਾਂ ਖੋਲ੍ਹਣ ਜਾਂ ਬੰਦ ਕਰ ਸਕਦੇ ਹਨ।
ਇਸ ਦੇ ਬਾਰੇ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਕਮਿਸ਼ਨਰ ਪੁਲੀਸ ਅੰਮ੍ਰਿਤਸਰ ਡਾ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਹੈ ਕਿ ਇਸ ਵਾਸਤੇ ਅੰਮ੍ਰਿਤਸਰ ਵਾਸੀਆਂ ਨੂੰ ਫਿਲਹਾਲ ਸੋਮਵਾਰ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕਈ ਵਪਾਰਕ ਸੰਗਠਨ ਅੱਜ ਉਨ੍ਹਾਂ ਨੂੰ ਆ ਕੇ ਮਿਲੇ ਹਨ ਅਤੇ ਉਨ੍ਹਾਂ ਨੇ ਦੁਕਾਨਾਂ ਖੋਲ੍ਹਣ ਸੰਬੰਧੀ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਵਪਾਰਕ ਸੰਗਠਨ ਆਉਣ ਵਾਲੇ ਕੱਲ੍ਹ ਵੀ ਉਨ੍ਹਾਂ ਨੂੰ ਆ ਕੇ ਮਿਲਣਗੇ ਅਤੇ ਇਨ੍ਹਾਂ ਵਪਾਰੀ ਵਰਗ ਦੀ ਗੱਲਬਾਤ ਨੂੰ ਸਿਰੇ ਚਾੜ੍ਹਨ ਲਈ ਡੀ ਸੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਹੋਰ ਆਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ।
ਜਿਸ ਤੋਂ ਬਾਅਦ ਕਿਸ ਢੰਗ ਨਾਲ ਸ਼ਹਿਰ ਵਿੱਚ ਦੁਕਾਨਾਂ ਖੋਲ੍ਹੀਆਂ ਜਾਣਗੀਆਂ ਇਸ ਦਾ ਫ਼ੈਸਲਾ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਲਾਕ ਡਾਊਨ ਹੋਣ ਕਰਕੇ ਸ਼ਹਿਰ ਵਾਸੀਆਂ ਨੂੰ ਇਸ ਲਈ ਆਉਂਦੇ ਸੋਮਵਾਰ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ।