ਆਪ ਆਗੂ ਡਾਕਟਰ ਰਮਨਦੀਪ ਨੇ ਆਧੁਨਿਕ ਮਸ਼ੀਨ ਨਾਲ ਕੀਤਾ ਸ਼ਹਿਰ ਸੈਨੇਟਾਈਜ਼
ਮਨਿੰਦਰਜੀਤ ਸਿੱਧੂ
- ਟਿਕਟ ਦੇ ਦਾਅਵੇਦਾਰਾਂ ਵਿੱਚੋਂ ਸਥਿਤੀ ਇਸ ਵਕਤ ਸਭ ਤੋਂ ਮਜਬੂਤ-ਸਿਆਸੀ ਪੰਡਤ
ਜੈਤੋ, 23 ਮਈ, 2021 - ਆਪਣੀਆਂ ਸਮਾਜਿਕ ਗਤੀਵਿਧੀਆਂ ਨੂੰ ਲੈ ਕੇ ਆਪ ਦੇ ਸਾਰੇ ਆਗੂਆਂ ਵਿੱਚੋਂ ਸਭ ਤੋਂ ਵੱਧ ਚਰਚਾ ਵਿੱਚ ਰਹਿਣ ਵਾਲੇ ਡਾ. ਰਮਨਦੀਪ ਸਿੰਘ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਇੱਕ ਬੜੀ ਜਬਰਦਸਤ ਅਤੇ ਆਧੁਨਿਕ ਮਸ਼ੀਨ ਨਾਲ ਸਮੁੱਚੇ ਸ਼ਹਿਰ ਨੂੰ ਸੈਨੇਟਾਈਜ ਕੀਤਾ। ਵੱਡੀ ਸਪ੍ਰੇਅ ਮਸ਼ੀਨ ਦੀ ਪ੍ਰੈਸ਼ਰ ਵਾਲੀ ਪਾਈਪ ਹੱਥ ਵਿੱਚ ਫੜ੍ਹ ਆਪਣੇ ਸਾਥੀਆਂ ਸਮੇਤ ਡਾਕਟਰ ਰਮਨਦੀਪ ਵੱਲੋਂ ਸ਼ਹਿਰਵਾਸੀਆਂ ਲਈ ਕੀਤੇ ਜਾ ਰਹੇ ਸੈਨੇਟਾਈਜੇਸ਼ਨ ਦੇ ਇਸ ਕਾਰਜ ਦੀ ਬਹੁਤ ਸ਼ਲਾਘਾ ਹੋ ਰਹੀ ਹੈ।
ਇਸ ਮੌਕੇ ਡਾਕਟਰ ਰਮਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਬਹੁਤ ਘਾਤਕ ਬਿਮਾਰੀ ਹੈ ਅਤੇ ਇਸ ਤੋਂ ਬਚਣ ਲਈ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਣਾ ਬਹੁਤ ਲਾਜ਼ਮੀ ਹੈ। ਉਹਨਾਂ ਕਿਹਾ ਕਿ ਇੱਕ ਡਾਕਟਰ ਹੋਣ ਦੇ ਨਾਤੇ ਅਤੇ ਆਮ ਆਦਮੀ ਪਾਰਟੀ ਦਾ ਜਿੰਮੇਵਾਰ ਅਹੁਦੇਦਾਰ ਹੋਣ ਦੇ ਨਾਤੇ ਮੈਂ ਸ਼ਹਿਰ ਦੇ ਸੈਨੇਟਾਈਜੇਸ਼ਨ ਵਾਲਾ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਵੈਸੇ ਇਹ ਕੰਮ ਸਰਕਾਰਾਂ ਦੇ ਹੁੰਦੇ ਹਨ, ਪਰ ਪੰਜਾਬ ਦੀ ਕੈਪਟਨ ਸਰਕਾਰ ਇਹਨਾਂ ਕੰਮਾਂ ਵਿੱਚ ਅਸਫਲ ਰਹੀ ਹੈ।
ਸਿਆਸੀ ਪੰਡਤਾਂ ਦੀ ਮੰਨੀ ਜਾਵੇ ਤਾਂ ਡਾਕਟਰ ਰਮਨਦੀਪ ਸਿੰਘ ਦੀਆਂ ਪਿਛਲੇ ਕੁੱਝ ਮਹੀਨਿਆਂ ਦੀਆਂ ਗਤੀਵਿਧੀਆਂ ਜੈਤੋ ਵਿਧਾਨ ਸਭਾ ਹਲਕੇ ਤੋਂ ਆਪ ਦੀ ਟਿਕਟ ਦੇ ਸਾਰੇ ਦਾਅਵੇਦਾਰਾਂ ਵਿੱਚ ਸਭ ਤੋਂ ਤੇਜ ਹਨ। ਡਾ. ਰਮਨਦੀਪ ਲੋਕਲ ਅਤੇ ਕੌਮੀ ਮੁੱਦਿਆਂ ਉੱਪਰ ਬਿਨਾਂ ਸਮਾਂ ਗਵਾਇਆਂ ਕੰਮ ਕਰ ਰਹੇ ਹਨ ਅਤੇ ਇਸ ਕਰਕੇ ਉਹਨਾਂ ਦੀ ਟਿਕਟ ਦੀ ਦਾਅਵੇਦਾਰੀ ਤਾਂ ਮਜਬੂਤ ਹੈ ਹੀ, ਨਾਲ ਹੀ ਜੇਕਰ ਆਮ ਆਦਮੀ ਪਾਰਟੀ ਡਾ. ਰਮਨਦੀਪ ਸਿੰਘ ਨੂੰ ਜੈਤੋ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੰਦੀ ਹੈ ਤਾਂ ਸੀਟ ਜਿੱਤਣ ਦੇ ਕਾਫੀ ਆਸਾਰ ਹਨ।
ਇਸ ਮੌਕੇ ਉਹਨਾਂ ਨਾਲ ਗੁਰੂ ਨਾਨਕ ਸੇਵਾ ਸੋਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਰੋੜੀਕਪੂਰਾ ਅਤੇ ਆਮ ਆਦਮੀ ਪਾਰਟੀ ਦੀ ਬਾਕੀ ਟੀਮ ਸ਼ਾਮਲ ਸੀ।