ਆਪ ਆਗੂ ਡਾ. ਰਮਨਦੀਪ ਸਿੰਘ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀਆਂ ਸਿਹਤ ਸੇਵਾਵਾਂ ਦਾ ਲਿਆ ਜਾਇਜ਼ਾ
ਮਨਿੰਦਰਜੀਤ ਸਿੱਧੂ
ਜੈਤੋ, 14 ਮਈ 2021 - ਜੈਤੋ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਡਾ. ਰਮਨਦੀਪ ਸਿੰਘ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲੋਕਾਂ ਨੂੰ ਆ ਰਹੀਆਂ ਸਿਹਤ ਸਹੂਲਤਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਦਾ ਦੌਰਾ ਕੀਤਾ। ਆਪਣੇ ਦੌਰੇ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਾ. ਰਮਨਦੀਪ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਲੋਕਾਂ ਦੀਆਂ ਸਮੱਸਿਆਵਾਂ ਆ ਰਹੀਆਂ ਸਨ ਕਿ ਹਸਪਤਾਲਾਂ ਵਿੱਚ ਆਕਸੀਜਨ ਅਤੇ ਹੋਰ ਸਹੂਲਤਾਂ ਦੀ ਕਮੀ ਦੇ ਚਲਦਿਆਂ ਮਰੀਜ ਖੱਜਲ ਖੁਆਰ ਹੋ ਰਹੇ ਹਨ।
ਉਹਨਾਂ ਕਿਹਾ ਕਿ ਇਸੇ ਕਰਕੇ ਪਾਰਟੀ ਦੇ ਹੋਰ ਸੀਨੀਅਰ ਲੀਡਰਾਂ ਸਮੇਤ ਮੈਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਦਾ ਦੌਰਾ ਕੀਤਾ ਅਤੇ ਜੋ ਸੱਚਾਈ ਸਾਹਮਣੇ ਆਈ ਉਹ ਇਹ ਹੈ ਕਿ ਉੱਥੇ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਅਤੇ ਆਕਸੀਜਨ ਪਲਾਂਟ ਵੀ ਵਧੀਆ ਕੰਮ ਕਰ ਰਿਹਾ ਹੈ।ਮੈਡੀਕਲ ਸਟਾਫ ਨਾਲ ਗੱਲਬਾਤ ਕਰਦਿਆਂ ਇਹ ਗੱਲ ਜਰੂਰ ਸਾਹਮਣੇ ਆਈ ਕਿ ਸਟਾਫ ਦੀ ਘਾਟ ਦੇ ਚਲਦਿਆਂ ਉੱਚ ਅਧਿਕਾਰੀ ਹੇਠਲੇ ਕਰਮਚਾਰੀਆਂ ਅਤੇ ਠੇਕਾ ਅਧਾਰਿਤ ਕਰਮਚਾਰੀਆਂ ਕੋਲੋਂ ਲੋੜੋਂ ਵੱਧ ਕੰਮ ਲੈ ਰਹੇ ਹਨ।ਇਸ ਸਭ ਦੇ ਚਲਦਿਆਂ ਸਿਹਤ ਸਹੂਲ਼ਤਾਂ ਦੇ ਗੁਣਾਤਮਕ ਪੱਧਰ ਵਿੱਚ ਕਾਫੀ ਗਿਰਾਵਟ ਆ ਚੁੱਕੀ ਹੈ।
ਇਹਨਾਂ ਸਾਰੀਆਂ ਖਾਮੀਆਂ ਸੰਬੰਧੀ ਉਹਨਾਂ ਵਾਈਸ ਚਾਂਸਲਰ ਉੱਪਰ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਐਡੇ ਵੱਡੇ ਪਦ ਉੱਪਰ ਬਿਰਾਜਮਾਨ ਹਨ ਤਾਂ ਇਹਨਾਂ ਸਮੱਸਿਆਵਾਂ ਬਾਰੇ ਪੜਤਾਲ ਕਰਵਾ ਕੇ ਠੋਸ ਕਦਮ ਚੁੱਕਣ ਅਤੇ ਸਟਾਫ ਦੀ ਘਾਟ ਦੀ ਪੂਰਤੀ ਲਈ ਪੰਜਾਬ ਸਰਕਾਰ ਨੂੰ ਲਿਖਣ ਅਤੇ ਜਲਦ ਹੀ ਭਰਤੀ ਕਰਕੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।