ਇਕ ਦਿਨ ਫਲੈਗ ਮਾਰਚ ਕਰ ਕੇ ਹੀ ਪੁਲਿਸ ਨੇ ਭਜਾ ਦਿੱਤਾ ਸੁਲਤਾਨਪੁਰ ਲੋਧੀ ਵਿਚੋਂ ਕੋਰੋਨਾ !
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 13 ਮਈ 2021 - ਬੀਤੇ ਦਿਨੀਂ ਸੁਲਤਾਨਪੁਰ ਲੋਧੀ ਵਿੱਚ ਕੋਰੋਨਾ ਮਾਮਲਿਆਂ ਦੀ ਵਧਦੀ ਗਿਣਤੀ ਨੂੰ ਦੇਖ ਪੁਲਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਇਕਦਮ ਚੌਕਸ ਹੋ ਗਿਆ ਸੀ। ਇਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੇ ਜਿੱਥੇ ਸੁਲਤਾਨਪੁਰ ਲੋਧੀ ਦੇ ਕੁਝ ਮੁਹੱਲਿਆਂ ਨੂੰ ਮਾਈਕਰੋ ਕੰਟੋਨਮੈਂਟ ਜ਼ੋਨ ਐਲਾਨ ਦਿੱਤਾ ਸੀ ਅਤੇ ਸ਼ਹਿਰ ਵਿੱਚ ਫਲੈਗ ਮਾਰਚ ਵੀ ਕੱਢਿਆ ਗਿਆ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਪੁਲਸ ਪ੍ਰਸ਼ਾਸਨ ਦੀ ਇਹ ਕਾਰਵਾਈ ਸਿਰਫ ਖਾਨਾਪੂਰਤੀ ਤੱਕ ਹੀ ਸੀਮਤ ਸੀ। ਸੁਲਤਾਨਪੁਰ ਲੋਧੀ ਦੇ ਮੌਜੂਦਾ ਹਾਲਾਤ ਇਹ ਹਨ ਕਿ ਐਲਾਨੇ ਗਏ ਕੰਟੋਨਮੈਂਟ ਜ਼ੋਨਾਂ ਵਿਚੋਂ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਗਾਇਬ ਹੈ। ਉਸ ਦਿਨ ਤੋਂ ਬਾਅਦ ਬੈਰੀਕੇਟ ਲਗਾ ਕੇ ਸੀਲ ਕੀਤੇ ਗਏ ਸੁਲਤਾਨਪੁਰ ਲੋਧੀ ਦੇ ਦੋ ਮੁਹੱਲਿਆਂ ਵਿੱਚ ਵੀ ਸਿਰਫ਼ ਬੈਰੀਕੇਡ ਹੀ ਨਜ਼ਰ ਆ ਰਹੇ ਹਨ ਕੋਈ ਪੁਲੀਸ ਅਧਿਕਾਰੀ ਜਾਂ ਪੁਲੀਸ ਕਰਮੀ ਨਜ਼ਰ ਨਹੀਂ ਆ ਰਿਹਾ ।
ਮੁਹੱਲਾ ਅਰੋੜਾ ਰਸਤਾ ਨਿਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਖਾਨਾਪੂਰਤੀ ਲਈ ਇਕ ਗੇੜਾ ਹੀ ਮਾਰਨ ਆਉਂਦੀ ਹੈ ਪਰ ਪੱਕੇ ਤੌਰ ‘ਤੇ ਕੋਈ ਵੀ ਪੁਲਿਸ ਕਰਮੀ ਇੱਥੇ ਮੌਜੂਦ ਨਹੀਂ ਹੈ। ਇਸ ਸਭ ਨੂੰ ਦੇਖ ਲੋਕ ਕਾਫ਼ੀ ਡਰੇ ਹੋਏ ਹਨ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਕਤ ਸੀਲ ਕੀਤੇ ਮੁਹੱਲਿਆਂ ਦੀ ਸੁਰੱਖਿਆ ਰੱਬ ਆਸਰੇ ਹੈ। ਆਪਣਾ ਨਾਂਅ ਨਾ ਦੱਸਣ ਦੀ ਸ਼ਰਤ ‘ਤੇ ਇਕ ਮੁਹੱਲਾ ਨਿਵਾਸੀ ਨੇ ਦੱਸਿਆ ਕਿ ਉਕਤ ਆਇਸੋਲੇਟ ਕੀਤੇ ਗਏ ਮੁਹੱਲੇ ਵਿਚੋਂ ਕੁਝ ਵਿਅਕਤੀ ਘਰਾਂ ‘ਚੋਂ ਬਾਹਰ ਵੀ ਜਾਂਦੇ ਹਨ ਜੋ ਕਿ ਸਿੱਧੇ ਤੌਰ ‘ਤੇ ਖ਼ਤਰੇ ਦੀ ਘੰਟੀ ਹੈ। ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਇਸ ਅਣਗਹਿਲੀ ਉੱਤੇ ਵਿਅੰਗ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪੁਲਸ ਪ੍ਰਸ਼ਾਸਨ ਨੇ ਇਕ ਦਿਨ ਦਾ ਫਲੈਗ ਮਾਰਚ ਕੱਢ ਕੇ ਹੀ ਸੁਲਤਾਨਪੁਰ ਲੋਧੀ ਚੋਂ ਕੋਰੋਨਾ ਵਾਇਰਸ ਨੂੰ ਭਜਾ ਦਿੱਤਾ ਹੈ।
ਇਸ ਸਬੰਧੀ ਸੁਲਤਾਨਪੁਰ ਲੋਧੀ ਦੇ ਐਸ.ਐਮ.ਓ. ਡਾ. ਰਵਿੰਦਰਪਾਲ ਸ਼ੁੱਭ ਨੇ ਦੱਸਿਆ ਕਿ ਉਕਤ ਆਈਸੋਲੇਟ ਕੀਤੇ ਗਏ ਮੁਹੱਲਿਆਂ ਵਿਚ ਸਾਡੀ ਟੀਮ ਲਗਾਤਾਰ ਜਾ ਰਹੀ ਹੈ ਤੇ ਕੋਰੋਨਾ ਪੀੜਤ ਰੋਗੀਆਂ ਦਾ ਪੂਰਾ ਖ਼ਿਆਲ ਰੱਖ ਰਹੀ ਹੈ। ਇਸ ਸਬੰਧ ਵਿਚ ਐਸ.ਡੀ.ਐਮ. ਸੁਲਤਾਨਪੁਰ ਲੋਧੀ ਡਾ: ਚਾਰੂਮਿਤਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਐਸ.ਐਚ.ਓ. ਸੁਲਤਾਨਪੁਰ ਲੋਧੀ ਹਰਜੀਤ ਸਿੰਘ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਉਕਤ ਮੁਹੱਲਿਆਂ ਵਿਚ ਪੁਲਿਸ ਪ੍ਰਬੰਧ ਕੀਤੇ ਗਏ ਹਨ। ਜਦੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਉਕਤ ਇੱਕ ਮੁਹੱਲੇ ਵਿਚ ਕੋਈ ਵੀ ਪੁਲਿਸ ਕਰਮਚਾਰੀ ਪਿਛਲੇ ਤਿੰਨ ਦਿਨਾਂ ਤੋਂ ਨਜ਼ਰ ਨਹੀਂ ਆ ਰਿਹਾ ਤਾਂ ਉਨ੍ਹਾਂ ਕਿਹਾ ਕਿ ਹੁਣੇ ਪਤਾ ਕਰਵਾ ਕੇ ਬਣਦੀ ਕਾਰਵਾਈ ਕਰਦੇ ਹਾਂ।