ਉਸਾਰੀ ਕਾਮਿਆਂ ਦੇ ਟੀਕਾਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ‘ਵਟਸ ਐਪ ਹੈਲਪਲਾਇਨ’ ਨੰਬਰ ਜਾਰੀ
ਬਲਵਿੰਦਰ ਸਿੰਘ ਧਾਲੀਵਾਲ
- ਨਿਰਮਾਣ ਠੇਕੇਦਾਰਾਂ ਨੂੰ ਕਾਮਿਆਂ ਸਬੰਧੀ ਵੇਰਵੇ ਭੇਜਣ ਦੇ ਹੁਕਮ
ਸੁਲਤਾਨਪੁਰ ਲੋਧੀ, 16 ਮਈ 2021 - ਕਪੂਰਥਲਾ ਜਿਲ੍ਹੇ ਅੰਦਰ ਉਸਾਰੀ ਕਾਮਿਆਂ ਦੇ ਤੇਜੀ ਨਾਲ ਟੀਕਾਕਰਨ ਨੂੰ ਮੁਕੰਮਲ ਕਰਕੇ ਕੰਸਟਰਕਸ਼ਨ ਉਦਯੋਗ ਨਾਲ ਜੁੜੇ ਕੰਮਾਂ ਦੀ ਰਫਤਾਰ ਨੂੰ ਤੇਜ ਕਰਨ ਦੇ ਮਕਸਦ ਨਾਲ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਇਕ ‘ਵਟਸਐਪ ਹੈਲਪਲਾਇਨ 88400-35192 ’ ਨੰਬਰ ਜਾਰੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਨੰਬਰ ਰਾਹੀਂ ਉਸਾਰੀ, ਨਿਰਮਾਣ, ਭੱਠਿਆਂ ਆਦਿ ਉੱਪਰ ਕੰਮ ਕਰ ਰਹੇ ਮਜ਼ਦੂਰਾਂ ਦਾ ਡਾਟਾ ਬੇਸ ਤਿਆਰ ਕਰਕੇ ਉਨ੍ਹਾਂ ਦਾ ਟੀਕਾਕਰਨ ਤੇਜੀ ਨਾਲ ਕੀਤਾ ਜਾਵੇਗਾ। ਇਸ ਨਾਲ ਨਾ ਸਿਰਫ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ ਸਗੋਂ ਸਮਾਜ ਦੇ ਕਮਜ਼ੋਰ ਤਬਕੇ ਦੇ ਲੋਕਾਂ ਦਾ ਕੰਮਕਾਰ ਵੀ ਪ੍ਰਭਾਵਿਤ ਨਹੀਂ ਹੋਵੇਗਾ।
ਉਨ੍ਹਾਂ ਦੱਸਿਆ ਕਿ ਨਿਰਮਾਣ ਖੇਤਰ ਵਿਚ ਲੱਗੇ ਠੇਕੇਦਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਉਪਰੋਕਤ ਹੈਲਪਲਾਇਨ ਉੱਪਰ ਨਿਰਮਾਣ ਕਾਰਜ ਵਾਲੇ ਸਥਾਨ, ਟੀਕਾਕਰਨ ਲਈ ਉਪਲਬਧ ਮਜ਼ਦੂਰਾਂ (ਉਮਰ 18 ਤੋਂ 44 ਵਿਚਕਾਰ) ਤੇ ਸੰਪਰਕ ਕੀਤੇ ਜਾਣ ਵਾਲੇ ਵਿਅਕਤੀ ਦਾ ਨਾਮ ਤੇ ਮੋਬਾਇਲ ਨੰਬਰ ਭੇਜਣ।
ਉਨ੍ਹਾਂ ਉਦਯੋਗ ਵਿਭਾਗ ਤੇ ਕੰਸਟਰਕਸ਼ਨ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਟੀਕਾਕਰਨ ਲਈ ਯੋਗ ਉਸਾਰੀ ਕਾਮਿਆਂ ਨੂੰ ਵੈਕਸੀਨ ਜ਼ਰੂਰ ਲੱਗੇ ਤਾਂ ਜੋ ਮਹਾਂਮਾਰੀ ਨੂੰ ਰੋਕਣ ਵਿਚ ਸਹਾਇਤਾ ਮਿਲ ਸਕੇ।