ਐਸ ਜੀ ਪੀ ਸੀ ਵੱਲੋਂ ਰੂਪਨਗਰ ਵਿਖੇ 25 ਬੈਡਾਂ ਦੇ ਕੋਰੋਨਾ ਕੇਅਰ ਸੈਂਟਰ ਦੀ ਸ਼ੁਰੂਆਤ
ਹਰੀਸ਼ ਕਾਲੜਾ
- ਮੁੱਖ ਮੰਤਰੀ ਕੋਰੋਨਾ ਕਾਰਨ ਸਮਾਜ ਦੇ ਸਭ ਤੋਂ ਪ੍ਰਭਾਵਤ ਵਿਅਕਤੀਆਂ ਦੇ ਬਿਜਲੀ ਬਿੱਲ ਮੁਆਫ ਕਰਨ ਅਤੇ ਵਿੱਤੀ ਪੈਕਜ ਦੇਣ : ਸੁਖਬੀਰ ਸਿੰਘ ਬਾਦਲ
ਰੂਪਨਗਰ, 23 ਮਈ 2021: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਦੀਆਂ ਤਕਲੀਫਾਂ ਤੋਂ ਅਣਜਾਣ ਹਨ ਅਤੇ ਉਹਨਾਂ ਨੂੰ ਅਗਲੇ ਛੇ ਮਹੀਨਿਆਂ ਦੇ ਬਿਜਲੀ ਤੇ ਪਾਣੀ ਦੇ ਬਿੱਲ ਮੁਆਫ ਕਰ ਕੇ ਕੋਈ ਵੀ ਰਾਹਤ ਦੇਣ ਜਾਂ ਮੁਹਾਰਤੀ ਵਰਕਰਾਂ, ਛੋਟੇ ਦੁਕਾਨਦਾਰਾਂ ਅਤੇ ਟੈਕਸੀ, ਆਟੋ ਤੇ ਰਿਕਸ਼ਾ ਚਾਲਕਾਂ ਨੂੰ ਕੋਈ ਵੀ ਵਿਆਪਕ ਰਾਹਤ ਪੈਕੇਜ ਤੋਂ ਇਨਕਾਰੀ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅੱਜ ਇਥੇ ਸ਼੍ਰੋਮਣੀ ਕਮੇਟੀ ਵੱਲੋਂ ਆਕਸੀਜ਼ਨ ਕੰਸੈਂਟ੍ਰੇਟਰਾਂ ਨਾਲ ਲੈਸ 25 ਬੈਡਾਂ ਦੇ ਕੋਰੋਨਾ ਕੇਅਰ ਸੈਂਟਰ ਦਾ ਉਦਘਾਟਨ ਕਰਨ ਆਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿਘ ਚੀਮਾ ਵੀ ਇਸ ਮੌਕੇ ਹਾਜ਼ਰ ਸਨ। ਡਾ. ਚੀਮਾ ਨੇ ਦੱਸਿਆ ਕਿ ਸਥਾਨਕ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਸ਼ਾਖ਼ਾ ਨੇ ਵੀ ਕੋਰੋਨਾ ਕੇਅਰ ਸੈਂਟਰ ਵਿਚ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ।
ਕਾਂਗਰਸ ਸਰਕਾਰ ਵੱਲੋਂ ਕੋਰੋਨਾ ਸੰਕਟ ਨਾਲ ਨਜਿੱਠਣ ਦੇ ਤਰੀਕਿਆਂ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਰੋਨਾ ਨਾਲ ਨਜਿੱਠਣ ਦੀ ਬਜਾਏ ਸਿਖਰਲੀ ਕੁਰਸੀ ਵਾਸਤੇ ਲੜਾਈ ਵਿਚ ਰੁੱਝੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਨੂੰ ਅਪੀਲ ਕਰ ਰਿਹਾ ਹੈ ਕਿ ਲਗਾਤਾਰ ਵਧਾਏ ਜਾ ਰਹੇ ਲਾਕ ਡਾਊਨ ਦੇ ਕਾਰਨ ਜਿਹੜੇ ਲੋਕਾਂ ਨੂੰ ਸਭ ਤੋਂ ਵੱਧ ਮਾਰ ਪਏ ਹਨ, ਉਹਨਾਂ ਨੂੰ ਕੁਝ ਰਾਹਤ ਦਿੱਤੀ ਜਾਵੇ ਪਰ ਅਜਿਹਾ ਜਾਪਦਾ ਹੈ ਕਿ ਅਸੀਂ ਪੱਥਰਾਂ ਨਾਲ ਗੱਲ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸਰਕਾਰ ਸਿਹਤ ਸੰਭਾਲ ਮੁਹਾਜ਼ 'ਤੇ ਆਪਣਾ ਕੰਮ ਕਰਨ ਵਿਚ ਨਾਕਾਮ ਰਹੀ ਹੈ ਭਾਵੇਂ ਕਿ ਸੂਬੇ ਵਿਚ ਮੌਤ ਦਰ ਦੇਸ਼ ਵਿਚ ਸਭ ਨਾਲੋਂ ਜ਼ਿਆਦਾ ਹੈ ਤੇ ਪਿਛਲੇ ਇਕ ਮਹੀਨੇ ਵਿਚ ਹੀ 3 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ ਤੇ ਹੁਣ ਸੂਬੇ ਵਿਚ 13 ਹਜ਼ਾਰ ਲੋਕ ਜਾਨ ਗੁਆ ਚੁੱਕੇ ਹਨ।
ਉਹਨਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਅੱਗੇ ਆਉਣ ਵਾਸਤੇ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਮੁਫਤ ਮੈਡੀਕਲ ਇਲਾਜ ਕਰਵਾਉਣ ਲਈ ਉਤਸ਼ਾਹਿਤ ਕਰਨ ਵਿਚ ਨਾਕਾਮ ਰਹੀ ਹੈ ਤੇ ਸਰਕਾਰੀ ਸੈਕਟਰ ਵਿਚ ਉਪਲਬਧ ਸਹੂਲਤਾਂ ਕਾਫੀ ਨਹੀਂ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਸ਼੍ਰੋਮਣੀ ਕਮੇਟੀ ਵੱਲੋਂ ਸੱਤ ਥਾਵਾਂ 'ਤੇ ਬਣਾਏ ਗਏ ਕੋਰੋਨਾ ਕੇਅਰ ਸੈਂਟਾਂ ਦੀ ਤਰਜ਼ 'ਤੇ ਬਲਾਕ ਪੱਧਰ 'ਤੇ ਅਜਿਹੇ ਕੋਰੋਨਾ ਕੇਅਰ ਸੈਂਟਰ ਸਥਾਪਿਤ ਕਰਨ ਦੀਆਂ ਸਾਡੀਆਂ ਅਪੀਲਾਂ ਬੋਲੇ ਕੰਨਾਂ 'ਤੇ ਪਈਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਵੱਲੋਂ ਏਮਜ਼ ਬਠਿੰਡਾ ਵਿਖੇ 50 ਕੰਸੰਟ੍ਰੇਟਰ ਦੇ ਕੇ ਸੰਸਥਾ ਵਿਚ ਕੋਰੋਨਾ ਸੰਭਾਲ ਸਹੂਲਤਾਂ ਵਿਚ ਵਾਧਾ ਕਰਨ ਲਈ ਸਹਿਯੋਗ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਨੂੰ ਉਹਨਾਂ ਦੇ ਦਰਾਂ 'ਤੇ ਆਕਸੀਜ਼ਨ ਕੰਸੈਂਟ੍ਰੇਟਰ ਦੇਣ ਦੀ ਸੇਵਾ ਬਠਿੰਡਾ ਤੇ ਮਾਨਸਾ ਵਿਚ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪਾਰਟੀ ਨੇ 300 ਕੰਸੈਂਟ੍ਰੇਟਰਾਂ ਦਾ ਪ੍ਰਬੰਧ ਕੀਤਾ ਹੈ ਤੇ ਇਹ ਹੋਰ ਸ਼ਹਿਰਾਂ ਵਿਚ ਲੋਕਾਂ ਦੀ ਸਹੂਲਤਾਂ ਵਾਸਤੇ ਛੇਤੀ ਹੀ ਦਿੱਤੇ ਜਾਣਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਕੋਰੋਨਾ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ 65 ਹਲਕਿਆਂ ਵਿਚ ਮੁਫਤ ਲੰਗਰ ਸੇਵਾ ਸ਼ੁਰੂ ਹੋ ਚੁੱਕੀ ਹੈ ਤੇ ਉਹਨਾਂ ਇਸ ਪਹਿਲਕਦਮੀ ਲਈ ਡਾ. ਦਲਜੀਤ ਸਿੰਘ ਚੀਮਾ ਵੀ ਸ਼ਲਾਘਾ ਵੀ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਕੋਰੋਨਾ ਦਾ ਸ਼ਿਕਾਰ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਮੈਡੀਕਲ ਸਲਾਹ ਲੈਣ ਅਤੇ ਇਲਾਜ ਵਿਚ ਦੇਰੀ ਨਾ ਕਰਨ ਕਿਉਂਕਿ ਅਜਿਹਾ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੁੰ ਸੰਯੁਕਤ ਕਿਸਾਨ ਮੋਰਚੇ ਨਾਲ ਗੱਲਬਾਤ ਲਈ ਸ਼ਰਤਾਂ ਨਹੀਂ ਲਾਉਣੀਆਂ ਚਾਹੀਦੀਆਂ ਜਿਵੇਂ ਕਿ ਕੇਂਦਰੀ ਖੇਤੀਬਾੜੀ ਮੰਤਰੀ ਲਗਾ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਟੁੱਟੀ ਨੂੰ ਚਾਰ ਮਹੀਨੇ ਤੋਂ ਵੱਧ ਸਮਾਂ ਲੰਘ ਗਿਆ ਹੈ। ਉਹਨਾਂ ਕਿਹਾ ਕਿ ਵਿਖਾਵਾਕਾਰੀਆਂ ਨਾਲ ਗੰਭੀਰ ਗੱਲਬਾਤ ਕਰਨ ਦੀ ਕਾਂ ਉਹਨਾਂ ਦੀ ਇੱਛਾ ਸ਼ਕਤੀ ਖਤਮ ਕਰਨ ਦੇ ਇਹ ਯਤਨ ਸਿਹਤਮੰਦ ਲੋਕਤੰਤਰ ਵਿਚ ਠੀਕ ਨਹੀਂ ਹਨ। ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨ ਤਾਂ ਜੋ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਫੌਰੀ ਹੱਲ ਨਿਕਲ ਸਕੇ।