ਐਸ.ਏ.ਐਸ.ਨਗਰ ਪੁਲਿਸ ਵੱਲੋਂ ਅਰੰਭੀ ਸੀਨੀਅਰ ਸਿਟੀਜ਼ਨਜ਼ ਕੋਵਿਡ ਹੈਲਪਲਾਈਨ ਨੂੰ ਮਿਲਿਆ ਭਰਵਾਂ ਹੁੰਗਾਰਾ
ਹਰਜਿੰਦਰ ਸਿੰਘ ਭੱਟੀ
- 40 ਬਜ਼ੁਰਗ ਨਾਗਰਿਕਾਂ ਨੇ ਲਿਆ ਸੇਵਾਵਾਂ ਦਾ ਲਾਭ ਪ੍ਰਾਪਤ ਕੀਤੀ
- ਕੋਵਿਡ-19 ਸਬੰਧੀ ਸਹਾਇਤਾ ਲਈ 9115516010 ਜਾਂ 0172-2219356 ਡਾਇਲ ਕਰੋ
ਐਸ.ਏ.ਐਸ.ਨਗਰ, 11 ਮਈ 2021 - ਐਸ.ਏ.ਐਸ.ਨਗਰ ਪੁਲਿਸ ਵੱਲੋਂ ਸ਼ੁਰੂ ਕੀਤੀ ਸੀਨੀਅਰ ਸਿਟੀਜ਼ਨਜ਼ ਕੋਵਿਡ ਹੈਲਪਲਾਈਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਪੁਲਿਸ ਵਿਭਾਗ ਦੇ ਬੁਲਾਰੇ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲਿਸ ਨੇ ਕੋਵਿਡ-19 ਮਹਾਂਮਾਰੀ ਸਮੇਂ ਬਜ਼ੁਰਗ ਨਾਗਰਿਕਾਂ ਦੀ ਸੇਵਾ ਲਈ ਇੱਕ ਸਮਰਪਿਤ ਹੈਲਪਲਾਈਨ ਨੰਬਰ 9115516010 ਅਤੇ 0172-2219356 ਦੀ ਸ਼ੁਰੂਆਤ ਕੀਤੀ ਸੀ। ਇਸ ਪਹਿਲਕਦਮੀ ਦਾ ਉਦੇਸ਼ ਇਸ ਜਾਨਲੇਵਾ ਵਾਇਰਸ ਦੇ ਜੋਖਮ ਨੂੰ ਘੱਟ ਕਰਕੇ ਉਨ੍ਹਾਂ ਬਜ਼ੁਰਗ ਨਾਗਰਿਕਾਂ ਦੀ ਸਿਹਤ ਦੀ ਰਾਖੀ ਕਰਨਾ ਹੈ ਜੋ ਮੁਹਾਲੀ ਸ਼ਹਿਰ ਵਿੱਚ ਇਕੱਲੇ, ਆਪਣੇ ਨਜ਼ਦੀਕੀ ਅਤੇ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿੰਦੇ ਹਨ।
ਕੋਵਿਡ-19 ਦੇ ਕੇਸਾਂ ਸਬੰਧੀ ਮੁਹਾਲੀ ਸ਼ਹਿਰ ਦੇ ਬਜ਼ੁਰਗ ਨਾਗਰਿਕਾਂ ਨੂੰ 24 ਘੰਟੇ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਟੀਕਾਕਰਨ ਲਈ ਮੁਫ਼ਤ ਆਵਾਜਾਈ ਅਤੇ ਨਾਲ ਹੀ ਡਾਕਟਰੀ ਅਤੇ ਜ਼ਰੂਰੀ ਸੇਵਾਵਾਂ ਉਹਨਾਂ ਦੇ ਘਰ ‘ਤੇ ਹੀ ਮੁਹੱਈਆ ਕਰਵਾਉਣ ਸ਼ਾਮਲ ਹੈ।
ਗੁਰਇਕਬਾਲ ਸਿੰਘ ਡੀਐਸਪੀ ਟ੍ਰੈਫਿਕ ਐਸ.ਏ.ਐੱਸ. ਨਗਰ (ਮੋਬਾਈਲ ਨੰਬਰ 9370600001) ਨੂੰ ਸੀਨੀਅਰ ਸਿਟੀਜ਼ਨ ਹੈਲਪਲਾਈਨ ਲਈ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 6 ਮਈ ਤੋਂ ਇਸ ਸੇਵਾ ਦੀ ਸ਼ੁਰੂਆਤ ਤੋਂ ਬਾਅਦ 40 ਸੀਨੀਅਰ ਸਿਟੀਜ਼ਨਜ਼ ਨੇ ਇਸ ਹੈਲਪਲਾਈਨ ਜ਼ਰੀਏ ਜ਼ਿਲ੍ਹਾ ਪੁਲਿਸ ਐਸ.ਏ.ਐੱਸ. ਨਗਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਮੁਫ਼ਤ ਟੀਕਾਕਰਨ ਰਾਈਡ ਸਹੂਲਤ ਦਾ ਲਾਭ ਲਿਆ ਹੈ।