ਐਸ.ਏ.ਐਸ. ਨਗਰ ਵਿੱਚ ਦੋ ਡ੍ਰਾਇਵ-ਥਰੂ ਟੀਕਾਕਰਨ ਕੇਂਦਰਾਂ ਦੀ ਸ਼ੁਰੂਆਤ
ਹਰਜਿੰਦਰ ਸਿੰਘ ਭੱਟੀ
- ਪ੍ਰੀ-ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ
- ਆਪਣੀ ਕਾਰ ਵਿੱਚ ਆਰਾਮ ਨਾਲ ਲਗਵਾਓ ਟੀਕਾ
ਐਸ.ਏ.ਐਸ. ਨਗਰ, ਮਈ 12, 2021 - ਵੱਧ ਤੋਂ ਵੱਧ ਕੋਵਿਡ-19 ਟੀਕਾਕਰਣ ਸਹੂਲਤ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਡ੍ਰਾਇਵ-ਥਰੂ ਟੀਕਾਕਰਨ ਕੇਂਦਰ ਸਥਾਪਤ ਕੀਤੇ ਗਏ ਹਨ।
ਵੇਰਵੇ ਸਾਂਝੇ ਕਰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਦਾ ਇਕੋ ਇਕ ਸਾਧਨ ਟੀਕਾਕਰਨ ਹੈ। ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਟੀਕਾਕਰਨ ਸਹੂਲਤ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਾਰੇ ਜ਼ਿਲ੍ਹਾ ਅਤੇ ਸਬ-ਡਵੀਜ਼ਨਲ ਹਸਪਤਾਲਾਂ ਵਿਚ ਟੀਕਾਕਰਨ ਕੀਤਾ ਜਾ ਰਿਹਾ ਹੈ, ਵੱਡੀਆਂ ਸੰਸਥਾਵਾਂ ਲਈ ਆਨ-ਸਾਇਟ ਟੀਕਾਕਰਨ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਨੂੰ ਕਵਰ ਕਰਨ ਲਈ ਆਊਟਰੀਚ ਕੈਂਪਾਂ ਰਾਹੀਂ ਟੀਕਾਕਰਨ ਸੁਵਿਧਾ ਮੁਹੱਈਆ ਕਰਵਾਈ ਗਈ ਹੈ।
ਜ਼ਿਲ੍ਹਾ ਪੁਲਿਸ ਟੀਕਾਕਰਨ ਵਾਲੀ ਜਗ੍ਹਾ ਲਈ ਸੀਨੀਅਰ ਸਿਟੀਜਨਜ਼ ਨੂੰ ਮੁਫ਼ਤ ਕੈਬ ਸੇਵਾ ਵੀ ਪ੍ਰਦਾਨ ਕਰ ਰਹੀ ਹੈ। ਸਾਨੂੰ ਅਹਿਸਾਸ ਹੋਇਆ ਕਿ ਟੀਕਾਕਰਨ ਲਈ ਹਸਪਤਾਲ ਵਿਚ ਇੰਤਜ਼ਾਰ ਕਰਨ ਦਾ ਵਿਚਾਰ ਕਈ ਲੋਕਾਂ ਦੇ ਦਿਲਾਂ ਵਿਚ ਹਸਪਤਾਲ ਦੇ ਅਹਾਤੇ ਵਿਚੋਂ ਵਾਇਰਸ ਦੇ ਫੈਲਾਅ ਦਾ ਡਰ/ ਸ਼ੰਕਾ ਹੁੰਦੀ ਹੈ। ਇਸ ਲਈ, ਜਿਹੜੇ ਲੋਕ ਹਸਪਤਾਲ ਵਿੱਚ ਟੀਕਾਕਰਨ ਨਹੀਂ ਕਰਬਾਉਣਾ ਚਾਹੁੰਦੇ, ਪਰ ਆਪਣੀਆਂ ਕਾਰਾਂ ਵਿੱਚ ਆਰਾਮ ਨਾਲ ਟੀਕਾਕਰਨ ਨੂੰ ਤਰਜੀਹ ਦਿੰਦੇ ਹਨ, ਉਹਨਾਂ ਲਈ ਅਸੀਂ ਡਰਾਈਵ-ਥਰੂ ਟੀਕਾਕਰਨ ਕੇਂਦਰ ਖੋਲ੍ਹ ਦਿੱਤੇ ਹਨ।
ਇਨ੍ਹਾਂ ਵਿਚੋਂ ਇਕ ਕੇਂਦਰ ਮੁਹਾਲੀ ਜ਼ਿਲ੍ਹਾ ਸਪੋਰਟਸ ਕੰਪਲੈਕਸ ਵਿਖੇ ਅਤੇ ਦੂਜਾ ਪਿਕਾਡੀਲੀਆ, ਮੁੱਲਾਂਪੁਰ ਵਿਖੇ ਸਥਿਤ ਹੈ।
ਲੋਕਾਂ ਨੂੰ ਆਪਣੀ ਅਤੇ ਦੂਜਿਆਂ ਦੀ ਰਾਖੀ ਲਈ ਜਲਦ ਤੋਂ ਜਲਦ ਟੀਕਾ ਲਗਵਾਉਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਕੇਂਦਰਾਂ ਵਿੱਚ, 45 ਸਾਲ ਤੋਂ ਵੱਧ ਉਮਰ ਵਰਗ, ਫਰੰਟ ਲਾਈਨ ਵਰਕਰਾਂ ਅਤੇ ਸਿਹਤ ਸੰਭਾਲ ਵਰਕਰਾਂ ਲਈ ਟੀਕਾਕਰਨ ਚੱਲ ਰਿਹਾ ਹੈ। ਇਥੇ ਟੀਕਾਕਰਨ ਦਾ ਸਮਾਂ ਸਵੇਰੇ 10 ਵਜੇ ਤੋਂ ਸਵੇਰੇ 4 ਵਜੇ ਤੱਕ ਹੈ। ਇਸ ਤੋਂ ਇਲਾਵਾ, ਡਰਾਈਵ-ਥਰੂ ਸੈਂਟਰਾਂ 'ਤੇ ਸਹੂਲਤ ਪ੍ਰਾਪਤ ਕਰਨ ਲਈ ਕਿਸੇ ਵੀ ਪ੍ਰੀ-ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੈ।
ਉਹਨਾਂ ਸੁਝਾਅ ਦਿੱਤਾ ਕਿ ਤੇਜ਼ ਪ੍ਰਕਿਰਿਆ ਲਈ ਆਪਣਾ ਨਾਮ, ਜਨਮ ਤਰੀਕ / ਉਮਰ, ਮੋਬਾਈਲ ਨੰਬਰ ਅਤੇ ਇੱਕ ਆਈ ਡੀ ਕਾਰਡ ਸਮੇਤ ਵੇਰਵੇ ਕੋਲ ਮੌਜੂਦ ਰੱਖਣੇ ਚਾਹੀਦੇ ਹਨ।
ਉਹਨਾਂ ਦੱਸਿਆ ਕਿ ਕਾਰ ਵਿੱਚ ਟੀਕਾ ਲਗਾਉਣ ਤੋਂ ਬਾਅਦ, ਟੀਕਾ ਲਗਵਾਉਣ ਵਾਲੇ ਵਿਅਕਤੀ ਨੂੰ ਨਿਰਧਾਰਤ ਨਿਗਰਾਨੀ ਲਈ ਈਅਰ-ਮਾਰਕਡ ਪਾਰਕਿੰਗ ਖੇਤਰ ਵਿੱਚ ਆਪਣੀ ਕਾਰ ਵਿੱਚ ਇੰਤਜ਼ਾਰ ਕਰਨਾ ਪਏਗਾ ਅਤੇ ਜ਼ਰੂਰਤ ਪੈਣ ‘ਤੇ ਡਾਕਟਰੀ ਸਹਾਇਤਾ ਲੈਣ ਲਈ ਹਾਰਨ ਮਾਰਨ ਦੀ ਜ਼ਰੂਰਤ ਹੋਵੇਗੀ।