ਕਪੂਰਥਲਾ: ਮਿਸ਼ਨ ਫਤਹਿ-2 ਤਹਿਤ ਇਕੋ ਦਿਨ ਵਿਚ ਹੀ ਲਗਭਗ 60,000 ਆਬਾਦੀ ਕਵਰ ਕੀਤੀ
ਬਲਵਿੰਦਰ ਸਿੰਘ ਧਾਲੀਵਾਲ
- 1556 ਨਮੂਨੇ ਇਕੱਤਰ ਕੀਤੇ
ਸੁਲਤਾਨਪੁਰ ਲੋਧੀ, 29 ਮਈ 2021 - ਕਪੂਰਥਲਾ ਜਿਲ੍ਹੇ ਵਿਚ ਮਿਸ਼ਨ ਫਤਹਿ-2 ਤਹਿਤ ਪਿੰਡਾਂ ਅੰਦਰ ਸੈਂਪਲਿੰਗ ਤੇ ਕੋਵਿਡ ਤੋਂ ਬਚਾਅ ਬਾਰੇ ਜਾਗਰੂਕਤਾ ਲਈ ਅੱਜ ਵੱਖ-ਵੱਖ ਪਿੰਡਾਂ ਦੀ 59554 ਆਬਾਦੀ ਨੂੰ ਕਵਰ ਕੀਤਾ ਗਿਆ, ਜਿਸ ਤਹਿਤ 1556 ਵਿਅਕਤੀਆਂ ਦੇ ਸੈਂਪਲ ਇਕੱਤਰ ਕੀਤੇ ਗਏ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲ੍ਹੇ ਅੰਦਰ ਕੁੱਲ 618 ਪਿੰਡਾਂ ਦੇ ਲੋਕਾਂ ਨੂੰ ਇਸ ਮਿਸ਼ਨ ਤਹਿਤ ਕਵਰ ਕੀਤਾ ਜਾਣਾ ਹੈ, ਜਿਸ ਲਈ ਹਰੇਕ ਸਿਹਤ ਬਲਾਕ ਅੰਦਰ ਵਿਸ਼ੇਸ਼ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੇ ਆਧਾਰ ’ਤੇ 50 ਹਜ਼ਾਰ ਤੋਂ ਜਿਆਦਾ ਦੀ ਆਬਾਦੀ ਨੂੰ ਕਵਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕੋਵਿਡ ਦੇ ਲੱਛਣ ਵਾਲੇ ਹਰੇਕ ਵਿਅਕਤੀ ਦਾ ਟੈਸਟ ਕੀਤਾ ਜਾ ਰਿਹਾ ਹੈ। ਨਾਲ ਹੀ ਲੋਕਾਂ ਨੂੰ ਛੇਤੀ ਟੈਸਟ ਕਰਵਾਉਣ ਤੇ ਬਾਕੀ ਕੋਵਿਡ ਨਿਯਮਾਂ ਦੀ ਪਾਲਣਾ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਅੱਜ 29 ਮਈ ਨੂੰ ਵਿਸ਼ੇਸ ਟੀਮਾਂ ਵਲੋਂ ਬਾਘੂਵਾਲ, ਅਕਬਰਪੁਰ, ਬੂਹ, ਭੰਡਾਲ ਬੇਟ, ਧਾਲੀਵਾਲ ਬੇਟ, ਬਿਜਲੀ ਨੰਗਲ, ਭੁੱਲਰ ਬੇਟ, ਸੈਫਲਾਬਾਦ, ਸੈਦੋਵਾਲ, ਮੰਡ ਸੋਗੰਜਲਾ, ਬੁੱਧੂਵਾਲ, ਬੁੱਢਾ ਥੇਹ, ਪੀਰੀਵਾਲ, ਨਵਾਂ ਪਿੰਡ ਭੱਠੇ, ਸ਼ਾਹਪੁਰ ਡੋਗਰਾ, ਦੇਸਲ, ਸੰਧਰ ਜਗੀਰ, ਸੁਖੀਆ ਨੰਗਲ, ਕਾਹਨਾ, ਡੋਗਰਾਂਵਾਲ, ਘੁੱਗ ਬੇਟ, ਦਾਰੇਵਾਲ, ਸਾਬੂਵਾਲ, ਬਿਧੀਪੁਰ, ਕਾਲਾ ਸੰਘਿਆਂ, ਖੋਜੇਵਾਲ, ਭੇਟੀਅਾਂ, ਵਡਾਲਾ, ਕੇਸਰਪੁਰ, ਭੁਲਾਣਾ, ਸਿਧਵਾਂ, ਇਬਰਾਹਿਮਵਾਲ, ਚੌਗਾਂਵਾਂ, ਫਤਹਿਪੁਰ, ਸਿਧਵਾਂ ਤੇ ਜੋਗਿੰਦਰ ਨਗਰ ਵਿਖੇ ਜਾ ਕੇ ਸੈਂਪਲ ਇਕੱਤਰ ਕੀਤੇ ਗਏ।
ਟੀਮਾਂ ਵਲੋਂ ਕੁੱਲ 1556 ਸੈਂਪਲ ਲਏ ਗਏ, ਜਿਸ ਵਿਚੋਂ 1416 ਨੈਗੇਟਿਵ ਅਤੇ 2 ਪਾਜੀਵਿਟ ਆਏ ਹਨ। ਬਾਕੀ ਦਾ ਨਤੀਜਾ ਅਜੇ ਬਾਕੀ ਹੈ।