ਕਰਫਿਊ ਦਾ ਸਮਾਂ ਹੁੰਦਿਆਂ ਹੀ ‘ਸਖਤ’ ਹੋ ਜਾਂਦੀ ਜੈਤੋ ਪੁਲਿਸ
ਮਨਿੰਦਰਜੀਤ ਸਿੱਧੂ
ਜੈਤੋ, 5 ਮਈ, 2021 - ਕੋਰੋਨਾ ਮਹਾਂਮਾਰੀ ਦਾ ਜਿਸ ਤਰ੍ਹਾਂ ਨਾਲ ਪ੍ਰਕੋਪ ਵੱਧ ਰਿਹਾ ਹੈ, ਮੌਤਾਂ ਦੀ ਗਿਣਤੀ ਵੱਧ ਰਹੀ, ਸਮੱਸਿਆਵਾਂ ਵੱਧ ਰਹੀਆਂ ਹਨ, ਉਸੇ ਤਰ੍ਹਾਂ ਹੀ ਸਮੇਂ ਸਮੇਂ ਉੱਪਰ ਸਰਕਾਰੀ ਗਾਈਡਲਾਈਨਜ਼ ਵਿੱਚ ਵੀ ਤਬਦੀਲੀਆਂ ਅਤੇ ਵਾਧੇ ਲਗਾਤਾਰ ਹੋ ਰਹੇ ਹਨ। ਅਜਿਹੀਆਂ ਹਾਲਤਾਂ ਵਿੱਚ ਸਿਵਲ ਪ੍ਰਸ਼ਾਸਨ ਨਾਲੋਂ ਪੁਲਿਸ ਪ੍ਰਸ਼ਾਸਨ ਉੱਪਰ ਕੰਮ ਦਾ ਬੋਝ ਜਿਆਦਾ ਵੱਧ ਜਾਂਦਾ ਹੈ ਅਤੇ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਨੂੰ ਹਰ ਕਦਮ ਫੂਕ ਫੂਕ ਕੇ ਰੱਖਣਾ ਪੈਂਦਾ ਹੈ।ਅਜਿਹੀਆਂ ਆਪਦਾ ਵਾਲੀਆਂ ਹਾਲਤਾਂ ਵਿੱਚ ਸਰਕਾਰੀ ਫੁਰਮਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੋਹਾਂ ਨੂੰ ਸਮਝਣ ਵਾਲੇ ਅਫ਼ਸਰ ਹੀ ਕਾਮਯਾਬੀ ਨਾਲ ਡਿਊਟੀ ਨਿਭਾਅ ਪਾਉਂਦੇ ਹਨ।
ਜੇਕਰ ਜੈਤੋ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦਾ ਪੁਲਿਸ ਤੰਤਰ ਸੂਰਜ ਦੀ ਚਮਕ ਮੱਠੀ ਪੈਣ ਦੇ ਨਾਲ ਹੀ ਖੁਦ ਚਮਕਣਾ ਸ਼ੁਰੂ ਕਰ ਦਿੰਦਾ ਹੈ ਅਤੇ ਕਰਫਿਊ ਦੌਰਾਨ ਬਿਨਾਂ ਕੰਮੋਂ ਬਾਹਰ ਨਿੱਕਲਣ ਵਾਲਿਆਂ ਨੂੰ ‘ਸੇਕ’ ਦੇਣਾ ਸ਼ੁਰੂ ਕਰ ਦਿੰਦਾ ਹੈ।ਅੱਜ ਸ਼ਾਮ ਹੁੰਦਿਆਂ ਹੀ ਜੈਤੋ ਥਾਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਰਾਜੇਸ਼ ਕੁਮਾਰ ਜੈਤੋ ਦੇ ਗੋਲ ਚੌਂਕ (ਚੌਂਕ ਨੰਬਰ 1) ਵਿੱਚ ਖੁਦ ਡੇਰਾ ਲਗਾਈ ਦਿਖਾਈ ਦਿੱਤੇ ਅਤੇ ਉੱਚੀ ਉੱਚੀ ਬੋਲ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਤਾਕੀਦ ਕਰ ਰਹੇ ਸਨ। ਐੱਸ.ਐੱਚ.ਓ ਦਾ ਕਹਿਣਾ ਸੀ ਕਿ ਹੁਣ ਕਰਫਿਊ ਲੱਗ ਚੁੱਕਾ ਹੈ, ਕਰਫਿਊ ਦੌਰਾਨ ਬਿਨਾਂ ਕਿਸੇ ਆਪਾਤਕਾਲੀਨ ਸਥਿਤੀ ਤੋਂ ਬਾਹਰ ਨਿਕਲਣਾ ਵਰਜਿਤ ਹੈ।
ਇਸ ਮੌਕੇ ਬਿਨਾਂ ਕੰਮ ਤੋਂ ਗਲੀਆਂ ਵਿੱਚ ਘੁੰਮਣ ਵਾਲੇ ਕੁੱਝ ਸ਼ਹਿਰੀਆਂ ਨੂੰ ਐੱਸ.ਐੱਚ.ਓ ਨੇ ਸੱਭਿਅਕ ਭਾਸ਼ਾ ਵਿੱਚ ਝਾੜ ਵੀ ਪਾਈ ਅਤੇ ਆਪਣੀ ਅਤੇ ਆਪਣੇ ਬੱਚਿਆਂ ਦੀ ਜਾਨ ਬਚਾਉਣ ਦਾ ਵਾਸਤਾ ਪਾ ਘਰੇ ਰਹਿਣ ਲਈ ਕਿਹਾ। ਉਹਨਾਂ ਲੋਕਾਂ ਨੂੰ ਪੰਜਾਬ ਵਿੱਚ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਦੇ ਖੌਫਨਾਕ ਮੰਜ਼ਰ ਤੋਂ ਵੀ ਜਾਣੂ ਕਰਵਾਇਆ ਅਤੇ ਪੁਲਿਸ ਦਾ ਸਾਥ ਦੇਣ ਦੇ ਸਹਿਯੋਗ ਦੀ ਮੰਗ ਕੀਤੀ।