ਕਰੋਨਾ ਯੋਧਿਆਂ ਨੂੰ ਫ਼ਲਾਂ ਦੀਆਂ ਟੋਕਰੀਆਂ ਭੇਂਟ ਕਰਕੇ ਕੀਤਾ ਸਲੂਟ
ਅਸ਼ੋਕ ਵਰਮਾ
ਬਠਿੰਡਾ, 26 ਮਈ 2021: ਕੋਰੋਨਾ ਕਾਲ ਦੇ ਇਸ ਕਹਿਰ ’ਚ ਜਦੋਂ ਹਰ ਕੋਈ ਕੋਰੋਨਾ ਤੋਂ ਬਚਣ ਲਈ ਆਪਣੇ ਘਰਾਂ ’ਚ ਕੈਦ ਹੈ ਤਾਂ ਠੀਕ ਉਸ ਵੇਲੇ ਲੋਕਾਂ ਦੀ ਜਾਨ ਦੀ ਰਾਖੀ ਲਈ ਸਖਤ ਡਿਊਟੀ ਨਿਭਾ ਰਹੇ ਡਾਕਟਰਾਂ, ਹਸਪਤਾਲਾਂ ਦਾ ਬਾਕੀ ਸਟਾਫ, ਐਂਬੂਲੈਂਸ ਦੇ ਡਰਾਈਵਰਾਂ ਤੇ ਪੁਲਿਸ ਮੁਲਾਜ਼ਮਾਂ ਦੀ ਹੌਂਸਲਾ ਅਫਜ਼ਾਈ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਉਨ੍ਹਾਂ ਨੂੰ ਧੰਨਵਾਦੀ ਸਲਿਊਟ ਕਰਨ ਦੇ ਨਾਲ-ਨਾਲ ਫ਼ਲਾਂ ਦੀਆਂ ਟੋਕਰੀਆਂ ਭੇਂਟ ਕਰਨ ਦੇ ਪ੍ਰੋਗਰਾਮ ਤਹਿਤ ਬਲਾਕ ਬਠਿੰਡਾ ਦੇ ਡੇਰਾ ਸ਼ਰਧਾਲੂਆਂ ਨੇ ਅੱਜ ਬਠਿੰਡਾ ’ਚ ਦੂਜੇ ਗੇੜ ਤਹਿਤ ਵੱਖ-ਵੱਖ ਹਸਪਤਾਲਾਂ ਅਤੇ ਥਾਣਿਆਂ ’ਚ 490 ਦੇ ਕਰੀਬ ਕਰੋਨਾ ਯੋਧਿਆਂ ਨੂੰ ਫ਼ਲਾਂ ਦੀਆਂ ਟੋਕਰੀਆਂ ਭੇਂਟ ਕਰਨ ਉਪਰੰਤ ਸਲਿਊਟ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ।
ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਸਾਡਾ ਮੈਡੀਕਲ, ਪੈਰਾ ਮੈਡੀਕਲ ਸਟਾਫ ਜੋ ਪਿਛਲੇ ਸਾਲ ਤੋਂ ਕਰੋਨਾ ਮਹਮਾਰੀ ’ਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਸਨਮਾਨਿਤ ਕਰਨ ਨਾਲ ਉਨ੍ਹਾਂ ਦਾ ਹੌਂਸਲਾ ਵਧੇਗਾ ਅਤੇ ਉਹ ਆਪਣੀਆਂ ਸੇਵਾਵਾਂ ਹੋਰ ਵਧੀਆ ਤਰੀਕੇ ਨਾਲ ਦੇਣਗੇ। ਉਨ੍ਹਾਂ ਕਿਹਾ ਕਿ ਕਰੋਨਾ ਅਜੇ ਖ਼ਤਮ ਨਹੀਂ ਹੋਇਆ ਅਤੇ ਤੀਜੀ ਲਹਿਰ ਬਾਰੇ ਵੀ ਕਿਹਾ ਜਾ ਰਿਹਾ ਹੈ ਵਰਕਰਾਂ ਦਾ ਹੌਂਸਲਾ ਅਫ਼ਜਾਈ ਉਨ੍ਹਾਂ ’ਚ ਜੋਸ਼ ਭਰਦੀ ਹੈ। ਇਸ ਮੌਕੇ ਸਿਵਲ ਹਸਪਤਾਲ ਦੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਚੰਦਰ ਪ੍ਰਕਾਸ਼ ਨੇ ਵੀ ਸੇਵਾਦਾਰਾਂ ਦੀ ਸ਼ਲਾਘਾ ਕੀਤੀ। ਥਾਨਾ ਕੈਨਾਲ ਕਲੋਨੀ ਸਮੇਤ ਵੀ ਸੇਵਾਦਾਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਅਤੇ ਕਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ 45 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ ਅਤੇ ਜਸਵੰਤ ਸਿੰਘ ਇੰਸਾਂ ਨੇ ਦੱਸਿਆ ਕਿ ਅੱਜ ਸੇਵਾਦਾਰਾਂ ਨੇ ਕਰੋਨਾ ਯੋਧਿਆਂ ਨੂੰ ਫ਼ਲਾਂ ਦੀ ਕਿੱਟ (ਮੌਸਮੀ, ਨਿੰਬੂ, ਅਨਾਰ, ਅੰਬ) ਅਤੇ ਈਮੂਬੂਸਟ (ਐਮਐਸਜੀ ਕਾੜ੍ਹਾ) ਭੇਂਟ ਕੀਤਾ ਹੈ। ਇਨ੍ਹਾਂ ਸੇਵਾਦਾਰਾਂ ਨੇ ਸਰਕਾਰ ਵਲੋਂ ਜਾਰੀ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਅੱਜ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦਿਨ-ਬ-ਦਿਨ ਭਿਆਨਕ ਰੂਪ ਧਾਰ ਰਹੀ ਹੈ ਸਰਕਾਰ ਰੋਜ਼ਾਨਾ ਸਾਡੀ ਸਿਹਤ ਦੀ ਪ੍ਰਵਾਹ ਕਰਦਿਆਂ ਕਰੋਨਾ ਯੋਧੇ ਆਪਣਾ ਫਰਜ਼ ਨਿਭਾ ਰਹੇ ਹਨ ਇਸ ਲਈ ਸਾਡਾ ਸਭਨਾਂ ਦਾ ਵੀ ਫ਼ਰਜ ਬਣਦਾ ਹੈ ਕਿ ਅਸੀਂ ਵੀ ਇਨ੍ਹਾਂ ਅਤੇ ਸਰਕਾਰ ਦਾ ਸਾਥ ਦੇਈਏ ਤਾਂ ਕਿ ਇਸ ਮਹਾਂਮਾਰੀ ਤੋਂ ਆਪਣੇ ਆਪ ਅਤੇ ਸਮਾਜ ਨੂੰ ਸੁਰੱਖਿਅਤ ਰੱਖ ਸਕੀਏ ।