ਕਿਸਾਨ ਮੋਰਚੇ ਦੇ ਸੱਦੇ 'ਤੇ ਲਾਕਡਾਊਨ ਵਿਰੁੱਧ 87 ਸ਼ਹਿਰਾਂ 'ਚ ਰੋਸ ਪ੍ਰਦਰਸ਼ਨ
ਅਸ਼ੋਕ ਵਰਮਾ
ਚੰਡੀਗੜ੍ਹ, 8 ਮਈ 2021 - ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਵੱਲੋਂ ਕਰੋਨਾ ਤੋਂ ਬਚਾਅ ਲਈ ਪੁਖਤਾ ਪ੍ਰਬੰਧ ਕਰਨ ਦੀ ਥਾਂ ਦੁਕਾਨਦਾਰਾਂ ਤੇ ਆਮ ਲੋਕਾਂ ਉੱਤੇ ਮੜ੍ਹੀਆਂ ਸਖ਼ਤ ਪਾਬੰਦੀਆਂ ਵਿਰੁੱਧ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 15 ਜ਼ਿਲ੍ਹਿਆਂ ਦੇ 87 ਸ਼ਹਿਰਾਂ,ਕਸਬਿਆਂ 'ਚ ਰੋਸ ਪ੍ਰਦਰਸ਼ਨ ਕੀਤੇ ਗਏ ਜਿਹਨਾਂ ਵਿੱਚ ਕਈ ਥਾਂਈਂ ਕੁੱਝ ਹੋਰ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਕੁੱਝ ਥਾਂਈਂ ਦੁਕਾਨਦਾਰਾਂ ਵੱਲੋਂ ਵੀ ਸੰਕੇਤਕ ਸ਼ਮੂਲੀਅਤ ਕੀਤੀ ਗਈ। ਦੋਹਾਂ ਜਥੇਬੰਦੀਆਂ ਦੇ ਜਨਰਲ ਸਕੱਤਰਾਂ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਲਛਮਣ ਸਿੰਘ ਸੇਵੇਵਾਲਾ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਇਹਨਾਂ ਪ੍ਰਦਰਸ਼ਨਾਂ 'ਚ ਕਿਸਾਨ ਮਜ਼ਦੂਰ ਔਰਤਾਂ ਨੌਜਵਾਨਾਂ ਸਮੇਤ ਸ਼ਾਮਲ ਹੋਏ ਭਾਰੀ ਇਕੱਠਾਂ ਨੂੰ ਕਿਸਾਨ ਆਗੂ ਹਰਦੀਪ ਸਿੰਘ ਟੱਲੇਵਾਲ, ਝੰਡਾ ਸਿੰਘ ਜੇਠੂਕੇ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਖੇਤ ਮਜ਼ਦੂਰ ਆਗੂ ਜ਼ੋਰਾ ਸਿੰਘ ਨਸਰਾਲੀ, ਗੁਰਪਾਲ ਸਿੰਘ ਨੰਗਲ, ਹਰਭਗਵਾਨ ਸਿੰਘ ਮੂਣਕ ਤੋਂ ਇਲਾਵਾ ਜ਼ਿਲ੍ਹਾ ਤੇ ਬਲਾਕ ਆਗੂਆਂ ਨੇ ਵੀ ਸੰਬੋਧਨ ਕੀਤਾ।
ਬੁਲਾਰਿਆਂ ਨੇ ਅੱਜ ਦੇ ਪ੍ਰਦਰਸ਼ਨਾਂ ਅਤੇ ਦੁਕਾਨਦਾਰਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਚਲਦਿਆਂ ਪਾਬੰਦੀਆਂ 'ਚ ਢਿੱਲ ਦੇਣ ਦੇ ਐਲਾਨ ਨੂੰ ਲੋਕ ਸੰਘਰਸ਼ ਦੀ ਮੁਢਲੀ ਜਿੱਤ ਕ਼ਰਾਰ ਦਿੱਤਾ। ਉਹਨਾਂ ਦੋਸ਼ ਲਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਨਿਜਾਤ ਦਿਵਾਉਣ 'ਚ ਸੋਚੀ ਸਮਝੀ ਮੁਜਰਮਾਨਾ ਕੁਤਾਹੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਪੂਰਾ ਸਾਲ ਬੀਤਣ ਦੇ ਬਾਵਜੂਦ ਕਰੋਨਾ ਤੋਂ ਬਚਾਅ ਲਈ ਹਸਪਤਾਲਾਂ, ਬੈੱਡਾਂ, ਡਾਕਟਰਾਂ,ਸਟਾਫ ,ਵੈਟੀਲੇਟਰਾਂ ਤੇ ਆਕਸੀਜਨ ਆਦਿ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ,ਜਿਸ ਕਾਰਨ ਹੁਣ ਰੋਜ਼ਾਨਾ ਹਜ਼ਾਰਾਂ ਲੋਕ ਮੌਤ ਦੇ ਮੂੰਹ 'ਚ ਜਾ ਰਹੇ ਹਨ। ਉਹਨਾਂ ਕਿਹਾ ਕਿ ਮੌਜੂਦਾ ਗੰਭੀਰ ਸੰਕਟ ਦੇ ਸਮੇਂ ਵੀ ਕੈਪਟਨ ਸਰਕਾਰ ਢੁੱਕਵੇਂ ਪ੍ਰਬੰਧ ਕਰਨ ਦੀ ਬਜਾਏ ਲਾਕਡਾਊਨ ਤੇ ਕਰਫਿਊ ਵਰਗੀਆਂ ਪਾਬੰਦੀਆਂ ਮੜ੍ਹਕੇ ਦੁਕਾਨਦਾਰਾਂ,ਰੇਹੜੀ ਫੜ੍ਹੀ ਵਾਲਿਆਂ ਅਤੇ ਮਜ਼ਦੂਰਾਂ ਦਾ ਰੁਜ਼ਗਾਰ ਉਜਾੜਨ 'ਤੇ ਤੁਲੀ ਹੋਈ ਹੈ।
ਉਹਨਾਂ ਕਿਹਾ ਕਿ ਸਖ਼ਤੀ ਕਰਨ ਦੇ ਤਾਜ਼ਾ ਸਰਕਾਰੀ ਬਿਆਨ 'ਤੇ ਫੁੱਲ ਚੜ੍ਹਾਉਂਦਿਆਂ ਤਲਵੰਡੀ ਸਾਬੋ ਦੇ ਥਾਣੇਦਾਰ ਵੱਲੋਂ ਫੜੇ ਗਏ ਦੋ ਰੇੜ੍ਹੀ ਵਾਲਿਆਂ ਨੂੰ ਚਲਾਣ ਰੱਦ ਕਰਵਾ ਕੇ ਬਿਨਾਂ ਸ਼ਰਤ ਛੁਡਾਉਣ ਲਈ ਥਾਣੇ ਅੱਗੇ ਧਰਨਾ ਸ਼ੁਰੂ ਕੀਤਾ ਗਿਆ ਜੋ ਖਬਰ ਲਿਖੇ ਜਾਣ ਤੱਕ ਜਾਰੀ ਸੀ। ਉਹਨਾਂ ਕਿਹਾ ਕਿ ਬਾਘਾਪੁਰਾਣਾ (ਮੋਗਾ) ਦੇ ਥਾਣੇਦਾਰ ਵੱਲੋਂ ਦੁਕਾਨ ਖੋਲ੍ਹੀ ਬੈਠੇ ਇੱਕ ਦੁਕਾਨਦਾਰ ਦੀ ਵੀਡੀਓ ਬਣਾ ਕੇ ਉਸ ਨੂੰ ਚਲਾਣ ਕੱਟਣ ਦੀ ਧਮਕੀ ਦਾ ਪਤਾ ਲੱਗਦੇ ਹੀ ਕਿਸਾਨਾਂ ਮਜ਼ਦੂਰਾਂ ਨੇ ਥਾਣਾ ਘੇਰ ਲਿਆ। ਤਹਿਸੀਲਦਾਰ ਅਤੇ ਡੀ ਐਸ ਪੀ ਦੀ ਹਾਜ਼ਰੀ ਵਿੱਚ ਥਾਣੇਦਾਰ ਵੱਲੋਂ ਮੁਆਫ਼ੀ ਮੰਗਣ 'ਤੇ ਹੀ ਥਾਣੇ ਦਾ ਘਿਰਾਓ ਖਤਮ ਕੀਤਾ ਗਿਆ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਰਕਾਰਾਂ ਦੀ ਨਖਿੱਧ ਕਾਰਗੁਜ਼ਾਰੀ ਕਾਰਨ ਹੀ ਅੱਜ ਕਰੋਨਾ ਪੀੜਤ ਪਰਿਵਾਰਾਂ ਦੀ ਪ੍ਰਾਈਵੇਟ ਹਸਪਤਾਲਾਂ ਵੱਲੋਂ ਬੇਕਿਰਕ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ
ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ 'ਚ ਓ ਪੀ ਡੀ ਬੰਦ ਕਰਨ ਸਦਕਾ ਹੋਰ ਅਨੇਕਾਂ ਰੋਗਾਂ ਤੋਂ ਪੀੜਤ ਲੋਕ ਇਲਾਜ ਬਾਝੋਂ ਤੜਫ਼ ਰਹੇ ਹਨ। ਕਿਸਾਨ ਮਜ਼ਦੂਰ ਆਗੂਆਂ ਨੇ ਕਿਹਾ ਕਿ ਕਰੋਨਾ ਜਿੱਥੇ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਲਈ ਭਿਆਨਕ ਆਫ਼ਤ ਸਾਬਤ ਹੋ ਰਿਹਾ ਹੈ ਉਥੇ ਲੋਕ ਵਿਰੋਧੀ ਹਕੂਮਤਾਂ ਤੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਲਈ ਸੁਨਹਿਰੀ ਮੌਕਾ ਹੋ ਨਿੱਬੜਿਆ ਹੈ। ਕਿਉਂਕਿ ਕਰੋਨਾ ਦੀ ਆੜ 'ਚ ਜਿੱਥੇ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਲੋਕ ਵਿਰੋਧੀ ਖੇਤੀ ਕਾਨੂੰਨ ਲਿਆਂਦੇ ਗਏ ਅਤੇ ਕਿਰਤ ਕਾਨੂੰਨਾਂ 'ਚ ਮਜ਼ਦੂਰ ਦੋਖੀ ਸੋਧਾਂ ਕੀਤੀਆਂ ਗਈਆਂ ਉਥੇ ਕਾਂਗਰਸ ਦੀ ਕੈਪਟਨ ਸਰਕਾਰ ਵੱਲੋਂ ਖ਼ੁਦਕੁਸ਼ੀ ਪੀੜਤਾਂ ਲਈ ਮੁਆਵਜ਼ਾ ਤੇ ਨੌਕਰੀ ਦੇਣ, ਕਰਜ਼ੇ ਮੁਆਫ਼ ਕਰਨ ਤੇ ਰੁਜ਼ਗਾਰ ਦਾ ਪ੍ਰਬੰਧ ਕਰਨ ਵਰਗੇ ਲੋਕਾਂ ਦੇ ਅਹਿਮ ਮੁੱਦੇ ਰੋਲਣ 'ਚ ਵੀ ਕਰੋਨਾ ਸਹਾਈ ਹੋਇਆ ਹੈ ।
ਉਨ੍ਹਾਂ ਦੁਕਾਨਦਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਪ੍ਰਸ਼ਾਸਨ ਦੀ ਸਖ਼ਤੀ ਖ਼ਿਲਾਫ਼ ਕਿਸਾਨ ਜਥੇਬੰਦੀਆਂ ਢਾਲ ਬਣ ਕੇ ਉਨ੍ਹਾਂ ਦੇ ਅੱਗੇ ਖੜ੍ਹਨਗੀਆਂ ਅਤੇ ਤਾਲਾਬੰਦੀ ਦੀ ਪ੍ਰਵਾਹ ਕੀਤੇ ਬਗ਼ੈਰ ਆਪਣੀ ਰੋਟੀ-ਰੋਜ਼ੀ ਖ਼ਾਤਰ ਦੁਕਾਨਾਂ ਖੋਲ੍ਹਣ। ਬੁਲਾਰਿਆਂ ਨੇ ਮੰਗ ਕੀਤੀ ਕਿ ਕਰੋਨਾ ਨੂੰ ਕ਼ਾਬੂ ਕਰਨ ਦੇ ਨਾਂਅ ਹੇਠ ਮੜ੍ਹੀਆਂ ਕਰਫਿਊ ਤੇ ਲਾਕਡਾਊਨ ਵਰਗੀਆਂ ਪਾਬੰਦੀਆਂ ਖ਼ਤਮ ਕੀਤੀਆਂ ਜਾਣ। ਆਕਸੀਜਨ,ਵੈਂਟੀਲੇਟਰਾਂ, ਦਵਾਈਆਂ,ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਨੂੰ ਬੰਦ ਕੀਤਾ ਜਾਵੇ। ਸਾਰੇ ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਤੁਰੰਤ ਸਰਕਾਰੀ ਹੱਥਾਂ 'ਚ ਲਿਆ ਜਾਵੇ। ਕਰੋਨਾ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਪੌਸ਼ਟਿਕ ਖੁਰਾਕ ਦਾ ਮੁਫ਼ਤ ਪ੍ਰਬੰਧ ਯਕੀਨੀ ਕੀਤਾ ਜਾਵੇ।ਕਰੋਨਾ ਦੀ ਆੜ 'ਚ ਪਾਸ ਕੀਤੇ ਲੋਕ-ਵਿਰੋਧੀ ਤੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ।ਕਿਰਤ ਕਾਨੂੰਨਾਂ 'ਚ ਕੀਤੀਆਂ ਮਜ਼ਦੂਰ ਦੋਖੀ ਸੋਧਾਂ ਵਾਪਸ ਲਈਆਂ ਜਾਣ।