ਕੈਪਟਨ ਸਰਕਾਰ ਦੇ ਬਿਜਲੀ ਬਿਲਾਂ ਨੇ ਲੋਕਾਂ ਦੇ ਸਾਹ ਸੂਤੇ - ਬੀਬੀ ਮਾਣੂੰਕੇ
- ਬਿਜਲੀ ਦੇ ਕੱਟੇ ਕੁਨੈਕਸ਼ਨ ਜੋੜਨ ਲਈ ਐਕਸੀਅਨ ਜਗਰਾਉਂ ਨਾਲ ਕੀਤੀ ਮੁਲਾਕਾਤ
- ਜੇਕਰ ਕੱਟੇ ਕੁਨੈਕਸ਼ਨ ਨਾ ਜੋੜੇ ਤਾਂ 'ਬਿਜਲੀ ਅੰਦੋਲਨ' ਹੋਰ ਵੀ ਤਿੱਖਾ ਕੀਤਾ ਜਾਵੇਗਾ
ਜਗਰਾਓਂ, 22 ਮਈ 2021 - ਕੈਪਟਨ ਸਰਕਾਰ ਧਨਾਢ ਪ੍ਰਾਈਵੇਟ ਤਾਪ ਘਰਾਂ ਦੇ ਮਾਲਕਾਂ ਉਪਰ ਤਾਂ ਕਰੋੜਾਂ ਰੁਪਏ ਲੁਟਾ ਰਹੀ ਹੈ, ਪਰੰਤੂ ਕਰੋਨਾਂ ਭਿਆਨਕ ਮਹਾਂਮਾਰੀ ਦੌਰਾਨ ਲੋਕਾਂ ਦੇ ਬਿਲ ਮੁਆਫ਼ ਕਰਨ ਦੀ ਬਜਾਇ ਵੱਡੇ ਵੱਡੇ ਬਿਜਲੀ ਬਿਲ ਭੇਜਕੇ ਲੋਕਾਂ ਦੇ ਸਾਹ ਸੂਤ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਹਲਕੇ ਦੇ ਲੋਕਾਂ ਦੀਆਂ ਬਿਜਲੀ ਸਬੰਧੀ ਸਮੱਸਿਆਵਾਂ ਬਾਰੇ ਜਗਰਾਉਂ ਦੇ ਐਕਸੀਅਨ ਗੁਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਉਪਰੰਤ ਕੀਤਾ।
ਉਹਨਾਂ ਆਖਿਆ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਪੰਜ ਰੁਪਏ ਬਿਜਲੀ ਯੂਨਿਟ ਦੇਣ ਅਤੇ ਬਿਜਲੀ ਸਬੰਧੀ ਵਾਈਟ ਪੇਪਰ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਸਰਕਾਰ ਨੇ ੫ ਰੁਪਏ ਬਿਜਲੀ ਯੂਨਿਟ ਤਾਂ ਕੀ ਦੇਣੀ ਸੀ, ਸਗੋਂ ੧੦ ਰੁਪਏ ਬਿਜਲੀ ਯੂਨਿਟ ਕਰਕੇ ਲੋਕਾਂ ਦਾ ਧੂੰਆਂ ਕੱਢਕੇ ਰੱਖ ਦਿੱਤਾ ਹੈ ਅਤੇ ਬਿਜਲੀ ਸਬੰਧੀ ਵਾਈਟ ਪੇਪਰ ਦੀ ਆਸ ਤਾਂ ਕੈਪਟਨ ਸਰਕਾਰ ਤੋਂ ਬਹੁਤ ਦੂਰ ਦੀ ਗੱਲ ਹੈ। ਬੀਬੀ ਮਾਣੂੰਕੇ ਨੇ ਆਖਿਆ ਕਿ ਕੈਪਟਨ ਸਰਕਾਰ ਪ੍ਰਾਈਵੇਟ ਤਾਪ ਬਿਜਲੀ ਘਰਾਂ ਨਾਲ ਹੋਏ ਮਹਿੰਗੇ ਬਿਜਲੀ ਸਮਝੌਤਿਆਂ ਸਬੰਧੀ ਅੰਦਰੂਨੀ ਪੜਤਾਲ ਕਰਵਾਕੇ ਗਲਤ ਸਮਝੌਤਿਆਂ ਨੂੰ ਰੱਦ ਕਰੇ ਅਤੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਨਿਯਾਤ ਦੇਵੇ।
ਉਹਨਾਂ ਆਖਿਆ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਗਰੀਬ ਲੋਕਾਂ ਨੂੰ ਮਹਿੰਗੀ ਬਿਜਲੀ ਕਿਉਂ ਮਿਲ ਰਹੀ ਹੈ, ਪਰੰਤੂ ਕੈਪਟਨ ਸਰਕਾਰ ਅਕਾਲੀਆਂ ਨਾਲ ਯਾਰੀ ਪਗਾਉਣ ਲਈ ਇਹ ਸਮਝੌਤੇ ਰੱਦ ਨਹੀਂ ਕਰੇਗੀ ਅਤੇ ਕਾਂਗਰਸ ਸਰਕਾਰ ਦੇ ਰਹਿੰਦਿਆਂ ਲੋਕਾਂ ਨੂੰ ਸਸਤੀ ਬਿਜਲੀ ਦੀ ਕੋਈ ਉਮੀਦ ਨਹੀਂ ਹੈ। ਇਸ ਲਈ ਪੰਜਾਬ ਦੇ ਲੋਕ ਅਕਾਲੀਆਂ ਤੇ ਕਾਂਗਰਸੀਆਂ ਦੀ 'ਉਤਰ ਕਾਟੋ, ਮੈਂ ਚੜ੍ਹਾਂ' ਦੀ ਖੇਡ ਨੂੰ ਤਿਆਗਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਤਾਂ ਹੀ ਲੋਕਾਂ ਨੂੰ ਸਸਤੀ ਬਿਜਲੀ ਨਸੀਬ ਹੋ ਸਕੇਗੀ।
ਉਹਨਾਂ ਆਖਿਆ ਕਿ ਇੱਕ ਪਾਸੇ ਤਾਂ ਕਰੋਨਾਂ ਦੀ ਭਿਆਨਕ ਮਹਾਂਮਾਰੀ ਫੈਲੀ ਹੋਈ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਬਿਜਲੀ ਮਹਿਕਮੇਂ ਵੱਲੋਂ ਨੂੰ ਲੋਕਾਂ ਨੂੰ ਵੱਡੇ ਵੱਡੇ ਬਿਜਲੀ ਬਿਲ ਭੇਜ ਦਿੱਤੇ ਗਏ ਹਨ। ਬਹੁਤ ਸਾਰੇ ਅਜਿਹੇ ਗਰੀਬ ਲੋਕ ਹਨ, ਜੋ ਇੱਕ ਟਾਈਮ ਦੀ ਰੋਟੀ ਨੂੰ ਵੀ ਤਰਸ ਰਹੇ ਹਨ, ਮਹਿੰਗੇ ਬਿਲ ਨਾ ਭਰਾਉਣ ਕਾਰਨ ਉਹਨਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਸ 'ਤੇ ਐਕਸੀਅਨ ਗੁਰਪ੍ਰੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਲੋਕਾਂ ਦੇ ਬਿਲਾਂ ਦੀ ਪੜਤਾਲ ਕਰਵਾਈ ਜਾਵੇਗੀ ਤੇ ਕੱਟੇ ਹੋਏ ਕੁਨੈਕਸ਼ਨਾਂ ਨੂੰ ਵੀ ਜੋੜ ਦਿੱਤਾ ਜਾਵੇਗਾ।
ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਬਿਲ ਠੀਕ ਕਰਕੇ ਕੱਟੇ ਹੋਏ ਕੁਨੈਕਸ਼ਨ ਨਾ ਜੋੜੇ ਤਾਂ ਕਰੋਨਾਂ ਦੀ ਮਹਾਂਮਾਰੀ ਮੌਕੇ ਗਰਮੀਂ ਵਿੱਚ ਮਰ ਰਹੇ ਮਾਸੂਮ ਬੱਚਿਆਂ, ਦੁੱਧ ਚੰਗਾਉਂਦੀਆਂ ਮਾਂਵਾਂ ਤੇ ਬਜੁਰਗਾਂ ਨੂੰ ਬਚਾਉਣ ਲਈ ਕੱਟੇ ਹੋਏ ਬਿਜਲੀ ਕੁਨੈਕਸ਼ਨ ਆਪਣੇ ਪੱਧਰ ਤੇ ਜੋੜੇ ਜਾਣਗੇ ਅਤੇ ਆਮ ਆਦਮੀ ਪਾਰਟੀ ਵੱਲੋਂ ਮਹਿੰਗੀ ਵਿਰੁੱਧ ਚੱਲ ਰਿਹਾ 'ਬਿਜਲੀ ਅੰਦੋਲਨ' ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ, ਰਘਵੀਰ ਸਿੰਘ ਲੰਮੇ, ਸੁਰਿੰਦਰ ਸਿੰਘ ਲੱਖਾ, ਗੁਰਦੀਪ ਸਿੰਘ ਚਕਰ, ਪੱਪੂ ਭੰਡਾਰੀ, ਛਿੰਦਰਪਾਲ ਸਿੰਘ ਮੀਨੀਆਂ, ਸੁਖਮੰਦਰ ਸਿੰਘ, ਨਿਰਮਲ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਨੋਨੀ, ਦਵਿੰਦਰ ਸਿੰਘ ਜਨੇਤਪੁਰਾ, ਦਲਜੀਤ ਸਿੰਘ ਮਾਣੂੰਕੇ, ਜੀਵਨ ਸਿੰਘ ਦੇਹੜਕਾ, ਨਿਸ਼ਾਨ ਸਿੰਘ ਲੀਲਾਂ, ਬੀਬੀ ਜਸਪਾਲ ਕੌਰ, ਰਣਜੀਤ ਕੌਰ, ਕੁਲਵਿੰਦਰ ਕੌਰ, ਅਮਨਦੀਪ ਕੌਰ, ਕੁਲਦੀਪ ਕੌਰ, ਕਮਲਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।