ਕੋਰੋਨਾ ਚੇਨ ਤੋੜਨ ਲਈ ਜ਼ਿਲ੍ਹਾ ਬਰਨਾਲਾ ਦੇ ਪਿੰਡ ਦੇ ਨੌਜਵਾਨਾਂ ਨੇ ਲਾਏ ਠੀਕਰੀ ਪਹਿਰੇ
ਕਮਲਜੀਤ ਸਿੰਘ ਸੰਧੂ
ਬਰਨਾਲਾ, 19 ਮਈ 2021 - ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਰੋਕਣ ਲਈ 'ਤੇ ਚੱਲ ਰਹੀ ਦੂਜੀ ਲਹਿਰ ਦੀ ਚੇਨ ਤੋੜਨ ਲਈ ਪੰਜਾਬ ਦੇ ਪਿੰਡਾਂ ਦੇ ਲੋਕ ਵੀ ਹੁਣ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ। ਪਿੰਡ ਦੇ ਲੋਕਾਂ ਵੱਲੋਂ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾ ਕੇ ਦਿਨ ਰਾਤ ਬਾਹਰੋਂ ਆਉਣ ਵਾਲੇ ਵਿਅਕਤੀਆਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਉਨ੍ਹਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਮਾਸਕ ਅਤੇ ਸੈਨੀਟਾਈਜ਼ਰ ਵੀ ਵੰਡੇ ਜਾ ਰਹੇ ਹਨ।
ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ ਦੀ ਪੰਚਾਇਤ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਠੀਕਰੀ ਪਹਿਰੇ ਲਾਉਣ ਦੀ ਮੁਹਿੰਮ ਨੂੰ ਚਲਾਇਆ ਗਿਆ ਹੈ। ਪਿੰਡ ਦੇ ਸਾਰੇ ਰਾਹਾਂ ਤੇ ਨੌਜਵਾਨਾਂ ਵੱਲੋਂ ਠੀਕਰੀ ਪਹਿਰਾ ਲਗਾਇਆ ਜਾਂਦਾ ਹੈ। ਬਾਹਰੋਂ ਆਉਣ ਵਾਲੇ ਹਰ ਇਕ ਵਿਅਕਤੀ ਦੀ ਚੈਕਿੰਗ ਕੀਤੀ ਜਾਂਦੀ ਹੈ। ਪਿੰਡ ਵਿੱਚ ਇੱਕ ਲੋਕਲ ਐਂਬੂਲੈਂਸ ਵੀ ਰੱਖੀ ਗਈ ਹੈ। ਜੇਕਰ ਕਿਸੇ ਨੂੰ ਵੀ ਲੋੜ ਪੈਂਦੀ ਹੈ ਐਮਰਜੈਂਸੀ ਵਾਸਤੇ ਮਰੀਜ਼ ਨੂੰ ਐਂਬੂਲੈਂਸ ਰਾਹੀਂ ਨੇੜੇ ਦੇ ਹਸਪਤਾਲ ਪਹੁੰਚਾਇਆ ਜਾਂਦਾ ਹੈ।
ਜੇਕਰ ਪਿੰਡਾਂ ਦੀਆਂ ਸੱਥਾਂ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਸੱਥਾਂ ਵਿੱਚ ਸੁੰਨ ਪਸਰੀ ਹੋਈ ਹੈ ਅਤੇ ਪੰਚਾਇਤ ਵੱਲੋਂ ਵਾਰ ਵਾਰ ਅਨਾਊਂਸਮੈਂਟ ਵੀ ਕੀਤੀ ਜਾਂਦੀ ਹੈ ਅਤੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ। ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਮੁਹਿੰਮ ਵਿਚ ਪਿੰਡ ਦੇ ਲੋਕ ਸਿਹਤ ਵਿਭਾਗ ਸਿਵਲ ਪ੍ਰਸ਼ਾਸਨ ਤੇ ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਪਿੰਡ ਵਾਸੀਆਂ ਅਤੇ ਬਾਹਰੋਂ ਆਉਣ ਜਾਣ ਵਾਲਿਆਂ ਵੱਲੋਂ ਵੀ ਇਸ ਮੁਹਿੰਮ ਵਿੱਚ ਵਿਸੇਸ਼ ਤੌਰ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜਿੰਨਾ ਚਿਰ ਇਸ ਦੂਜੀ ਲਹਿਰ ਕੋਰੋਨਾ ਮਹਾਂਮਾਰੀ ਦੀ ਚੈਨ ਨਹੀਂ ਟੁੱਟਦੀ ਤਾਂ ਲੋਕ ਬਿਨਾਂ ਮਤਲਬ ਤੋਂ ਘਰਾਂ ਤੋਂ ਬਾਹਰ ਨਾ ਨਿਕਲਣ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣ। ਉਨ੍ਹਾਂ ਦੱਸਿਆ ਕਿ ਸਿਫਟਾਂ ਬਾਜ਼ ਚੌਵੀ ਘੰਟੇ ਲਈ ਪਿੰਡ ਵਿੱਚ ਠੀਕਰੀ ਪਹਿਰੇ ਲਗਾਏ ਜਾ ਰਹੇ ਹਨ।