ਕੋਰੋਨਾ ਦਾ ਡੰਗ: ਸਾਦੇ ਭੋਗ ਸਮਾਗਮਾਂ ਅਤੇ ਵਿਆਹਾਂ ਦੇ ਰਾਹ ਪਏ ਲੋਕ
ਅਸ਼ੋਕ ਵਰਮਾ
ਬਠਿੰਡਾ, 9ਮਈ 2021: ਕਰੋਨਾ ਸੰਕਟ ’ਚੋਂ ਉਪਜਿਆ ਇਹ ਇੱਕ ਚੰਗਾ ਪਹਿਲੂ ਹੈ ਕਿ ਮਾਲਵੇ ’ਚ ਸਾਦੇ ਵਿਆਹਾਂ ਅਤੇ ਭੋਗ ਸਮਾਗਮ ਆਮ ਹੋ ਗਏ ਹਨ। ਭਾਵੇਂ ਮਜਬੂਰੀ ਵੱਸ ਹੀ ਸਹੀ ਕਰੋਨਾ ਦੇ ਭਿਆਨਕ ਡੰਗ ਨੇ ਪੰਜਾਬੀਆਂ ਦੇ ਗਲੋਂ ਫਜ਼ੂਲ ਖਰਚੀ ਦਾ ਬੋਝ ਉਤਾਰ ਦਿੱਤਾ ਹੈ। ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਅਤੇ ਖੇਤੀ ਕਾਰਜਾਂ ’ਚ ਰੁੱਝੇ ਹੋਣ ਦੇ ਬਾਵਜੂਦ ਲੋਕਾਂ ਨੇ ਪਿੰਡਾਂ-ਸ਼ਹਿਰਾਂ ਵਿਚ ਸਾਦੇ ਵਿਆਹਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ। ਮੋਗਾ ਦੇ ਇੱਕ ਮਹਾਜਨ ਪ੍ਰੀਵਾਰ ਨੇ ਦੋ ਮਹੀਨੇ ਪਹਿਲਾਂ ਲੜਕੀ ਦੇ ਵਿਆਹ ਲਈ ਪੈਲੇਸ ਬੁੱਕ ਕੀਤਾ ਸੀ। ਜਦੋਂ ਸਰਕਾਰ ਨੇ ਵੱਡੇ ਇਕੱਠਾਂ ਤੇ ਪਾਬੰਦੀ ਲਾ ਦਿੱਤੀ ਤਾਂ ਦੋਵਾਂ ਪ੍ਰੀਵਾਰਾਂ ਨੇ ਸਾਦਗੀ ਤੇ ਪਹਿਰਾ ਦੇਣ ਦਾ ਫੈਸਲਾ ਕਰਦਿਆਂ ਇਹ ਵਿਆਹ ਛੋਟੇ ਹੋਟਲ ’ਚ ਕੀਤਾ ਸੀ। ਹੁਣ ਇਹ ਪ੍ਰੀਵਾਰ ਆਪਣੇ ਲੜਕੇ ਦੀ ਸ਼ਾਦੀ ਵਾਸਤੇ ਪੰਜ ਕੁ ਬੰਦੇ ਲਿਜਾ ਰਹੇ ਹਨ।
ਇਸ ਪ੍ਰੀਵਾਰ ਨੇ ਦੱਸਿਆ ਕਿ ਤਾਲਾਬੰਦੀ ਮਗਰੋਂ ਵਿਆਹ ਮਿਥੇ ਪ੍ਰੋਗਰਾਮ ਮੁਤਾਬਕ ਨਹੀਂ ਹੋ ਸਕਿਆ ਪਰ ਬਾਅਦ ’ਚ ਇਹੋ ਵਿਆਹ ਸਾਦਗੀ ਨਾਲ ਹੋਇਆ ਜਿਸ ਨਾਲ ਲੱਖਾਂ ਦਾ ਖਰਚਾ ਹਜ਼ਾਰਾਂ ਦਾ ਬਚ ਗਿਆ। ਮਾਨਸਾ ਦੇ ਇੱਕ ਸੇਵਾਮੁਕਤ ਅਧਿਆਪਕ ਨੇ ਆਪਣੀ ਲੜਕੀ ਚੁੰਨੀ ਚੜ੍ਹਾ ਕੇ ਤੋਰ ਦਿੱਤੀ ਹੈ। ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ’ਚ ਪਿਛਲੇ 15 ਦਿਨਾਂ ਦੌਰਾਨ ਕਈ ਸਾਦੇ ਵਿਆਹ ਹੋਏ ਹਨ। ਅਬੋਹਰ ਦੇ ਇੱਕ ਜਨਤਕ ਆਗੂ ਨੇ ਵੀ ਆਪਣੇ ਲੜਕੇ ਦਾ ਸਾਧਾਰਨ ਢੰਗ ਨਾਲ ਵਿਆਹ ਕੀਤਾ ਹੈ। ਰਾਮਪੁਰਾ ਹਲਕੇ ’ਚ ਪੈਂਦੇ ਡੇਰਾ ਸੱਚਾ ਸੌਦਾ ’ਚ ਤਾਂ ਹਰ ਮਹੀਨੇ ਹੀ ਘੱਟ ਖਰਚ ਵਾਲੇ ਵਿਆਹ ਹੁੰਦੇ ਹਨ ਜਦੋਂਕਿ ਸਰਕਾਰੀ ਪਾਬੰਦੀਆਂ ਤੋਂ ਬਾਅਦ ਤਾਂ ਕਈ ਪ੍ਰੀਵਾਰ ਹਾਰ ਪਾਉਣ ਤੋਂ ਬਾਅਦ ਲੜਕੀਆਂ ਨੂੰ ਵਿਦਾ ਕਰਨ ਲੱਗੇ ਹਨ। ਇੰਨ੍ਹਾਂ ਪ੍ਰੀਵਾਰਾਂ ਦੀ ਦਲੀਲ ਹੈ ਕਿ ਲੜਕੀ ਅਤੇ ਲੜਕੇ ਵਾਲਿਆਂ ਨੇ ਆਪਣਾ ਪੈਸਾ ਬਚਾਇਆ ਹੈ ਅਤੇ ਸਦਗੀ ਵਾਲੀ ਪਿਰਤ ਅੱਗੇ ਵਧਾਈ ਹੈ।
ਬਰਨਾਲਾ ਤੋਂ ਇੱਕ ਚੰਗੇ ਸਰਦੇ ਪੁੱਜਦੇ ਪਰਿਵਾਰ ਨੇ ਲੁਧਿਆਣਾ ਵਿੱਚ ਬਿਕੁਲ ਸਾਦਾ ਵਿਆਹ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ‘ਸਾਦੇ ਵਿਆਹ ਸਾਦੇ ਭੋਗ ’ਚ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਤਾਂ ਬਹੁਤਾ ਹੁੰਗਾਰਾ ਨਹੀਂ ਮਿਲਿਆ ਸੀ ਪਰ ਕਰੋਨਾ ਕਾਰਨ ਲਾਏ ਮਿੰਨੀ ਲਾਕਡਾਉਨ ਸਦਕਾ ਵੱਡੇ ਇਕੱਠਾਂ ਤੇ ਲੱਗੀ ਪਾਬੰਦੀ ਕਾਰਨ ਹੁਣ ਕਾਰੋਬਾਰੀ, ਮੁਲਾਜਮ ਅਤੇ ਕਿਸਾਨ ਮਜਦੂਰ ਪ੍ਰੀਵਾਰ ਸਾਦਗੀ ਸੱਭਿਆਚਾਰ ਰਾਹੀਂ ਵਿਆਹ ਕਰਵਾਉਣ ਲੱਗੇ ਹਨ। ਬਠਿੰਡਾ ਦੇ ਟੈਕਸੀ ਸਟੈਂਡ ਦੇ ਕਾਰ ਦੇ ਮਾਲਕ ਰਕੇਸ਼ ਕੁਮਾਰ ਕਾਂਸਲ ਦਾ ਕਹਿਣਾ ਸੀ ਕਿ ਹੁਣ ਹਰ ਕੋਈ ਘੱਟ ਤੋਂ ਘੱਟ ਖਰਚ ਵਾਲੀ ਗੱਡੀ ਮੰਗਣ ਲੱਗਿਆ ਹੈ ਜਦੋਂਕਿ ਕਰੋਨਾ ਦੀ ਲਹਿਰ ਤੋਂ ਪਹਿਲਾਂ ਲੋਕ ਫਿਰ ਤੋਂ ਚਕਾਚੌਂਧ ’ਚ ਫਸਕੇ ਵੱਡੀਆਂ ਵੱਡੀਆਂ ਗੱਡੀਆਂ ਮੰਗਣ ਲੱਗੇ ਸਨ।
ਇਸ ਤਰਾਂ ਹੀ ਮਾਲਵੇ ਦੇ ਕਾਫੀ ਗਿਣਤੀ ਪਿੰਡਾਂ ’ਚ ਨੌਜਵਾਨਾਂ ਨੇ ਸਾਦਗੀ ਨਾਂਲ ਜੀਵਨ ਸਾਥਣ ਨੂੰ ਲਿਆਉਣ ਲਈ ਤਰਜੀਹ ਦਿੱਤੀ ਹੈ। ਕਰੋਨਾ ਦੀ ਦੂਸਰੀ ਲਹਿਰ ਦੇ ਵਧੇ ਪ੍ਰਕੋਪ ਕਾਰਨ ਪੰਜਾਬ ’ਚ ਲੱਗੀਆਂ ਪਾਬੰਦੀਆਂ ਤੋਂ ਬਾਅਦ ਮੈਰਿਜ ਪੈਲੇਸਾਂ ਦੇ ਕਾਰੋਬਾਰ ਨੂੰ ਵੱਡੀ ਸੱਟ ਵੱਜੀ ਹੈ। ਹੋਟਲ ਰੈਸੋਟਰੈਂਟ ਐਡ ਰਿਜ਼ਾਰਟਸ ਪੰਜਾਬ ਦੇ ਪ੍ਰਧਾਨ ਸਤੀਸ਼ ਅਰੋੜਾ ਦਾ ਕਹਿਣਾ ਸੀ ਕਿ ਕਰੋਨਾ ਨੇ ਪੂਰਾ ਕਾਰੋਬਾਰ ਤਬਾਹੀ ਕੰਢੇ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਕਰੀਬ ਪੰਜ ਹਜ਼ਾਰ ਹੋਟਲ, ਰੈਸਟੋਰੈਂਟ ਅਤੇ ਰਿਜੌਰਟ ਹਨ ਜਿਨ੍ਹਾਂ ’ਚੋਂ 150 ਕਰੋੜ ਟੈਕਸਾਂ ਦੇ ਰੂਪ ’ਚ ਖਜ਼ਾਨੇ ਵਿਚ ਚਲੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਾਫੀ ਪੈਨੇਸਾਂ ਨੂੰ ਆਈਲੈਟਸ ਦੇ ਪੇਪਰ ਲਈ ਸੈਂਟਰ ਵਜੋਂ ਰਾਹਤ ਮਿਲਦੀ ਸੀ ਉਹ ਵੀ ਬੰਦ ਹੋ ਗਈ ਹੈ।
ਵਿਆਹਾਂ ਨਾਲ ਜੁੜੇ ਧੰਦਿਆਂ ਨੂੰ ਸੱਟ ਵੱਜੀ
ਵਿਆਹ ਸ਼ਾਦੀਆਂ ’ਚ ਮਹਿਮਾਨਾਂ ਦੀ ਗਿਣਤੀ ਸੀਮਤ ਹੋਣ ਨਾਲ ਸਭ ਤੋਂ ਵੱਡੀ ਸੱਟ ਫੋਟੋਗਰਾਫੀ ਅਤੇ ਬੈਂਡ ਮਾਸਟਰਾਂ ਨੂੰ ਸੱਟ ਵੱਜੀ ਹੈ। ਇਵੇਂ ਹੀ ਲਾਈਟਿੰਗ, ਘੋੜੀਆਂ ਵਾਲਿਆਂ ਅਤੇ ਟੈਂਟ ਹਾਊਸ ਮਾਲਕਾਂ ਨੂੰ ਵੀ ਕਰੋਨਾ ਨੇ ਡੰਗਿਆ ਹੈ। ਪ੍ਰੀ-ਵੈਡਿੰਗ ਫੋਟੋਗਰਾਫੀ ਦਾ ਕੰਮ ਠੱਪ ਹੋ ਗਿਆ ਹੈ। ਟੈਕਸੀ ਚਾਲਕ ਵੀ ਕਾਰੋਬਾਰ ਬੰਦ ਹੋਣ ਕਰਕੇ ਪ੍ਰੇਸ਼ਾਨ ਹਨ ਤੇ ਖਰਚੇ ਵੀ ਪੂਰੇ ਕਰਨੇ ਔਖੇ ਹੋ ਗਏ ਹਨ। ਇੰਨ੍ਹਾਂ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਿਆਹਾਂ ਵਿਚ ਮਹਿਮਾਨਾਂ ਦੀ ਗਿਣਤੀ ’ਚ ਬੰਦਿਸ਼ਾਂ ਸਮੇਤ ਰਾਹਤ ਦਿੱਤੀ ਜਾਵੇ ਤਾਂ ਜੋ ਇਨ੍ਹਾਂ ਕਾਰੋਬਾਰਾਂ ਦਾ ਲੱਕ ਟੁੱਟਣ ਤੋਂ ਬਚ ਜਾਏ।
‘ਨੱਕ ’ ਖਾਤਰ ਗਲਾ ਵਢਾਉਣਾ ਸਿਆਣਪ ਨਹੀਂ
ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਚੰਨੋ ਦੇ ਪ੍ਰਿੰਸੀਪਲ ਤੇ ਸਮਾਜਿਕ ਕਾਰਕੁੰਨ ਪ੍ਰੀਤਇੰਦਰ ਘਈ ਦਾ ਕਹਿਣਾ ਸੀ ਕਿ ਦਾ ਕਹਿਣਾ ਸੀ ਕਿ ਸ਼ਾਹੀ ਵਿਆਹਾਂ ਨੇ ਲੋਕ ਕਰਜ਼ੇ ਹੇਠ ਦੱਬ ਦਿੱਤੇ ਹਨ ਅਤੇ ਲੋਕ ‘ਨੱਕ ਬਚਾਉਣ’ ਲਈ ਗਰਦਨ ਵਢਾਉਣ ਨੂੰ ਤਿਆਰ ਹਨ। ਉਨ੍ਹਾਂ ਆਖਿਆ ਕਿ ਫ਼ਜ਼ੂਲਖਰਚੀ ‘ਅੱਡੀਆਂ ਚੁੱਕ ਕੇ ਫਾਹਾ ਲੈਣ’ ਵਾਂਗ ਹੋ ਨਿੱਬੜਦੀ ਹੈ। ਉਨ੍ਹਾਂ ਆਖਿਆ ਕਿ ਇਹ ਠੀਕ ਹੈ ਕਿ ਕਾਰੋਬਾਰ ਜਰੂਰੀ ਹਨ ਪਰ ਕੁੱਝ ਸਮੇਂ ’ਚ ਲੱਖਾਂ ਲੁਟਾ ਕੇ ਘਰ ਮੁੜਨਾ ਵੀ ਸਿਆਣਪ ਨਹੀਂ ਹੈ। ਉਨ੍ਹਾਂ ਆਖਿਆ ਕਿ ਇਸ ਨਾਜੁਕ ਦੌਰ ਵਿੱਚ ਸੋਚਣ ਦੀ ਲੋੜ ਹੈ ਕਿ ਵਿਆਹ ਮੌਕੇ ਖਰਚ ਤੋਂ ਬਚਿਆ ਜਾਵੇ ਜੋ ਦੋ ਪ੍ਰੀਵਾਰਾਂ ਲਈ ਸ਼ੁਭ ਸ਼ਗਨ ਬਣ ਸਕਦਾ ਹੈੇ।