ਕੋਰੋਨਾ ਪਾਬੰਦੀਆਂ ਦੀ ਪਾਲਣਾ ਲਈ ਹਰ ਵਰਗ ਸਹਿਯੋਗ ਦੇਵੇ - ਐਸ ਡੀ ਐਮ ਕਨੂੰ ਗਰਗ
ਹਰੀਸ਼ ਕਾਲੜਾ
ਨੰਗਲ 12 ਮਈ 2021:ਐਸ.ਡੀ.ਐਮ ਨੰਗਲ ਮੈਡਮ ਕਨੂੰ ਗਰਗ ਵੱਲੋਂ ਅੱਜ ਨੰਗਲ ਦੇ ਵੱਖ ਵੱਖ ਸਮਾਜ ਸੇਵੀ ਸੰਗਠਨਾਂ, ਵਪਾਰੀ ਵਰਗ, ਕੋਸਲਰਾਂ ਨੂੰ ਅਪੀਲ ਕੀਤੀ ਗਈ ਕਿ ਕਰੋਨਾ ਦੇ ਫੈਲਾਅ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਦੀ ਸਹੀ ਢੰਗ ਨਾਲ ਪਾਲਣਾ ਕੀਤੀ ਜਾਵੇ।
ਇਹ ਪ੍ਰਗਟਾਵਾ ਕਰਦਿਆਂ ਐੱਸ.ਡੀ.ਐੱਮ ਨੰਗਲ ਕਨੂੰ ਗਰਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਸ਼ਹਿਰ ਦੇ ਵੱਖ ਵੱਖ ਸੰਗਠਨਾਂ, ਕੋਸਲਰਾਂ, ਪਤਵੰਤਿਆਂ ਨਾਲ ਬੈਠਕ ਕਰਕੇ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ, ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ, ਟੀਕਾਕਰਨ ਦੀ ਰਫਤਾਰ ਨੂੰ ਤੇਜ ਕਰਨ, ਟੈਸਟਿੰਗ ਅਤੇ ਸੈਪਲਿੰਗ ਕਰਵਾਉਣ, ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਜੋਨ ਵਿੱਚ ਲਗਾਈਆਂ ਪਾਬੰਦੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਦੋਰਾਨ ਸ਼ਹਿਰ ਵਾਸੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਦੀ ਬੇਨਤੀ ਕੀਤੀ ਗਈ।
ਉਨ੍ਹਾਂ ਨੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਦੇ ਦੁਕਾਨਦਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨ੍ਹਾਂ ਦੀਆਂ ਦੁਕਾਨਾਂ ਵਿੱਚ ਕੰਮ ਕਰਦੇ ਸਮੂਹ ਕਰਮਚਾਰੀਆਂ, ਜਿਨ੍ਹਾਂ ਦੀ ਉਮਰ 45 ਸਾਲ ਤੋਂ ਉੱਪਰ ਹੈ ਉਨ੍ਹਾਂ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ।ਇਸਦੇ ਨਾਲ ਹੀ ਜਿਨ੍ਹਾਂ ਦੇ ਟੀਕੇ ਨਹੀਂ ਲੱਗੇ ਉਹ ਕਰਮਚਾਰੀ ਆਪਣਾ ਕਰੋਨਾ ਦਾ ਟੈਸਟ ਕਰਾ ਕੇ ਨੈਗੇਟਿਵ ਰਿਪੋਰਟ ਹਾਸਲ ਕਰਨ, ਇਸ ਦੇ ਨਾਲ ਹੀ ਹਰ ਦੁਕਾਨਦਾਰ ਨੂੰ ਆਪਣੀ ਦੁਕਾਨ ਵਿਚ ਆਉਣ ਵਾਲੇ ਗਾਹਕਾਂ ਦੀ ਇਕ ਦੂਸਰੇ ਤੋਂ ਉਚਿਤ ਦੁਰੀ ਯਕੀਨੀ ਬਣਾਉਣ ਲਈ ਦੁਕਾਨਾਂ ਦੇ ਬਾਹਰ ਗੋਲੇ ਬਣਾਉਣ ਦੀ ਹਦਾਇਤ ਵੀ ਕੀਤੀ ਹੈੇ।
ਐੱਸ ਡੀ ਐੱਮ ਕਨੂੰ ਗਰਗ ਨੇ ਵਪਾਰਕ ਅਦਾਰਿਆ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁਕਾਨਾਂ ਨੂੰ ਖੋਲ੍ਹੇ ਜਾਣ ਦੇ ਸਮੇਂ ਅਤੇ ਦੁਕਾਨਾਂ ਨੂੰ ਬੰਦ ਕੀਤੇ ਜਾਣ ਦੇ ਸਮੇਂ ਦੀ ਸਹੀ ਢੰਗ ਨਾਲ ਪਾਲਣਾ ਕੀਤੀ ਜਾਵੇ। ਉਹਨਾਂ ਦੱਸਿਆ ਕਿ ਅੱਜ ਦੇ ਦੌਰੇ ਸਮੇਂ ਇਹ ਵੇਖਿਆ ਗਿਆ ਕਿ ਦੁਕਾਨਦਾਰਾਂ ਵੱਲੋਂ ਪਾਬੰਦੀਆਂ ਦੀ ਸਹੀ ਢੰਗ ਨਾਲ ਪਾਲਣਾ ਕੀਤੀ ਜਾ ਰਹੀ ਹੈ, ਜੋ ਕਿ ਪ੍ਰਸਾਸ਼ਨ ਨੂੰ ਵਪਾਰੀਆਂ ਵਲੋਂ ਮਿਲ ਰਹੇ ਸਹਿਯੋਗ ਦੇ ਚੰਗੇ ਸੰਕੇਤ ਹਨ।