ਕੋਰੋਨਾ ਪੀੜਤ ਪਰਿਵਾਰਾਂ ਦੀ ਜ਼ਿੰਦਗੀ ਲਈ ਨਾਇਕ ਬਣੀ ਬਠਿੰਡਾ ਪੁਲਿਸ
ਅਸ਼ੋਕ ਵਰਮਾ
ਬਠਿੰਡਾ, 15 ਮਈ2021: ਬਠਿੰਡਾ ਪੁਲਿਸ ਦਾ ਥਾਣੇਦਾਰ ਲੱਕੜੀਆਂ ਲਾ ਰਿਹਾ ਹੈ ਤਾਂ ਸਿਪਾਹੀ ਪੇੜੇ ਕਰਨ ’ਚ ਰੁੱਝੇ ਹੋਏ ਹਨ। ਲੇਡੀ ਸਿਪਾਹੀ ਆਟਾ ਗੁੰਨ੍ਹ ਰਹੀਆਂ ਹਨ ਤਾਂ ਕੁੱਝ ਮੁਲਾਜਮ ਸਬਜੀਆਂ ਕੱਟਣ ਅਤੇ ਪਕਾਉਣ ’ਚ ਰੁੱਝੇ ਦਿਖਾਈ ਦੇ ਰਹੇ ਹਨ ਜਦੋਂਕਿ ਕੋਈ ਗੰਢੇ ਕੱਟਣ ਲੱਗਿਆ ਹੋਇਆ ਹੈ। ਆਮ ਲੋਕਾਂ ਨੂੰ ਸਿੱਧੇ ਦੇ ਰਾਹ ਪਾਉਣ ਲਈ ਆਪਣੇ ਸਖਤ ਤੇਵਰਾਂ ਵਾਸਤੇ ਜਾਣੀ ਜਾਂਦੀ ਪੰਜਾਬ ਪੁਲਿਸ ਦਾ ਇਹ ਇੱਕ ਨਵਾਂ ਰੰੰਗ ਸਾਹਮਣੇ ਆਇਆ ਹੈ। ਹਾਲਾਂਕਿ ਕੋਵਿਡ ਦੀ ਪਿਛਲੀ ਲਹਿਰ ਦੌਰਾਨ ਵੀ ਪੁਲਿਸ ਮੁਲਾਜਮਾਂ ਨੇ ਇਸ ਤਰਾਂ ਦੀ ਸੇਵਾ ਕਰਨ ਦੀ ਕਸਰ ਬਾਕੀ ਨਹੀਂ ਛੱਡੀ ਸੀ ਪਰ ਇਸ ਵਾਰ ਵੀ ਇਹ ਪੁਲਿਸ ਮੁਲਾਜਮ ਦੂਣੇ ਚੌਣੇ ਹੌਂਸਲੇ ਨਾਲ ਅੱਗੇ ਆਏ ਹਨ। ਪੰਜਾਬ ਪੁਲਿਸ ਨੇ ਕਰੋਨਾ ਵਾਇਰਸ ਦੀ ਮਾਰ ਹੇਠ ਆਏ ਪ੍ਰੀਵਾਰਾਂ ਦੇ ਘਰਾਂ ਤੱਕ ਮੁਫ਼ਤ ਵਿੱਚ ਪੱਕਿਆ ਪਕਾਇਆ ਖਾਣਾ ਪਹੰੁਚਾਉਣ ਲਈ 181 ਜਾਂ 112 ਸਮੇਤ ਭੋਜਨ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਹੈ।
ਡੀਜੀਪੀ ਪੰਜਾਬ ਵੱਲੋਂ ਕਰੋਨਾ ਨਾਲ ਜੂਝ ਰਹੇ ਉਨ੍ਹਾਂ ਪ੍ਰੀਵਾਰਾਂ ਨੂੰ ਖਾਣਾ ਮੁਹੱਈਆ ਕਰਵਾਉਣ ਦੇ ਫੈਸਲੇ ਤਹਿਤ ਜਿੰਨ੍ਹਾਂ ਨੂੰ ਖਾਣਾ ਬਨਾਉਣ ’ਚ ਦਿੱਕਤਾਂ ਆ ਰਹੀਆਂ ਹਨ ਲਈ ਬਠਿੰਡਾ ਪੁਲਿਸ ਨੇ ਅੱਜ ਚੁੱਲ੍ਹਾ ਤਪਾਉਣਾ ਸ਼ੁਰੂ ਕਰ ਦਿੱਤਾ ਹੈ। ਵੱਡੀ ਗੱਲ ਹੈ ਕਿ ਖਾਣਾ ਤਿਆਰ ਕਰਨ ਵਾਲੇ ਪੁਲਿਸ ਮੁਲਾਜਮਾਂ ਦਾ ਜਜਬਾ ਦੇਖਣ ਵਾਲਾ ਹੈ। ਖਾਣ ਪੀਣ ਦੀਆਂ ਵਸਤਾਂ ਪਹੁੰਚਾਉਣ ਦੇ ਨਾਲ ਨਾਲ ਹੀ ਪੁਲਿਸ ਟੀਮਾਂ ਪਰਿਵਾਰਾਂ ਦੀ ਤੰਦਰੁਸਤੀ ਬਾਰੇ ਪੁੱਛਗਿੱਛ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪ੍ਰਭਾਵਿਤ ਪ੍ਰੀਵਾਰਾਂ ਨੂੰ ਲੁੜੀਂਦੀ ਹੋਰ ਵੀ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਕਿ ਕੋਵਿਡ -19 ਸੰਕਟ ਦਰਮਿਆਨ ਪੰਜਾਬ ਵਿੱਚ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ ਤੋਂ ਬਾਅਦ ਇਹ ਪਹਿਲਕਦਮੀ ਹੋਈ ਹੈ।
ਕੁੱਝ ਪੀੜਤ ਪ੍ਰੀਵਾਰਾਂ ਦਾ ਪ੍ਰਤੀਕਰਮ ਸੀ ਕਿ ਅਜਿਹੇ ਮੁਸ਼ਕਿਲ ਵਕਤ ਦੌਰਾਨ ਜਦੋਂ ਰਿਸ਼ਤੇਦਾਰ ਅਤੇ ਦੋਸਤ ਵੀ ਸਹਾਇਤਾ ਕਰਨ ਤੋਂ ਝਿਜਕਦੇ ਹਨ ਤਾਂ ਪੁਲਿਸ ਉਨ੍ਹਾਂ ਘਰ ‘ਚ ਹੀ ਖਾਣਾ ਮੁਹੱਈਆ ਕਰਵਾਉਣ ਆਈ ਹੈ ਜੋਕਿ ਇਨਸਾਨੀ ਪੱਖ ਤੋਂ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਆਖਿਆ ਕਿ ਉਹ ਪਿਛਲੇ ਕੁੱਝ ਦਿਨਾਂ ਤੋਂ ਦਿੱਕਤ ਮਹਿਸੂਸ ਕਰ ਰਹੇ ਸਨ ਪਰ ਪੁਲਿਸ ਵੱਲੋਂ ਮੋਰਚਾ ਸੰਭਾਲਣ ਕਾਰਨ ਉਨ੍ਹਾਂ ਨੂੰ ਰਾਹਤ ਮਿਲਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਖਾਣਾ ਦੇਣ ਲਈ ਆਏ ਪੁਲਿਸ ਮੁਲਾਜਮਾਂ ਨੇ ਪ੍ਰੀਵਾਰਾਂ ਦੀ ਸਥਿਤੀ ਵੀ ਪੁੱਛੀ ਹੈ ਅਤੇ ਦਵਾਈਆਂ ਵਗੈਰਾ ਦੀ ਲੋੜ ਬਾਰੇ ਦੱਸਣ ਲਈ ਆਖਿਆ ਹੈ। ਮਹਾਂਮਾਰੀ ਦੇ ਸੰਕਟ ਦੌਰਾਨ ਇਸ ਮਨੁੱਖਤਾਵਾਦੀ ਪਹਿਲ ਦੀ ਸ਼ੁਰੂਆਤ ਲਈ ਇੰਨ੍ਹਾਂ ਪੀੜਤ ਪ੍ਰੀਵਾਰਾਂ ਨੇ ਪੰਜਾਬ ਪੁਲਿਸ ਦਾ ਧੰਨਵਾਦ ਵੀ ਕੀਤਾ ਹੈ।
ਬਠਿੰਡਾ ਪੁਲਿਸ ਪਹੰਚਾਉਂਦੀ ਖਾਣਾ:ਐਸ ਪੀ
ਐਸ.ਪੀ.ਸਥਾਨਕ ਸੁਰਿੰਦਰਪਾਲ ਸਿੰਘ ਦਾ ਕਹਿਣਾ ਸੀ ਕਿ ਇਹ ਖਾਣਾ ਪੁਲੀਸ ਮੁਲਾਜਮਾਂ ਆਪ ਹੀ ਤਿਆਰ ਕਰਦੇ ਹਨ ਅਤੇ ਕੋਰੋਨਾ ਪੀੜਤ, ਜਿਨ੍ਹਾਂ ਦੇ ਘਰ ਵਿੱਚ ਕੋਈ ਭੋਜਨ ਪਕਾਉਣ ਵਾਲਾ ਨਹੀਂ ਜਾਂ ਪਰਿਵਾਰ ਦੇ ਮੈਂਬਰ ਆਪਣੇ ਘਰਾਂ ਵਿੱਚ ਇਕਾਂਤਵਾਸ ਹਨ, ਨੂੰ ਇਹ ਖਾਣਾ ਪੈਕ ਕਰਕੇ ਉਨ੍ਹਾਂ ਦੇ ਘਰ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਪੀੜਤਾਂ ਲਈ ਇਸ ਵਿਸ਼ੇਸ਼ ਉਪਰਾਲੇ ਤਹਿਤ ਬਠਿੰਡਾ ਪੁਲੀਸ ਲਾਈਨ ਦੀ ਮੈਸ ਵਿੱਚੋਂ 7, ਥਾਣਾ ਨੇਹੀਆਂਵਾਲਾ ਚੋਂ 3 ਅਤੇ ਥਾਣਾ ਸਿਟੀ ਰਾਮਪੁਰਾ ਵੀ 3 ਪਰਿਵਾਰਾਂ ਨੂੰ ਖਾਣਾ ਤਿਆਰ ਕਰਵਾ ਕੇ ਭੇਜ ਚੁੱਕਿਆ ਹੈ। ਬਠਿੰਡਾ ਜ਼ਿਲ੍ਹੇ ਦੇ ਸਾਰੇ ਥਾਣਿਆਂ ਵਿਚੋਂ ਵੀ ਹੈਲਪਲਾਈਨ ਤੇ ਖਾਣੇ ਸਬੰਧੀ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਸਬੰਧਤ ਇਲਾਕੇ ਦੇ ਐਸ.ਐਚ.ਓ ਵੱਲੋਂ ਕੋਰੋਨਾ ਪੀੜਤਾਂ ਨੂੰ ਖਾਣਾ ਭੇਜਿਆ ਜਾਂਦਾ ਹੈ।
ਡੀ ਐਸ ਪੀ ਰੋਮਾਣਾ ਵੀ ਅੱਗੇ ਆਏ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਡੀ.ਐਸਪੀ.ਸਿਟੀ-1 ਬਠਿੰਡਾ ਗੁਰਜੀਤ ਸਿੰਘ ਰੋਮਾਣਾ ਵੀ ਅੱਗੇ ਆਏ ਹਨ। ਉਨ੍ਹਾਂ ਰੇਲਵੇ ਲਾਈਨਾਂ ਦੇ ਨਜ਼ਦੀਕ ਝੁੱਗੀ ਝੌਂਪੜੀ ’ਚ ਰਹਿੰਦੇ 16 ਗਰੀਬ ਪਰਿਵਾਰ ਨੂੰ ਸੁੱਕਾ ਰਾਸ਼ਨ ਵੰਡਿਆ ਹੈ। ਵਸ੍ਰੀ ਰੋਮਾਣਾ ਪਿਛਲੇ ਇੱਕ ਸਾਲ ਤੋਂ ਆਮ ਲੋਕਾਂ ਨੂੰ ਕਰੋਨਾ ਸੰਕਟ ਦੇ ਮੱਦੇਨਜ਼ਰ ਸਾਵਧਾਨੀਆ ਵਰਤਣ ਦੀ ਪ੍ਰੇਰਣਾ ਦਿੰਦੇ ਆ ਰਹੇ ਹਨ।
ਹੈਲਪਲਾਈਨ ਤੇ ਫੋਨ ਕਰਨ ਲੋੜਵੰਦ:ਐਸ ਐਸ ਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਖਾਣੇ ਦੀ ਸਮੱਸਿਆ ਨਾਲ ਜੂਝ ਰਿਹਾ ਕੋਈ ਵੀ ਕੋਵਿਡ ਰੋਗੀ ਆਪਣੇ ਘਰ ਹੀ ਪਕਾਏ ਗਏ ਖਾਣੇ ਦੀ ਡਲਿਵਰੀ ਲਈ 24 ਘੰਟੇ ਕਿਸੇ ਵੀ ਸਮੇਂ 181 ਜਾਂ 112 ‘ਤੇ ਕਾਲ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਆਪਣੀ ਐਮਰਜੈਂਸੀ ਹੈਲਪਲਾਈਨ 112 ਨੂੰ ‘ਹੰਗਰ ਹੈਲਪਲਾਈਨ’ ਵਿੱਚ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਲਹਿਰ ਦੌਰਾਨ ਵੀ ਪੁਲਿਸ ਨੇ ਸਾਲ 2020 ਦੌਰਾਨ ਗੈਰ ਸਰਕਾਰੀ ਸੰਗਠਨਾਂ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬ ਦੇ ਲੋਕਾਂ ਨੂੰ ਪਕਾਏ ਖਾਣੇ ਅਤੇ ਸੁੱਕੇ ਰਾਸ਼ਨ ਦੇ ਪੈਕੇਟ ਵੀ ਵੰਡੇ ਸਨ।