ਕੋਰੋਨਾ ਮਹਾਮਾਰੀ ਦੌਰਾਨ 24 ਘੰਟੇ ਲੋਕਾਂ ਸੇਵਾ ਵਿੱਚ ਹਾਜ਼ਰ ਹਾਂ: ਕੁਲਵੰਤ ਸਿੰਘ
ਹਰਜਿੰਦਰ ਸਿੰਘ ਭੱਟੀ
- ਸਿਹਤ ਮੰਤਰੀ ਦੇ ਆਪਣੇ ਜ਼ਿਲ੍ਹੇ 'ਚ ਸਿਹਤ ਸਹੂਲਤਾਂ ਦਾ ਮਾੜਾ ਹਾਲ: ਸਾਬਕਾ ਮੇਅਰ
ਮੋਹਾਲੀ, 19 ਮਈ 2021 - ਐਸ.ਏ.ਐਸ. ਨਗਰ, ਮੁਹਾਲੀ ਦੇ ਸਾਬਕਾ ਮੇਅਰ ਸ. ਕੁਲਵੰਤ ਸਿੰਘ ਨੇ ਕਿਹਾ ਕਿ ਉਹ ਕੋਰੋਨਾ ਦੀ ਮਹਾਮਾਰੀ ਦੌਰਾਨ ਮੁਹਾਲੀ ਵਾਸੀਆਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹਨ ਅਤੇ ਜਿਸ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਮੱਦਦ ਦੀ ਲੋੜ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ, ਅਸੀਂ ਉਸਦੀ ਹਰ ਸੰਭਵ ਮੱਦਦ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੱਧਰ 'ਤੇ ਪੂਰੇ ਸ਼ਹਿਰ ਨੂੰ ਸੈਨੀਟਾਈਜ ਕਰਨ ਲਈ 1100 ਲੀਟਰ ਦੀ ਟੈਂਕ ਵਾਲੀ ਸੈਨੀਟਾਈਜ਼ਰ ਮਸ਼ੀਨ ਵੀ ਮੁਹਾਲੀ ਵਾਸੀਆਂ ਨੂੰ ਸਮਰਪਿਤ ਕੀਤੀ ਹੈ, ਜਿਸ ਨਾਲ ਕੋਈ ਵੀ ਵਿਅਕਤੀ ਆਪਣੇ ਗਲੀ-ਮੁਹੱਲੇ ਨੂੰ ਮੁਫ਼ਤ ਵਿੱਚ ਸੈਨੀਟਾਈਜ਼ ਕਰਵਾ ਸਕਦਾ ਹੈ।
ਸਾਬਕਾ ਮੇਅਰ ਨੇ ਨੈਸ਼ਨਲ ਟੀ.ਵੀ ਦੀ ਇੱਕ ਰਿਪੋਰਟ ਦੇ ਅਧਾਰ 'ਤੇ ਗੱਲ ਕਰਦਿਆਂ ਕਿਹਾ ਕਿ ਬੜੀ ਸ਼ਰਮ ਵਾਲੀ ਗੱਲ ਹੈ ਕਿ ਸਿਹਤ ਮੰਤਰੀ ਦੇ ਆਪਣੇ ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਦਾ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਜਦੋਂ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੌਰਾਨ ਮਾਹਿਰਾਂ ਨੇ ਚਿਤਾਵਨੀ ਦਿੱਤੀ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਆਵੇਗੀ, ਪਰੰਤੂ ਇਸਦੇ ਬਾਵਜੂਦ ਵੀ ਸਿਹਤ ਮੰਤਰੀ ਨੇ ਸਿਹਤ ਸਹੂਲਤਾਂ ਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਠੋਸ ਤੇ ਢੁਕਵੇਂ ਪ੍ਰਬੰਧ ਨਹੀਂ ਕੀਤੇ, ਜਿਸਦਾ ਖਮਿਆਜ਼ਾ ਮੁਹਾਲੀ ਸਮੇਤ ਪੰਜਾਬ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਹਫਤਿਆਂ ਤੋਂ ਆਕਸੀਜਨ ਨਾ ਮਿਲਣ ਜਾਂ ਘੱਟ ਮਿਲਣ ਦੀਆਂ ਖ਼ਬਰਾਂ ਨੇ ਹਰ ਵਿਅਕਤੀ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਗਰੀਬ ਵਿਅਕਤੀ ਬਿਮਾਰੀ ਦੌਰਾਨ ਸਿਰਫ਼ ਸਰਕਾਰੀ ਹਸਪਤਾਲਾਂ ਵਿੱਚ ਜਾਂਦਾ ਹੈ ਤੇ ਸਰਕਾਰੀ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ, ਜਿਸ ਕਾਰਨ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਨਿੱਜੀ ਹਸਪਤਾਲਾਂ ਵਿੱਚ ਆਮ ਵਿਅਕਤੀ ਜਾਂ ਗਰੀਬ ਵਿਅਕਤੀ ਦਾਖਲ ਨਹੀਂ ਹੋ ਸਕਦਾ ਕਿਉਂਕਿ ਉੱਥੇ ਲੱਖਾਂ ਰੁਪਏ ਦਾ ਬਿੱਲ ਬਣ ਜਾਂਦਾ ਹੈ ਜੋ ਗਰੀਬ ਵਿਅਕਤੀ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਜਾਂ ਸਰਕਾਰ ਨੂੰ ਚਾਹੀਦਾ ਹੈ ਕਿ ਨਿੱਜੀ ਹਸਪਤਾਲਾਂ ਦਾ ਕੰਟਰੋਲ ਆਪਣੇ ਹੱਥ ਵਿੱਚ ਲਵੇ ਤਾਂ ਜੋ ਹਸਪਤਾਲਾਂ ਵੱਲੋਂ ਇਸ ਮਹਾਮਾਰੀ ਦੌਰਾਨ ਕੀਤੀ ਜਾਂਦੀ ਆਮ ਲੋਕਾਂ ਦੀ ਲੁੱਟ ਨੂੰ ਠੱਲ ਪਾਈ ਜਾ ਸਕੇ।