ਕੋਵਿਡ ਕਰਕੇ ਹੋਣ ਵਾਲੀ ਮੌਤ ਦਰ ਘੱਟ ਹੋਣ ਕਰਕੇ ਜਲੰਧਰ ਸੂਬੇ ਭਰ 'ਚ 15ਵੇਂ ਰੈਂਕ 'ਤੇ ਡਿਪਟੀ ਕਮਿਸ਼ਨਰ
- ਕਿਹਾ, ਕੋਵਿਡ ਸੈਂਪਲ, ਕੰਟੈਕਟ ਟਰੇਸਿੰਗ ਅਤੇ ਮਰੀਜ਼ਾਂ ਦੇ ਸਮੇਂ ਸਿਰ ਇਲਾਜ ਸਦਕਾ ਮਿਲੀ ਇਹ ਪੁਜੀਸ਼ਨ
ਜਲੰਧਰ 22 ਮਈ 2021 - ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਸੁਹਿਰਦ ਉਪਰਾਲਿਆਂ ਸਦਕਾ ਜਲੰਧਰ ਜ਼ਿਲ੍ਹੇ ਨੇ ਕੋਵਿਡ ਕਰਕੇ ਮੌਤ ਦਰ ਸਭ ਤੋਂ ਘੱਟ ਹੋਣ ਕਰਕੇ ਸੂਬੇ ਭਰ ਵਿੱਚ ਸੀ.ਐਫ.ਆਰਜ਼ ਇੰਡੈਕਸ ਵਿੱਚ 15 ਸਥਾਨ ਹਾਸਿਲ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ ਦੇ 56400 ਪਾਜੀਟਿਵ ਕੇਸ ਪਾਏ ਗਏ ਸਨ ਜਿਨਾਂ ਵਿਚੋਂ 1290 ਦੀ ਮੌਤ ਹੋਣ ਨਾਲ ਮੌਤ ਦਰ 2.29 ਫੀਸਦ ਹੈ। ਉਨ੍ਹਾਂ ਦੱਸਿਆ ਕਿ ਤੇਜ਼ੀ ਨਾਲ ਕੋਵਿਡ ਸੈਂਪਲ ਲੈਣ, ਕੋਵਿਡ ਮਰੀਜ਼ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਪਹਿਚਾਣ ਕਰਨ ਅਤੇ ਸਮੇਂ ਸਿਰ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਕਰਕੇ ਕੋਵਿਡ ਕਰਕੇ ਹੋਣ ਵਾਲੀ ਮੌਤ ਦਰ ਨੂੰ ਸਭ ਤੋਂ ਘੱਟ ਯਕੀਨੀ ਬਣਾਇਆ ਜਾ ਸਕਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ ਟੈਸਟਿੰਗ ਦੀ ਚਲਾਈ ਗਈ ਮੁਹਿੰਮ ਤਹਿਤ ਸਿਹਤ ਅਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ 'ਤੇ ਵਿਆਪਕ ਕੋਵਿਡ ਟੈਸਟ ਕੀਤੇ ਗਏ। ਇਸ ਦੇ ਨਾਲ ਹੀ ਹਾਟ ਸਪਾਟ ਇਲਾਕਿਆਂ ਵਿੱਚ 100 ਫੀਸਦ ਸੈਂਪਲਿੰਗ ਦੇ ਨਾਲ-ਨਾਲ ਪਾਜੀਟਿਵ ਲੋਕਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਵੱਧ ਤੋਂ ਵੱਧ ਪਹਿਚਾਣ ਕੀਤੀ ਗਈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਸਮੇਂ ਸਿਰ ਘਰ ਵਿੱਚ ਇਕਾਂਤਵਾਸ ਕਰਨ ਅਤੇ ਇਲਾਜ ਮੁਹੱਈਆ ਕਰਵਾਉਣ ਨੇ ਵੀ ਮੌਤ ਦਰ ਨੂੰ ਕਾਬੂ ਹੇਠ ਰੱਖਣ ਵਿੱਚ ਮਦਦ ਕੀਤੀ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚਿਰ ਸਥਾਈ ਰਣਨੀਤੀ ਵੀ ਅਪਣਾਈ ਗਈ, ਜਿਸ ਤਹਿਤ ਹੋਮ ਆਈਸੋਲੇਸ਼ਨ ਵਿੱਚ ਵਿਅਕਤੀਆਂ ਨੂੰ ਪੂਰੀ ਨਿਗਰਾਨੀ ਵਿੱਚ ਰੱਖਿਆ ਗਿਆ ਅਤੇ ਜੇਕਰ ਕਿਸੇ ਵਿਅਕਤੀ ਵਿੱਚ ਕੋਵਿਡ ਦੇ ਗੰਭੀਰ ਲੱਛਣ ਦਿਖਾਈ ਦਿੱਤੇ ਤਾਂ ਉਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਉਨ੍ਹਾਂ ਦਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਪੈਦਾ ਹੋਏ ਵੱਖ-ਵੱਖ ਮਸਲਿਆਂ ਨੂੰ ਹੱਲ ਕਰਨ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਅਤੇ ਜ਼ਿਲ੍ਹੇ ਦੇ ਕੋਵਿਡ ਕੇਅਰ ਸੈਂਟਰਾਂ ਵਿੱਚ ਲੋੜੀਂਦੀ ਮਾਤਰਾ ਵਿੱਚ ਆਕਸੀਜਨ ਸਪਲਾਈ ਨੂੰ ਵੀ ਯਕੀਨੀ ਬਣਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਮਹਾਂਮਾਰੀ ਦੇ ਇਸ ਔਖੇ ਸਮੇਂ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਬਹਿਤਰੀਨ ਡਾਕਟਰੀ ਸੇਵਾਵਾਂ ਮੁਹੱਈਆ ਕਰਨ ਲਈ ਵਚਨਬੱਧ ਹੈ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।