ਕੋਵਿਡ ਮੁਕਤ ਪਿੰਡ ਮੁਹਿੰਮ' ਨੂੰ ਕਾਮਯਾਬ ਕਰਨ ਲਈ ਪਟਿਆਲਾ ਪ੍ਰਸ਼ਾਸਨ ਪੱਬਾਂਭਾਰ
ਜੀ ਐਸ ਪੰਨੂ
- ਡਵੀਜ਼ਨਲ ਕਮਿਸ਼ਨਰ ਦਰਜਨ ਪਿੰਡਾਂ ਦੇ ਸਰਪੰਚਾਂ ਦੇ ਹੋਏ ਰੂ-ਬ-ਰੂ
ਸਨੌਰ/ਪਟਿਆਲਾ, 27 ਮਈ, 2021 - 'ਕੋਵਿਡ ਮੁਕਤ ਪਿੰਡ' ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਨੌਰ ਹਲਕੇ ਦੇ ਦਰਜਨ ਦੇ ਕਰੀਬ ਪਿੰਡਾਂ ਦੇ ਸਰਪੰਚਾਂ ਨਾਲ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ ਰੂ ਬ ਰੂ ਹੋਏ। ਸਨੌਰ ਦੇ ਪਿੰਡਾਂ ਬੋਸਰ ਕਲਾਂ ਅਤੇ ਜੋਗੀਪੁਰ ਦੇ ਸਰਪੰਚਾਂ ਨੂੰ ਕੋਵਿਡ ਤੋਂ ਬਚਾਅ ਲਈ ਪਿੰਡਾਂ ਦੀ ਵੱਸੋਂ ਦਾ 100 ਫ਼ੀਸਦੀ ਟੀਕਾਕਰਣ ਦਾ ਸੁਨੇਹਾ ਵੀ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਤੱਕ ਪਹੁੰਚਾਇਆ।
ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨਾਲ ਸਰਪੰਚਾਂ ਦੀ ਵੀਡੀਓ ਕਾਲ ਰਾਹੀਂ ਗੱਲਬਾਤ ਵੀ ਕਰਵਾਈ,। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਕੋਵਿਡ ਮਹਾਂਮਾਰੀ ਤੋਂ ਬਚਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਇਸ ਤੋਂ ਬਿਨ੍ਹਾਂ ਸੰਕਟ ਦੀ ਇਸ ਘੜੀ 'ਚ ਗਰੀਬਾਂ, ਲੋੜਵੰਦਾਂ ਅਤੇ ਖਾਸ ਕਰਕੇ ਮਜਦੂਰਾਂ ਦੀ ਮਦਦ ਲਈ ਉਲੀਕੀ ਵਿਸ਼ੇਸ਼ ਯੋਜਨਾ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ।
ਕਮਿਸ਼ਨਰ ਨੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਬਾਬਤ ਕੁਝ ਗ਼ਲਤ ਅਨਸਰਾਂ ਵੱਲੋਂ ਫੈਲਾਏ ਜਾ ਰਹੇ ਭਰਮ-ਭੁਲੇਖਿਆਂ ਤੋਂ ਵੀ ਸਾਵਧਾਨ ਕੀਤਾ ਅਤੇ ਸਾਵਧਾਨੀ ਵਰਤਣ ਲਈ ਕਿਹਾ ਅਤੇ ਸਰਪੰਚਾਂ ਨੂੰ ਕੋਵਿਡ ਤੋਂ ਬਚਣ ਲਈ ਵੱਡੇ ਹਥਿਆਰਾਂ, ਮਾਸਕ, ਸਮਾਜਿਕ ਦੂਰੀ ਤੇ ਹੱਥ ਵਾਰ-ਵਾਰ ਧੋਣ ਜਾਂ ਸੈਨੇਟਾਈਜ ਕਰਨ ਬਾਰੇ ਅਤੇ ਕੋਵਿਡ ਲਾਗ ਪੀੜਤ ਹੋਣ 'ਤੇ ਘਰੇਲੂ ਇਕਾਂਤਵਾਸ ਬਾਰੇ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਜਾਗਰੂਕ ਕਰਨ ਲਈ ਆਖਿਆ ਨਾਲੇੇ ਦੱਸਿਆ ਕਿ ਪੰਜਾਬ ਦੇ ਪਿੰਡਾਂ ਨੂੰ ਕੋਵਿਡ ਮੁਕਤ ਬਣਾਉਣ ਲਈ ਪੇਂਡੂ ਮਿਸ਼ਨ ਫ਼ਤਹਿ ਮੁਹਿੰਮ ਵਿੱਢਦਿਆਂ ਹਰ ਉਸ ਪਿੰਡ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ, ਜਿੱਥੇ 100 ਫੀਸਦੀ ਕੋਵਿਡ ਵੈਕਸੀਨੇਸ਼ਨ ਲੱਗੀ ਹੋਵੇ।ਇਸ ਤੋਂ ਇਲਾਵਾ ਸਰਪੰਚ ਵੱਲੋਂ ਕੋਵਿਡ ਤੋਂ ਬਚਾਅ ਲਈ 5000 ਰੁਪਏ ਤੋਂ 50 ਹਜਾਰ ਰੁਪਏ ਤੱਕ ਖ਼ਰਚਾ ਕਰਨ ਦੀ ਪ੍ਰਵਾਨਗੀ ਬਾਰੇ ਵੀ ਜਾਣੂ ਕਰਵਾਇਆ ਗਿਆ।
ਪੀ ਸੀ ਨੇ ਕਿਹਾ ਕਿ ਕੋਵਿਡ ਦੀ ਇਸ ਲਹਿਰ 'ਚ ਮੌਤਾਂ ਬਹੁਤ ਜਲਦ ਹੋ ਰਹੀਆਂ ਹਨ, ਜਿਸ ਲਈ ਕੋਵਿਡ ਤੋਂ ਬਚਣ ਲਈ ਸਾਵਧਾਨੀਆਂ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਇਆ ਜਾਵੇ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਸਖ਼ਤੀ ਨਾਲ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਕੋਵਿਡ ਤੋਂ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਚੌਕਸ ਹੈ।
ਇਸ ਮੌਕੇ ਬੀ.ਡੀ.ਪੀ.ਓ. ਧਰਮਪਾਲ ਸ਼ਰਮਾ ਤੋਂ ਇਲਾਵਾ ਜੋਗੀਪੁਰ ਸਰਪੰਚ ਰਾਜਵੀਰ ਸਿੰਘ, ਸਰਪੰਚ ਲਲੀਨਾ ਕ੍ਰਿਸ਼ਨ ਸਿੰਘ, ਬੋਸਰ ਕਲਾਂ ਸਰਪੰਚ ਤੀਰਥ ਸਿੰਘ, ਸਰਪੰਚ ਪੂਨੀਆਂ ਜੱਟਾਂ ਹਰਵਿੰਦਰ ਸਿੰਘ, ਸਰਪੰਚ ਨੂਰਖੇੜੀਆਂ ਬੂਟਾ ਸਿੰਘ, ਸਰਪੰਚ ਬੋਲੜ ਕਲਾਂ ਰਣਦੀਪ ਸਿੰਘ ਤੇ ਕਰਤਾਰਪੁਰ ਦੇ ਸਰਪੰਚ ਕਰਮਜੀਤ ਸਿੰਘ ਆਦਿ ਮੌਜੂਦ ਸਨ।