ਕੋਵਿਡ ਮੁਕਤ ਪਿੰਡ ਮੁਹਿੰਮ: ਪੂਰੇ ਪਿੰਡ ਦਾ ਕੋਵਿਡ ਟੀਕਾਕਰਨ ਕਰਾਓ 10 ਲੱਖ ਪਾਓ
ਜੀ ਐਸ ਪੰਨੂ
ਨਾਭਾ/ਪਟਿਆਲਾ, 28 ਮਈ 2021 - ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਰੰਭ ਕੀਤੀ ਗਈ
'ਕੋਵਿਡ ਮੁਕਤ ਪਿੰਡ' ਮੁਹਿੰਮ ਨੂੰ ਕਾਮਯਾਬ ਕਰਨ ਲਈ ਆਮ ਲੋਕ ਅੱਗੇ ਆਉਣ ਤੇ ਕੋਵਿਡ ਤੋਂ ਬਚਾਅ ਲਈ 100 ਫੀਸਦੀ ਆਪਣੇ ਪਿੰਡ ਦੀ ਵੈਕਸੀਨੇਸ਼ਨ ਕਰਵਾਉਣ ਤਾਂ ਕਿ ਸਰਕਾਰ ਦੇ ਐਲਾਨ ਮੁਤਾਬਕ ਪਿੰਡ ਸਰਪੰਚ ਨੂੰ10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾ ਸਕੇ ।
ਹਲਕਾ ਪਟਿਆਲਾ ਦਿਹਾਤੀ ਦੇ ਪਿੰਡਾਂ ਲੰਗ ਅਤੇ ਮੰਡੌੜ ਵਿਖੇ ਇਲਾਕੇ ਦੇ ਦਰਜਨ ਤੋਂ ਵਧੇਰੇ ਪਿੰਡਾਂ ਦੇ ਸਰਪੰਚਾਂ ਨਾਲ ਮੁਲਾਕਾਤ ਕਰਕੇ ਡਵੀਜ਼ਨ ਕਮਿਸ਼ਨਰ ਨੇ ਅਪੀਲ ਕੀਤੀ ਕਿ ਪਿੰਡਾਂ 'ਚ ਵੱਧ ਰਹੀ ਕੋਵਿਡ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਕੇ ਵੱਧ ਤੋਂ ਵੱਧ ਟੈਸਟ ਕਰਵਾਉਣ ਅਤੇ ਕੋਵਿਡ ਵੈਕਸੀਨੇਸ਼ਨ ਲਗਵਾਏ ਜਾਣ ਲਈ ਪ੍ਰੇਰਤ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਜਨਾਬ ਬਹਾਦਰ ਖਾਨ ਅਤੇ ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ ਵੀ ਮੌਜੂਦ ਸਨ।
ਉਨ੍ਹਾਂ ਨੇ ਕੋਵਿਡ ਟੀਕਾਕਰਨ ਬਾਬਤ ਕੁਝ ਗ਼ਲਤ ਅਨਸਰਾਂ ਵੱਲੋਂ ਫੈਲਾਏ ਜਾ ਰਹੇ ਭਰਮ-ਭੁਲੇਖਿਆਂ ਤੋਂ ਬਚਣ ਲਈ ਵੀ ਆਖਿਆ।
ਇਸ ਮੌਕੇ ਜਨਾਬ ਬਹਾਦਰ ਖ਼ਾਨ ਨੇ ਚੰਦਰ ਗੈਂਦ ਦਾ ਸਵਾਗਤ ਕਰਦਿਆਂ ਦੱਸਿਆ ਕਿ ਪਟਿਆਲਾ ਦਿਹਾਤੀ ਦੇ ਅੰਦਰ ਪੈਂਦੇ ਸ਼ਹਿਰੀ ਇਲਾਕਿਆਂ 'ਚ ਕੋਵਿਡ ਟੀਕਾਕਰਨ ਦੀ ਮੁਹਿੰਮ ਪਹਿਲਾਂ ਹੀ ਤੇਜੀ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਹਲਕੇ ਦੇ ਪਿੰਡਾਂ ਵਿੱਚ ਵੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਇੰਨ-ਬਿੰਨ ਕਰਕੇ ਕੋਵਿਡ ਮੁਕਤ ਪਿੰਡ ਮੁਹਿੰਮ ਨੂੰ ਸਫ਼ਲ ਬਣਾਇਆ ਜਾਵੇਗਾ।
ਬਲਾਕ ਸੰਮਤੀ ਮੈਂਬਰ ਹਰਜਸਪਾਲ ਸਿੰਘ, ਮੰਡੌੜ ਦੇ ਸਰਪੰਚ ਕੁਲਦੀਪ ਕੌਰ, ਸਰਪੰਚ ਲੰਗ ਬਲਵਿੰਦਰ ਸਿੰਘ, ਬੀ.ਡੀ.ਪੀ.ਓ. ਰਜਨੀਸ਼ ਗਰਗ, ਲੰਗ ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਕੌਰ, ਨਾਭਾ ਦੇ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ, ਨਾਇਬ ਤਹਿਸੀਲਦਾਰ ਭੀਮ ਸੈਨ, ਮੰਡੌੜ, ਹਿਆਣਾ ਖੁਰਦ, ਰਾਮਗੜ੍ਹ ਛੰਨਾ, ਅਜਨੌਦਾ, ਆਦਿ ਪਿੰਡਾਂ ਦੇ ਪੰਚ-ਸਰਪੰਚ, ਜੀ.ਓ.ਜੀਜ ਤੇ ਹੋਰ ਪਤਵੰਤੇ ਵੀ ਮੌਜੂਦ ਸਨ।