ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਮਾਸਕ, ਸੈਨੇਟਾਈਜ਼ਰ ਅਤੇ ਦਵਾਈਆਂ ਜ਼ਰੂਰਤਮੰਦਾਂ ਨੂੰ ਵੰਡੀਆਂ
ਹਰੀਸ਼ ਕਾਲੜਾ
ਰੂਪਨਗਰ,19 ਮਈ 2021:ਅੱਜ ਐਂਟੀ ਕੁਰਪਸ਼ਨ ਕ੍ਰਾਈਮ ਪ੍ਰੀਵੈਂਸ਼ਨ ਕੌਪਸ ਐਨ.ਜੀ.ਓ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਰੂਪਨਗਰ, ਦੇ ਤਾਲਮੇਲ ਨਾਲ ਜ਼ਰੂਰਤਮੰਦ ਵਿਅਕਤੀਆਂ ਨੂੰ ਕੋਵਿਡ-19 ਸਾਵਧਾਨੀ ਕਿੱਟਾਂ ਵੰਡੀਆਂ। ਇਨ੍ਹਾਂ ਕਿੱਟਾਂ ਵਿੱਚ ਸੈਨੇਟਾਈਜ਼ਰ, ਮਾਸਕ, ਕੋਵਿਡ-19 ਤੋਂ ਬਚਣ ਲਈ ਦਵਾਈਆਂ ਜਿਵੇਂ ਕਿ ਮਲਟੀ ਵਿਟਾਮਿਨ, ਵਿਟਾਮਿਨ ਸੀ, ਜ਼ਿੰਕ ਅਤੇ ਵਿਟਾਮਿਨ ਡੀ ਸ਼ਾਮਿਲ ਹਨ। ਕਿੱਟਾਂ ਵੰਡਣ ਦਾ ਆਗਾਜ਼ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੇ ਦਫਤਰ ਦੇ ਬਾਹਰ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੈਡਮ ਹਰਪ੍ਰੀਤ ਕੌਰ ਜੀਵਨ ਨੇ ਕੀਤਾ।
ਉਨ੍ਹਾਂ ਨਾਲ ਸ੍ਰੀ ਬੀ.ਐਸ. ਰਮਾਣਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਸ੍ਰੀ ਮਾਨਵ ਸੀ.ਜੇ.ਐਮ ਨੇ ਵੀ ਜ਼ਰੂਰਤਮੰਦਾਂ ਨੂੰ ਸਾਵਧਾਨੀ ਕਿੱਟਾਂ ਵੰਡੀਆਂ। ਐਨ.ਜੀ.ਓ ਦੇ ਸੀ.ਈ.ਓ ਮੈਡਮ ਮੋਨਿਕਾ ਚਾਵਲਾ ਨੇ ਇਸ ਮੌਕੇ ਗੱਲ-ਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਐਨ.ਜੀ.ਓ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਅਤੇ ਆਮ ਲੋਕਾਂ ਦੀ ਸਿਹਤਯਾਬੀ ਲਈ ਹਮੇਸ਼ਾਂ ਅੱਗੇ ਹੋ ਕੇ ਕੰਮ ਕਰਦੀ ਰਹੀ ਹੈ ਤੇ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੇ ਤਾਲਮੇਲ ਨਾਲ ਸਾਵਧਾਨੀ ਕਿੱਟਾਂ ਵੰਡਣ ਦਾ ਕੰਮ ਸ਼ੁਰੂ ਕੀਤਾ ਗਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੁਆਰਾ ਪੈਰਾ ਲੀਗਲ ਵਲੰਟੀਅਰਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਝੁੱਗੀਆ ਝੌਂਪੜੀਆਂ ਵਿੱਚ ਕਿੱਟਾਂ ਵੰਡਣ ਲਈ ਰਵਾਨਾ ਕੀਤੀਆਂ ਗਈਆਂ।
ਇਸ ਮੌਕੇ 'ਤੇ ਮਾਣਯੋਗ ਜੱਜ ਸਾਹਿਬ ਵੱਲੋਂ ਮੈਡਮ ਮੋਨਿਕਾ ਚਾਵਲਾ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਕੋਵਿਡ ਸਬੰਧੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤੇ ਆਪਸੀ ਦੂਰੀ ਬਣਾ ਕੇ ਰੱਖਣ ਤਾਂ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਅਤੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣ ਲਈ ਉਨ੍ਹਾਂ ਦੇ ਟੋਲ ਫਰੀ ਨੰਬਰ 1968 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੋਵਿਡ-19 ਸਬੰਧੀ ਕਿਸੇ ਵੀ ਆਮ ਸ਼ਿਕਾਇਤ ਜਾਂ ਪ੍ਰੇਸ਼ਾਨੀ ਦੇ ਨਿਵਾਰਣ ਲਈ ਪ੍ਰਸ਼ਾਸਨ ਦੇ ਹੈਲਪ ਲਾਈਨ ਨੰਬਰ 01881-221157 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।