ਜਲੰਧਰ: ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ ਦੇ ਸ਼ੱਕੀ ਮ੍ਰਿਤਕ ਵਿਅਕਤੀ ਦਾ ਪੂਰੇ ਸਨਮਾਨ ਨਾਲ ਅੰਤਿਮ ਸਸਕਾਰ
- ਡਿਪਟੀ ਕਮਿਸ਼ਨਰ ਦੀਆਂ ਹਦਾਇਤਾ 'ਤੇ ਮਾਲ ਅਫ਼ਸਰ ਨੇ ਮ੍ਰਿਤਕ ਵਿਅਕਤੀ ਦੇ ਸਸਕਾਰ ਸਬੰਧੀ ਨਿਭਾਈਆਂ ਅੰਤਿਮ ਰਸਮਾਂ
- ਮਹਾਂਮਾਰੀ ਦੇ ਡਰ ਕਾਰਨ ਕੋਈ ਵੀ ਰਸਮਾਂ ਨਿਭਾਉਣ ਲਈ ਤਿਆਰ ਨਹੀਂ ਸੀ
ਜਲੰਧਰ 15 ਮਈ 2021 - ਕੋਵਿਡ-19 ਮਹਾਂਮਾਰੀ ਦੌਰਾਨ ਇਕ ਹੋਰ ਮਾਨਵਤਾ ਦੀ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਅੱਜ ਕੋਵਿਡ ਦੇ ਸ਼ੱਕੀ ਮਰੀਜ਼ ਦੀ ਮੌਤ ਉਪਰੰਤ ਜਦੋਂ ਕਿ ਉਸ ਦਾ ਕੋਈ ਵੀ ਪਰਿਵਾਰਕ ਮੈਂਬਰ ਕੋਲ ਨਹੀਂ ਸੀ ਅਤੇ ਪਿੰਡ ਵਾਸੀ ਕੋਰੋਨਾ ਦੇ ਡਰ ਕਰਕੇ ਅੰਤਿਮ ਰਸਮਾਂ ਨਿਭਾਉਣ ਦੋ ਝਿਜਕ ਰਹੇ ਸਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਸਕਾਰ ਸਬੰਧੀ ਅੰਤਿਮ ਰਸਮਾਂ ਨੂੰ ਪੂਰੇ ਸਨਮਾਨ ਨਾਲ ਨਿਭਾਇਆ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਆਪਣੀ ਡਿਊਟੀ ਤੋਂ ਇਲਾਵਾ ਮ੍ਰਿਤਕ ਵਿਅਕਤੀ ਦਾ ਪੂਰੇ ਸਨਮਾਨ ਨਾਲ ਅੰਤਿਮ ਸਸਕਾਰ ਕਰਕੇ ਇਕ ਉਦਾਹਰਣ ਪੇਸ਼ ਕੀਤੀ ਗਈ।
ਸ਼ਨੀਵਾਰ ਨੂੰ ਪ੍ਰਸ਼ਾਸਨ ਨੂੰ ਕੰਟਰੋਲ ਰੂਮ 'ਤੇ ਇਕ ਫੋਨ ਆਇਆ ਕਿ ਇਕ ਪ੍ਰਵਾਸੀ ਜੋ ਕਿ ਬੜਿੰਗ ਪਿੰਡ ਵਿੱਚ ਕੋਵਿਡ ਪ੍ਰਭਾਵਿਤ ਇਕ ਬਜ਼ੁਰਗ ਔਰਤ ਦੀ ਦੇਖਭਾਲ ਕਰ ਰਿਹਾ ਸੀ। ਪਿੰਡ ਵਾਸੀਆਂ ਨੂੰ ਸ਼ੱਕ ਸੀ ਕਿ ਪ੍ਰਵਾਸੀ ਵੀ ਕੋਵਿਡ-19 ਤੋਂ ਪ੍ਰਭਾਵਿਤ ਹੋ ਗਿਆ ਹੈ ਅਤੇ ਉਸ ਦੀ ਮੌਤ ਵਾਇਰਸ ਕਰਕੇ ਹੋਈ ਹੈ।
ਫੋਨ ਕਰਨ ਵਾਲੇ ਨੇ ਬੇਨਤੀ ਕੀਤੀ ਕਿ ਪ੍ਰਵਾਸੀ ਦਾ ਅੰਤਿਮ ਸਸਕਾਰ ਕੀਤਾ ਜਾਵੇ ਕਿਉਂ ਕਿ ਉਸ ਦਾ ਪਰਿਵਾਰ ਬਿਹਾਰ ਵਿੱਚ ਹੈ, ਜਿਸ 'ਤੇ ਡਿਪਟੀ ਕਮਿਸ਼ਨਰ ਨੇ ਉਪ ਮੰਡਲ ਮੈਜਿਸਟਰੇਟ ਜਲੰਧਰ-1 ਡਾ.ਜੈ ਇੰਦਰ ਸਿੰਘ ਨੂੰ ਪ੍ਰਵਾਸੀ ਦੀਆਂ ਅੰਤਿਮ ਰਸਮਾਂ ਪੂਰੇ ਸਨਮਾਨ ਨਾਲ ਨਿਭਾਉਣ ਲਈ ਕਿਹਾ ਗਿਆ।
ਉਪ ਮੰਡਲ ਮੈਜਿਸਟਰੇਟ ਵਲੋਂ ਕਾਨੂੰਗੋ ਬੂਟਾ ਸਿੰਘ, ਪਟਵਾਰੀ ਕੁਲਵਿੰਦਰ ਸਿੰਘ ਅਤੇ ਹੋਰਨਾਂ ਦੀ ਕੋਵਿਡ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖਦਿਆਂ ਸਸਕਾਰ ਕਰਨ ਲਈ ਟੀਮ ਦਾ ਗਠਨ ਕੀਤਾ ਗਿਆ। ਗੈਰ ਸਰਕਾਰੀ ਸੰਸਥਾ ਆਖ਼ਰੀ ਉਮੀਦ ਵੈਲਫੇਅਰ ਸੁਸਾਇਟੀ ਵਲੋਂ ਪ੍ਰਸ਼ਾਸਨ ਦੀ ਮ੍ਰਿਤਕ ਦੇਹ ਨੂੰ ਲਪੇਟਣ ਵਿੱਚ ਮਦਦ ਕੀਤੀ ਗਈ।
ਡਾ.ਜੈ ਇੰਦਰ ਸਿੰਘ ਨੇ ਦੱਸਿਆ ਕਿ ਟੀਮ ਮੈਂਬਰਾਂ ਵਲੋਂ ਜਰੂਰੀ ਸਾਵਧਾਨੀਆਂ ਨੂੰ ਆਪਣਾਉਂਦੇ ਹੋਏ ਮਾਨਵਤਾ ਦੀ ਸੇਵਾ ਖਾਤਿਰ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਮ੍ਰਿਤਕ ਦੇਹ ਦਾ ਪੂਰੇ ਰੀਤੀ ਰਿਵਾਜਾਂ/ਪ੍ਰੋਟੋਕਾਲ ਅਨੁਸਾਰ ਸਨਮਾਨ ਪੂਰਵਕ ਅੰਤਿਮ ਸਸਕਾਰ ਕਰਨ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ।