ਜਾਣੋ ਇਸ ਜ਼ਿਲ੍ਹੇ ’ਚ ਕੀਤੇ ਜਾਣਗੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਨਜ਼ਰਬੰਦ
ਅਸ਼ੋਕ ਵਰਮਾ
ਬਠਿੰਡਾ, 5 ਮਈ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਥਾਨਕ ਐਸ.ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਨੂੰ ਓਪਨ ਜੇਲ੍ਹ ਬਣਾਇਆ ਗਿਆ ਹੈ। ਉਨ੍ਹਾਂ ਵੱਲੋਂ ਇਹ ਹੁਕਮ ਕੋਵਿਡ-19(ਕੋਰੋਨਾ ਵਾਇਰਸ) ਨੂੰ ਫੈਲਣ ਤੋਂ ਰੋਕਣ ਲਈ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮ ਅਨੁਸਾਰ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਦੇ ਮੱਦੇਨਜ਼ਰ ਜ਼ਿਲ੍ਹੇ ਦੀ ਹਦੂਦ ਅੰਦਰ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਦਿਨ ਸ਼ੁੱਕਰਵਾਰ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਕਿਸੇ ਵੀ ਪਬਲਿਕ ਦੇ ਵਿਅਕਤੀ ਨੂੰ ਘਰ ਤੋਂ ਬਾਹਰ ਸੜਕ ਜਾਂ ਪਬਲਿਕ ਜਗ੍ਹਾ ’ਤੇ ਆਉਣ ਤੋਂ ਮਨਾਹੀ ਕਰਦੇ ਹੋਏ ਕਰਫਿਊ ਦੇ ਹੁਕਮ ਜਾਰੀ ਕੀਤੇ ਗਏ ਸਨ।
ਇਸ ਦੌਰਾਨ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਨਜ਼ਰਬੰਦ ਰੱਖਣ ਲਈ ਜ਼ਿਲ੍ਹੇ ਦੇ ਸੀਨੀਅਰ ਕਪਤਾਨ ਪੁਲਿਸ ਰਾਹੀਂ ਐਸ.ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਨੂੰ ਓਪਨ ਜੇਲ੍ਹ ਸਥਾਪਿਤ ਕਰਨ ਲਈ ਲਿਖਿਆ ਹੈ। ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਪੱਤਰ ਨੂੰ ਵਾਚਦੇ ਹੋਏ ਸਥਾਨਕ ਐਸ.ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਨੂੰ ਓਪਨ ਜੇਲ੍ਹ ਸਥਾਪਿਤ ਕੀਤਾ ਗਿਆ ਹੈ। ਇਹ ਹੁਕਮ ਜ਼ਿਲ੍ਹੇ ਅੰਦਰ ਤੁਰੰਤ ਲਾਗੂ ਹੋਵੇਗਾ।