ਡਿਪਟੀ ਕਮਿਸ਼ਨਰ ਨੇ ਮਿੱਤਸੂਮੀ ਐਗਰੀ ਸਾਇੰਸ ਦਾ ਦੌਰਾ ਕਰਕੇ ਸਮਾਨ ਦਾ ਲਿਆ ਜਾਇਜ਼ਾ
ਅਸ਼ੋਕ ਵਰਮਾ
ਬਠਿੰਡਾ,20 ਮਈ2021: ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਅੱਜ ਇੱਥੋਂ ਦੇ ਉਦਯੋਗਿਕ ਖੇਤਰ ਵਿੱਚ ਸਥਿਤ ਮਿੱਤ ਸੂਮੀ ਐਗਰੀ ਸਾਇੰਸ ਪ੍ਰਾਈਵੇਟ ਲਿਮਟਿਡ ਦਾ ਦੌਰਾ ਕਰਕੇ ਇਸ ਵੱਲੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਭਿਆਨਕ ਬਿਮਾਰੀ ਤੋਂ ਲੋਕਾਂ ਦੇ ਬਚਾਅ ਹਿੱਤ ਦਿੱਤੇ ਜਾ ਰਹੇ ਮੁਫ਼ਤ ਆਕਸੀਜਨ ਕੰਨਸਨਟ੍ਰੇਟਰਾਂ ਲਈ ਸ਼ਲਾਘਾ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਦਿੱਤੀ ਗਈ ਪ੍ਰੇਰਨਾ ਸਦਕਾ ਯੂ.ਐਸ.ਏ. ਅਧਾਰਿਤ ਪੰਜਾਬ ਚੈਂਬਰ ਆਰਗੇਨਾਈਜੇਸ਼ਨ ਵੱਲੋਂ ਇਸ ਮੁਸੀਬਤ ਦੀ ਘੜੀ ਵਿੱਚ ਮਨੁੱਖਤਾ ਦੀ ਭਲਾਈ ਲਈ ਨਿਸ਼ਕਾਮ ਸੇਵਾ ਕਰਦਿਆਂ ਕਰੋਨਾ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਲਈ ਮੁਫ਼ਤ ਕੰਨਸਨਟ੍ਰੇਟਰ ਦੇ ਨਾਲ ਪਲਸ ਆਕਸੀਮੀਟਰ ਅਤੇ ਮਾਸਕ ਆਦਿ ਵੀ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਮਹਾਂਮਾਰੀ ਦੇ ਭਿਆਨਕ ਦੌਰ ਵਿੱਚ ਯੂ.ਐਸ.ਏ. ਅਧਾਰਿਤ ਪੰਜਾਬ ਚੈਂਬਰ ਆਰਗੇਨਾਈਜੇਸ਼ਨ ਦੇ ਨੁਮਾਇੰਦਿਆਂ ਡਾ. ਗੁਰਮੀਤ ਗਿੱਲ ਅਤੇ ਡਾ. ਵਸੀਨ ਬਾਵਾ ਵੱਲੋਂ ਯੂ.ਐਸ.ਏ. ਦੀ ਧਰਤੀ ’ਤੇ ਬੈਠਿਆਂ ਪੰਜਾਬ ਦੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਇੱਕ ਵਡਮੁੱਲਾ ਤੇ ਸ਼ਲਾਘਾਯੋਗ ਕਦਮ ਹੈ। ਪੰਜਾਬ ਚੈਂਬਰ ਆਰਗੇਨਾਈਜੇਸ਼ਨ ਦੇ ਭਾਰਤੀ ਮੈਂਬਰ ਅਤੇ ਮਿੱਤ ਸੂਮੀ ਐਗਰੀ ਸਾਇੰਸ ਪ੍ਰਾਈਵੇਟ ਲਿਮਟਿਡ ਦੇ ਐਮ.ਡੀ. ਬਲਦੀਪ ਸਿੰਘ ਸੰਧੂ ਨੇ ਦੱਸਿਆ ਕਿ ਆਰਗੇਨਾਈਜੇਸ਼ਨ ਵੱਲੋਂ ਹੁਣ ਤੱਕ 80 ਆਕਸੀਜਨ ਕੰਨਸਨਟੇ੍ਰਟਰ ਬਠਿੰਡਾ ਵਿਖੇ ਭੇਜੇ ਗਏ ਸਨ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਵਿੱਚੋਂ 50 ਆਕਸੀਜਨ ਕੰਨਸਨਟ੍ਰੇਟਰ ਪਟਿਆਲਾ, ਜਲੰਧਰ, ਅੰਮ੍ਰਿਤਸਰ ਸਾਹਿਬ, ਮੁਹਾਲੀ, ਫਰੀਦਕੋਟ ਆਦਿ ਜ਼ਿਲਿ੍ਹਆਂ ਦੇ ਹਸਪਤਾਲਾਂ ਨੂੰ ਮੁਫ਼ਤ ਵੰਡੇ ਜਾ ਚੁੱਕੇ ਹਨ ਅਤੇ 30 ਆਕਸੀਜਨ ਕੰਨਸਨਟੇ੍ਰਟਰ ਪੇਂਡੂ ਖੇਤਰ ਨਾਲ ਸਬੰਧਿਤ ਕਰੋਨਾ ਪ੍ਰਭਾਵਿਤ ਪਿੰਡਾਂ ਤੇ ਕਸਬਿਆਂ ਨੂੰ ਵੰਡੇ ਜਾ ਰਹੇ ਹਨ। ਸ੍ਰੀ ਸੰਧੂ ਨੇ ਦੱਸਿਆ ਕਿ ਇਸ ਨਾਲ ਇੱਕੋ ਸਮੇਂ ਦੋ ਮਰੀਜ਼ਾਂ ਨੂੰ 24 ਘੰਟੇ ਲਗਾਤਾਰ ਆਕਸੀਜਨ ਦਿੱਤੀ ਜਾ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਸ ਆਕਸੀਜਨ ਕੰਨਸਨਸਟ੍ਰੇਟਰ ਵੱਲੋਂ ਆਕਸੀਜਨ ਕੁਦਰਤੀ ਹਵਾ ਵਿੱਚੋਂ ਹੀ ਪ੍ਰਾਪਤ ਕੀਤੀ ਜਾਂਦੀ ਹੈ।