ਡੀ ਸੀ ਫਰੀਦਕੋਟ ਵੱਲੋਂ ਅਧਿਕਾਰੀਆਂ ਨੂੰ ਟੀਕਾਕਰਨ, ਟੈਸਟਿੰਗ ਮੁਹਿੰਮ ਹੋਰ ਤੇਜ਼ ਕਰਨ ਦੇ ਆਦੇਸ਼
ਪਰਵਿੰਦਰ ਸਿੰਘ ਕੰਧਾਰੀ
- 18-45 ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ, ਰਜਿਸਟ੍ਰੇਸ਼ਨ ਸ਼ੁਰੂ
- ਹੁਣ ਤੱਕ 87813 ਲੋਕਾਂ ਦੀ ਹੋਈ ਵੈਕਸੀਨੇਸ਼ਨ
ਫ਼ਰੀਦਕੋਟ, 11 ਮਈ 2021 - ਜ਼ਿਲ੍ਹੇ ਵਿੱਚ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਵੱਧ ਤੋਂ ਵੱਧ ਟੈਸਟਿੰਗ ,ਟੀਕਾਕਰਨ ਕਰਵਾਉਣ ਲਈ ਲਗਾਤਾਰ ਜਾਗਰੂਕ/ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਕਰੋਨਾ ਮਹਾਂਮਾਰੀ ਉੱਤੇ ਕਾਬੂ ਪਾਇਆ ਜਾ ਸਕੇ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਰੋਨਾ ਟੀਕਾਕਰਨ ਸੈਂਟਰਾਂ ਤੋਂ ਇਲਾਵਾ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਨ ਲਈ ਹੋਰ ਮੋਬਾਇਲ ਟੀਮਾਂ ਦਾ ਵਾਧਾ ਕਰਨ ਅਤੇ ਪੇਂਡੂ ਖੇਤਰਾਂ ਵਿੱਚ ਲੋਕਾਂ ਦੇ ਵੱਧ ਤੋਂ ਵੱਧ ਟੀਕਾਕਰਨ ਲਈ ਪੰਚਾਇਤਾਂ ਦਾ ਵੀ ਵਿਸ਼ੇਸ਼ ਸਹਿਯੋਗ ਲਿਆ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸ਼ਹਿਰੀ ਖੇਤਰਾਂ ਵਿੱਚ ਵੀ ਵਾਰਡ ਵਾਈਜ਼ ਕੋਰੋਨਾ ਟੀਕਾਕਰਨ ਕੈਂਪ ਲਗਾਉਣ ਅਤੇ ਇਸ ਸੰਬੰਧ ਵਿਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਵੱਖ ਵੱਖ ਸਵੈ ਸੇਵੀ ਤੇ ਧਾਰਮਿਕ ਸੰਸਥਾਵਾਂ ਦੀ ਵੀ ਮਦਦ ਲਈ ਜਾ ਰਹੀ ਹੈ।ਉਨ੍ਹਾਂ ਕੋਰੋਨਾ ਦੀ ਰੋਕਥਾਮ ਲਈ ਵੱਧ ਤੋਂ ਵੱਧ ਟੈਸਟਿੰਗ ਕਰਨ ਲਈ ਵੀ ਲੋਕਾਂ ਨੂੰ ਪ੍ਰੇਰਿਤ ਕਰਨ ਅਤੇ ਕੈਂਪ ਲਗਾਉਣ ਲਈ ਕਿਹਾ ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਤੋ ਬਚਾਓ ਦਾ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਇਸ ਦਾ ਸਰੀਰ ਤੇ ਕੋਈ ਵੀ ਮਾਰੂ ਪ੍ਰਭਾਵ ਨਹੀਂ ਪੈਂਦਾ ਬਲਕਿ ਕੋਰੋਨਾ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਸਮਰੱਥ ਹੈ।
ਉਨ੍ਹਾਂ ਕਿਹਾ ਕਿ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਜਿਵੇਂ ਇੱਕ ਦੂਜੇ ਤੋਂ ਸਮਜਿਕ ਦੂਰੀ ਬਣਾ ਕੇ ਰੱਖਣਾ, ਮਾਸਕ ਪਾਉਣਾ ਅਤੇ ਸਾਫ਼-ਸਫ਼ਾਈ ਤੇ ਸਵੱਛਤਾ ਬਣਾ ਕੇ ਰੱਖਣਾ ਆਦਿ ਦੀ ਪੂਰੀ ਤਰ੍ਹਾਂ ਪਾਲਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸੁਰੱਖਿਆ ਲਈ ਟੀਕਾਕਰਨ ਲਾਜ਼ਮੀ ਕੀਤਾ ਗਿਆ ਹੈ ।ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ 18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ ਅਤੇ ਰਜਿਸਟਰਡ ਕਿਰਤ ਕਾਮਿਆਂ ਨੂੰ ਪਹਿਲ ਦੇ ਆਧਾਰ ਤੇ ਮੁਫਤ ਕੋਵਿਡ ਰੋਧਕ ਟੀਕਾ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਆਦੇਸ਼ਾਂ ਅਨੁਸਾਰ ਫ਼ਰੀਦਕੋਟ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ, ਕਰੋਨਾ ਟੈਸਟਿੰਗ , ਟ੍ਰੈਕਿੰਗ ਅਤੇ ਟ੍ਰੀਟਮੈਂਟ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ ਤਾਂ ਜੋ ਕੋਰੋਨਾ ਮਹਾਂਮਾਰੀ ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕੇ ।ਉਨ੍ਹਾਾਂ ਦੱਸਿਆ ਕਿ ਜਿਲ੍ਹੇ ਅੰਦਰ ਕੋਵਿਡ-19 ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ 87813 ਲੋਕਾਂ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ। ਜਿਲ੍ਹੇ ਅੰਦਰ ਲੋਕਾਂ ਦੇ ਦਰ 'ਤੇ ਟੀਕਾਕਰਨ ਸੇਵਾਵਾਂ ਪ੍ਰਦਾਨ ਕਰਨ ਲਈ 86 ਸਥਾਨਾਂ ਸਾਰੇ ਸਰਕਾਰੀ ਸਿਹਤ ਕੇਂਦਰਾਂ, ਡਿਸਪੈਂਸਰੀਆਂ, ਹਸਪਤਾਲਾਂ ਤੇ ਨਿੱਜੀ ਸਿਹਤ ਸੰਸਥਾਵਾਂ ਵਿਚ ਅਜਿਹੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਇਸ ਤੋ ਇਲਾਵਾ ਜਿਲ੍ਹੇ ਵਿੱਚ ਲੋੜ ਅਨੁਸਾਰ ਮੋਬਾਇਲ ਟੀਮਾਂ ਵੀ ਕੰਮ ਕਰ ਰਹੀਆਂ ਹਨ।