ਦੁਕਾਨਦਾਰਾਂ ਦੀ ਮਦਦ ਲਈ ਆਏ ਕਿਸਾਨ, ਪਰ ਦੁਕਾਨਦਾਰ ਭੱਜੇ ਛੱਡ ਮੈਦਾਨ
ਮਨਿੰਦਰਜੀਤ ਸਿੱਧੂ
- ਕਿਸਾਨਾਂ ਦੇ ਸ਼ਾਂਤੀਪੂਰਵਕ ਪ੍ਰਦਰਸ਼ਨ ਲਈ ਧੰਨਵਾਦੀ ਹਾਂ-ਐੱਸ.ਐੱਚ.ਓ ਰਾਜੇਸ਼ ਕੁਮਾਰ
ਜੈਤੋ, 8 ਮਈ, 2021 - ਸਰਕਾਰ ਦੁਆਰਾ ਲਗਾਏ ਜਾ ਰਹੇ ਲਾਕਡਾਊਨ ਦੇ ਵਿਰੋਧ ਵਿੱਚ ਦੁਕਾਨਦਾਰਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਅਤੇ ਵੱਖ-ਵੱਖ ਥਾਵਾਂ ਉੱਪਰ ਮੀਟਿੰਗਾਂ ਕਰ ਵਿਰੋਧ ਜਤਾਇਆ ਜਾ ਰਿਹਾ ਸੀ।ਦੁਕਾਨਦਾਰਾਂ ਵੱਲੋਂ ਮੰਗ ਰੱਖੀ ਜਾ ਰਹੀ ਸੀ ਕਿ ਸਾਰੇ ਤਰ੍ਹਾਂ ਦੀਆਂ ਦੁਕਾਨਾਂ ਨੂੰ ਲਾਕਡਾਊਨ ਦੌਰਾਨ ਖੋਲ੍ਹਣ ਦੀ ਇਜਾਜਤ ਦਿੱਤੀ ਜਾਵੇ।
ਕਿਸਾਨ-ਮਜਦੂਰ-ਵਪਾਰੀ ਏਕਤਾ ਦੇ ਨਾਅਰੇ ਤੇ ਪਹਿਰਾ ਦਿੰਦੇ ਹੋਏ ਅਤੇ ਪੰਜਾਬ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ਦੇ ਫ਼ੈਸਲੇ ਅਨੁਸਾਰ ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਸਮੁੱਚੇ ਪੰਜਾਬ ਵਿੱਚ ਬਜਾਰਾਂ ਨੂੰ ਖੁਲਵਾਉਣ ਲਈ ਦੁਕਾਨਦਾਰਾਂ ਦਾ ਸਾਥ ਦੇਣ ਲਈ ਇਕੱਠ ਕੀਤੇ ਗਏ।ਇਸੇ ਤਰਜ ਤੇ ਜੈਤੋ ਵਿਖੇ ਵੀ ਕਿਸਾਨ ਜੱਥੇਬੰਦੀਆਂ ਵੱਲੋਂ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ।ਸੈਂਕੜੇ ਕਿਸਾਨ ਆਪੋ ਆਪਣੀਆਂ ਜੱਥੇਬੰਦੀਆਂ ਦੇ ਝੰਡੇ ਹੇਠ ਇਕੱਠੇ ਹੋ ਘੰਟਿਆਂ ਬੱਧੀ ਸੰਘ ਪਾੜ ਪਾੜ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਲਈ ਅਪੀਲ ਕਰਦੇ ਰਹੇ।ਆਗੂਆਂ ਵੱਲੋਂ ਕਿਹਾ ਜਾਂਦਾ ਰਿਹਾ ਕਿ ਤੁਸੀਂ ਸਾਡੇ ਸਮਰਥਨ ਵਿੱਚ ਦੁਕਾਨਾਂ ਬੰਦ ਕਰਦੇ ਰਹੇ ਹੋ, ਅੱਜ ਸਰਕਾਰ ਜਬਰ ਨਾਲ ਤੁਹਾਡੀਆਂ ਦੁਕਾਨਾਂ ਬੰਦ ਕਰਵਾ ਰਹੀ ਹੈ ਤਾਂ ਅਸੀਂ ਵੀ ਤੁਹਾਡੇ ਨਾਲ ਖੜ੍ਹੇ ਹਾਂ।ਆਪਣੀ ਰੋਜੀ ਰੋਟੀ ਕਮਾਉਣ ਲਈ ਤੁਸੀਂ ਦੁਕਾਨਾਂ ਖੋਲੋ। ਉਹਨਾਂ ਕਿਹਾ ਕਿ ਜੇਕਰ ਕੋਈ ਡਾਂਗ ਚੱਲਦੀ ਹੈ ਤਾਂ ਉਹ ਵੀ ਅਸੀਂ ਪਹਿਲਾਂ ਸਹਾਂਗੇ, ਜੇਕਰ ਗੋਲੀ ਵੱਜੂ ਤਾਂ ਪਹਿਲਾਂ ਸਾਡੀ ਛਾਤੀ ਵਿੱਚ ਵੱਜੂ ਅਤੇ ਜੇਕਰ ਪੁਲਿਸ ਪਰਚਾ ਕਰੂ ਤਾਂ ਵੀ ਅਸੀਂ ਪਹਿਲਾਂ ਸਹਾਂਗੇ।
ਪਰ ਸਰਕਾਰ ਅਤੇ ਪ੍ਰਸ਼ਾਸਨ ਦੇ ਖੌਫ ਦੇ ਮਾਰੇ ਜੈਤੋ ਦੇ ਦੁਕਾਨਦਾਰਾਂ ਦੀ ਹਿੰਮਤ ਨਹੀਂ ਪਈ ਅਤੇ ਉਹ ਘਰਾਂ ਦੀਆਂ ਬਾਰੀਆਂ ਵਿੱਚੋਂ ਮਦਦ ਲਈ ਆਏ ਕਿਸਾਨਾਂ ਨੂੰ ਬੋਲਦਿਆਂ ਸੁਣਦੇ ਰਹੇ।ਇਸ ਸੰਬੰਧੀ ਕਿਸਾਨਾਂ ਦਾ ਕਹਿਣਾ ਸੀ ਕਿ ਇਹ ਲੋਕ ਜਿਆਦਾ ਡਰੇ ਹੋਏ ਹਨ, ਅਸੀਂ ਇਹਨਾਂ ਦਾ ਡਰ ਕੱਢਾਂਗੇ ਅਤੇ ਇਹਨਾਂ ਨੂੰ ਜੱਥੇਬੰਦ ਕਰਾਂਗੇ।ਇਸ ਉਪਰੰਤ ਜੱਥੇਬੰਦੀਆਂ ਵੱਲੋਂ ਸਮੁੱਚੇ ਸ਼ਹਿਰ ਦਾ ਮਾਰਚ ਕਰਕੇ ਲੋਕਾਂ ਨੂੰ ਦੁਕਾਨਾਂ ਖੋਲਣ ਦੀ ਅਪੀਲ ਕੀਤੀ ਗਈ ਅਤੇ ਅਖੀਰ ਬਾਜਾਖਾਨਾ ਚੌਂਕ ਵਿੱਚ ਮਾਰਚ ਸਮਾਪਤ ਕਰ ਦਿੱਤਾ ਗਿਆ।
ਬਾਜਾਖਾਨਾ ਚੌਂਕ ਵਿੱਚ ਡਿਊਟੀ ਉੱਪਰ ਤੈਨਾਤ ਜੈਤੋ ਦੇ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਕਿਸਾਨਾਂ ਦਾ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰਨ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਉਹਨਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਦੂਰੀ ਬਣਾ ਕੇ ਰੱਖਣ ਅਤੇ ਮਾਸਕ ਦੀ ਵਰਤੋਂ ਕਰਨ ਲਈ ਕਿਹਾ।ਉਹਨਾਂ ਕਿਹਾ ਕਿ ਜੈਤੋ ਸ਼ਹਿਰ ਵਿੱਚ ਅੱਜ ਮਾਹੌਲ ਪੂਰੇ ਅਮਨ ਕਾਨੂੰਨ ਵਾਲਾ ਸੀ।