ਦੁਪਹਿਰ ਦੇ 1 ਵੱਜਦਿਆਂ ਸਾਰ ਪੁਲਿਸ ਦਾ ਹੂਟਰ ਸੁਣ ਦੁਕਾਨਦਾਰਾਂ ਨੂੰ ਪੈ ਜਾਂਦੀ ਹੱਥਾਂ ਪੈਰਾਂ ਦੀ
ਬਲਵਿੰਦਰ ਸਿੰਘ ਧਾਲੀਵਾਲ
- ਲਾਕਡਾਊਨ ਉਪਰੰਤ ਦਿਨ ਚੜ੍ਹੇ ਛਾ ਜਾਂਦੀ ਬਜਾਰਾਂ ਚ ਵੀਰਾਨਗੀ
ਸੁਲਤਾਨਪੁਰ ਲੋਧੀ 18 ਮਈ 2021 - ਕੋਰੋਨਾ ਮਾਹਾਵਾਰੀ ਦੇ ਵਧ ਰਹੇ ਪ੍ਰਕੋਪ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਸਿਰ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਬਾਂ ਭਾਰ ਹੋਣਾ ਪੈ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੇਂ ਜਾਰੀ ਹੁਕਮਾਂ ਦੇ ਬਾਅਦ ਸਵੇਰੇ 8 ਵਜੇ ਤੋਂ 1 ਵਜੇ ਤੱਕ ਹਰ ਤਰ੍ਹਾਂ ਦੀਆਂ ਦੁਕਾਨਾਂ ਖੋਲ੍ਹਣ ਦੇ ਸਮੇਂ ਨਾਲ ਦੁਕਾਨਦਾਰਾਂ ਨੂੰ ਕੁਝ ਤਾਂ ਹੌਸਲਾ ਹੋਇਆ ਹੈ ।ਕਿਉਂਕਿ ਪਹਿਲਾਂ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਸਮਾਂ ਪ੍ਰਸ਼ਾਸਨ ਨੇ ਨਿਰਧਾਰਤ ਕੀਤਾ ਸੀ। ਪ੍ਰੰਤੂ ਦੁਕਾਨਦਾਰਾਂ ਦੀਆਂ ਲਗਾਤਾਰ ਵਧ ਰਹੀ ਮੰਗ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਕਰ ਦੇਣ ਤੇ ਹੁਣ ਸਿਖਰ ਦੁਪਹਿਰੇ ਪੁਲਸ ਦਾ ਹੂਟਰ ਵੱਜਣ ਤੇ ਦੁਕਾਨਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ, ਜਦੋਂ ਦੁਕਾਨ ਤੇ ਖੜ੍ਹੇ ਗਾਹਕਾਂ ਨੂੰ ਦੁਕਾਨਦਾਰ ਸੌਦਾ ਦਿੰਦਾ ਹੈ।
ਕਿਉਂਕਿ ਦੁਕਾਨਾਂ ਬੰਦ ਹੋਣ ਸਮੇਂ ਗਾਹਕਾਂ ਦੀ ਭੀੜ ਇਕਦਮ ਵਧ ਜਾਂਦੀ ਹੈ ਅਤੇ ਕਈ ਵਾਰ ਦੁਕਾਨਦਾਰ ਗਾਹਕ ਨੂੰ ਸੌਦਾ ਵੀ ਨਹੀਂ ਦੇ ਪਾਉਂਦਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਸਵੇਰੇ 8 ਵਜੇ ਦਾ ਜੋ ਸਮਾਂ ਕੀਤਾ ਹੈ ਉਹ ਤਾਂ ਬਿਲਕੁਲ ਠੀਕ ਹੈ ਪ੍ਰੰਤੂ ਜੇ ਦੁਪਹਿਰ 1 ਵਜੇ ਦੀ ਬਜਾਏ 2 ਜਾਂ 3 ਵਜੇ ਬੰਦ ਕਰਨ ਦਾ ਸਮਾਂ ਹੋ ਜਾਵੇ ਤਾਂ ਫਿਰ ਲਾਕਡਾਊਨ ਜਾਂ ਕਰਫਿਊ ਦਾ ਦੁਕਾਨਦਾਰੀ ਤੇ ਘੱਟ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਗਾਹਕ ਨੂੰ ਸੌਦਾ ਦੇਣ ਸਮੇਂ ਅਸੀਂ ਤਾਂ ਪੂਰੇ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਾਂ। ਪ੍ਰੰਤੂ ਜੇ ਕੋਈ ਦੁਕਾਨਦਾਰ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਦੇ ਉਲਟ ਜਾਂਦਾ ਹੈ ਤਾਂ ਉਸ ਉੱਤੇ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਸਕਦਾ ਹੈ।
ਦੂਜੇ ਪਾਸੇ ਜੰਕ ਫੂਡ, ਆਈਸਕ੍ਰੀਮ, ਗੋਲਗੱਪੇ, ਚਾਟ ਤੇ ਹੋਰ ਸਾਮਾਨ ਨੂੰ ਵੇਚਣ ਵਾਲੇ ਰੇਹੜੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਸਭ ਤੋਂ ਬੁਰੀ ਸਥਿਤੀ ਵਿੱਚ ਅਸੀਂ ਗੁਜ਼ਰ ਰਹੇ ਹਾਂ। ਕਿਉਂਕਿ ਫਾਸਟ ਫੂਡ ਖਾਣ ਦਾ ਸਮਾਂ ਸ਼ਾਮ 5 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ। ਜਦ ਨੂੰ ਲਾਕਡਾਊਨ ਕਰ ਕੇ ਪੂਰੇ ਬਾਜ਼ਾਰ ਵਿਚ ਸਨਾਟਾ ਪਸਰ ਜਾਂਦਾ ਹੈ । ਅਜਿਹੇ ਹਾਲਾਤ ਵਿੱਚ ਸਾਡਾ ਕਾਰੋਬਾਰ ਬਿਲਕੁਲ ਬੰਦ ਹੋ ਚੁੱਕਾ ਹੈ ਕਿਉਂਕਿ ਸਵੇਰੇ ਸਾਡੇ ਗਾਹਕ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਦੋਂ ਹਰੇਕ ਵਰਗ ਦਾ ਪ੍ਰਸ਼ਾਸਨ ਨੇ ਖਿਆਲ ਰੱਖਿਆ ਹੈ ਤਾਂ ਸਾਨੂੰ ਵੀ ਕੋਵਿਡ - 19 ਨਿਯਮਾਂ ਤਹਿਤ ਸ਼ਾਮ 5 ਵਜੇ ਤੋਂ 8 ਵਜੇ ਰੇਹੜੀ ਲਗਾਉਣ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਸਾਡੇ ਬੱਚੇ ਵੀ ਭੁੱਖ ਨਾਲ ਨਾ ਮਰ ਜਾਣ। ਉਨ੍ਹਾਂ ਕਿਹਾ ਕਿ ਅਸੀਂ ਕੋਵਿਡ ਨਾਲ ਨਹੀਂ ਮਰਦੇ ਬਲਕਿ ਭੁੱਖੇ ਮਰ ਜਾਵਾਂਗੇ ਜੇ ਅਜਿਹੀ ਹਾਲਤ ਹੋਰ ਰਹੀ।
ਪੁਲਸ ਨੇ ਵਧਾਈ ਗਸ਼ਤ- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਡੀਐੱਸਪੀ ਸਰਵਣ ਸਿੰਘ ਬੱਲ ਵੱਲੋਂ ਦਿੱਤੇ ਹੁਕਮਾਂ ਤੇ ਸ਼ਹਿਰ ਵਿਚ ਪੁਲਸ ਦੀ ਗਸ਼ਤ ਹੋਰ ਵਧਾ ਦਿੱਤੀ ਗਈ ਹੈ। ਜਿਸ ਲਈ ਖ਼ੁਦ ਡੀਐਸਪੀ ਬਲ ਵੀ ਸ਼ਹਿਰ ਦਾ ਰਾਊਂਡ ਲਗਾ ਕੇ ਜਾਇਜ਼ਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਕਿਸੇ ਨੂੰ ਵੀ ਤੋੜਨ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇਗਾ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ।