ਦੋ ਕੌਂਸਲਰਾਂ ਤੇ ਇਕ ਹੋਰ ਨੂੰ ਕੋਵਿਡ 19 ਦੇ ਨਿਯਮਾਂ ਦਾ ਉਲੰਘਣਾ ਦੇ ਦੋਸ਼ ਤਹਿਤ ਓਪਨ ਜੇਲ੍ਹ ਭੇਜਿਆ
ਹਰੀਸ਼ ਕਾਲੜਾ
- ਇਕ-ਇਕ ਹਜ਼ਾਰ ਦਾ ਚਲਾਨ ਕਟਕੇ ਜੁਰਮਾਨਾ ਲੈ ਕੇ ਛਡਿਆ
ਰੂਪਨਗਰ, 5 ਮਈ 2021 :ਸ਼ਹਿਰ ਵਿਖੇ ਬੀਤੇ ਦਿਨੀ ਬਣੇ ਤੀਜੇ ਵਪਾਰ ਮੰਡਲ ਵਲੋਂ ਰੋਪੜ ਸ਼ਹਿਰ ਦੇ ਫੂਲ ਚੱਕਰ ਮੁਹੱਲਾ ਵਿਖੇ ਦੁਕਾਨਦਾਰਾਂ ਦਾ ਸਵੇਰੇ ਸਾਢੇ ਨੌ ਵਜੇ ਇਕੱਠ ਕੀਤਾ ਗਿਆ। ਇਹ ਇਕੱਠ ਅੱਜ ਸਮੂਹ ਦੁਕਾਨਦਾਰਾਂ ਵਲੋਂ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਦੁਕਾਨਾਂ ਖੋਲ੍ਹਣ ਲਈ ਕੀਤਾ ਗਿਆ ਸੀ। ਜਿਸ ਦੇ ਤਹਿਤ ਇਥੇ ਦੁਕਾਨਦਾਰ ਵੀ ਕਾਫੀ ਗਿਣਤੀ ਵਿਚ ਪਹੁੰਚ ਗਏ ਸਨ। ਇਹ ਇਕੱਠ ਨਵੇਂ ਬਣੇ ਵਪਾਰ ਮੰਡਲ ਦੇ ਪ੍ਰਧਾਨ ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਅਗਵਾਈ ਹੇਠ ਕੀਤਾ ਗਿਆ ਅਤੇ ਇਸ ਦੌਰਾਨ ਕਾਂਗਰਸ ਦੇ ਕੌਂਸਲਰ ਪੋਮੀ ਸੋਨੀ ਤੇ ਦੁਕਾਨਦਾਰ ਗੁਰਵਿੰਦਰ ਸਿੰਘ ਜੱਗੀ ਵੀ ਹਾਜਰ ਸਨ।
ਇਸ ਬਾਰੇ ਜਦੋਂ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਰਾਜੀਵ ਚੌਧਰੀ ਨੂੰ ਪੱਤਾ ਲਗਾ ਤਾਂ ਉਹ ਵੀ ਮੌਕੇ ਤੇ ਪਹੁੰਚ ਗਏ ਅਤੇ ਲਾਕਡਾਊਨ ਅਤੇ ਕੋਵਿਡ 19 ਦੇ ਨਿਯਮਾਂ ਦਾ ਉਲੰਘਣਾ ਕਰਨ ਦੇ ਦੋਸ਼ ਤਹਿਤ ਵਪਾਰ ਮੰਡਲ ਦੇ ਪ੍ਰਧਾਨ ਤੇ ਆਜ਼ਾਦ ਕੋਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ, ਕੌਂਸਲਰ ਪੋਮੀ ਸੋਨੀ ਤੇ ਗੁਰਵਿੰਦਰ ਸਿੰਘ ਜੱਗੀ ਨੂੰ ਹਿਰਾਸਤ ਵਿਚ ਲੈ ਕੇ ਥਾਣਾ ਸਿਟੀ ਲੈ ਗਏ। ਜਿਸ ਤੋਂ ਬਾਅਦ ਪੁਲਿਸ ਵਲੋਂ ਤਿੰਨਾਂ ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਉਤੇ ਇਕ ਇਕ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਅਤੇ ਨਹਿਰੂ ਸਟੇਡੀਅਮ ਵਿਚ ਬਣਾਈ ਗਈ ਓਪਨ ਜੇਲ੍ਹ ਵਿਚ ਭੇਜ ਦਿੱਤਾ ।
ਕੁਝ ਸਮਾਂ ਉਪਰੰਤ ਤਿੰਨੋਂ ਵਿਅਕਤੀਆਂ ਨੂੰ ਛੱਡ ਦਿਤਾ ਗਿਆ।ਵਪਾਰ ਮੰਡਲ ਦੇ ਨਵੇਂ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਕਿਹਾ ਕਿ ਉਹ ਦੁਕਾਨਦਾਰਾਂ ਦੇ ਨਾਲ ਖੜ੍ਹੇ ਹਨ ਅਤੇ ਦੁਕਾਨਦਾਰਾਂ ਦੇ ਹੱਕਾਂ ਲਈ ਕੋਈ ਵੀ ਜੁਲਮ ਸਹਿਣ ਕਰਨ ਲਈ ਤਿਆਰ ਹਨ।ਆਜ਼ਾਦ ਕੋਂਸਲਰ ਰਾਜੂ ਸਤਿਆਲ ਨੇ ਕਿਹਾ ਕਿ ਕੱਪੜੇ ਦੀਆਂ ਦੁਕਾਨਾਂ ਬੰਦ ਹਨ ਅਤੇ ਜੇਕਰ ਕੋਈ ਵਿਅਕਤੀ ਦੀ ਮੌਤ ਹੋ ਜਾਂਦਾ ਹੈ ਤਾਂ ਕੱਪੜੇ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਮੁਰਦੇ ਲਈ ਕੱਫਣ ਦਾ ਕੱਪੜਾ ਵੀ ਮਿਲੇਗਾ ਅਤੇ ਇਸੇ ਤਰ੍ਹਾਂ ਸਿਲਾਈ ਦੀਆਂ ਦੁਕਾਨਾਂ ਬੰਦ ਹਨ। ਇਸ ਤੋਂ ਇਲਾਵਾਂ ਬੂਟਾਂ ਦੀਆਂ ਦੁਕਾਨਾਂ ਵੀ ਬੰਦ ਹਨ। ਜਿਸ ਨਾਲ ਦੁਕਾਨਦਾਰਾਂ ਨੂੰ ਲਾਕਡਾਊਨ ਦੌਰਾਨ ਵੱਡੀ ਪਰੇਸ਼ਾਨੀ ਆ ਰਹੀ ਹੈ ਅਤੇ ਰੋਜ਼ਾਨਾ ਕਮਾ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਵਾਲੇ ਛੋਟੇ ਦੁਕਾਨਦਾਰਾਂ, ਰੇਹੜੀ ਵਾਲਿਆਂ ਨੂੰ ਵੀ ਵੱਡੀ ਸਮੱਸਿਆ ਬਣੀ ਹੋਈ ਹੈ।
ਰਾਜੂ ਸਤਿਆਲ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਮੰਜ਼ੂਰੀ ਦੇਣੀ ਚਾਹੀਦੀ ਹੈ ਅਤੇ ਸਮੂਹ ਦੁਕਾਨਦਾਰ ਕੋਵਿਡ 19 ਦੀ ਹਦਾਇਤਾਂ ਦਾ ਪਾਲਣਾ ਵੀ ਕਰਨਗੇ। ਇਸ ਦੌਰਾਨ ਕੁੱਝ ਦੁਕਾਨਦਾਰਾਂ ਨੇ ਕਿਹਾ ਕਿ ਲਾਕਡਾਊਨ ਦੌਰਾਨ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਅਤੇ ਦੁਕਾਨਾਂ ਬੰਦ ਹੋਣ ਕਾਰਨ ਨੌਕਰਾਂ ਨੂੰ ਤਨਖਾਹ ਦੇਣ ਵਿਚ ਵੀ ਦਿੱਕਤ ਆ ਰਹੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਲਾਕਡਾਊਨ ਨਹੀਂ ਲਗਾਉਣਾ ਚਾਹੀਦਾ ਅਤੇ ਸਾਰੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੁਕਾਨਦਾਰਾਂ ਨਾਲ ਧੱਕਾ ਕਰ ਰਹੀ ਹੈ, ਜਦੋਂ ਕਿ ਸ਼ਰਾਬ ਦੇ ਠੇਕਿਆਂ ਉਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਪਹੁੰਚ ਰਹੇ ਹਨ ਅਤੇ ਕਚਹਿਰੀਆਂ ਤੇ ਹੋਰ ਦਫਤਰਾਂ ਵਿਚ ਵੀ ਲੋਕਾਂ ਦਾ ਰੋਜ਼ਾਨਾ ਵੱਡੀ ਇਕੱਠ ਹੋ ਰਿਹਾ ਹੈ, ਉਥੇ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਕੌਂਸਲਰ ਪੋਮੀ ਸੋਨੀ ਤੇ ਦੁਕਾਨਦਾਰ ਗੁਰਵਿੰਦਰ ਸਿੰਘ ਜੱਗੀ ਨੇ ਕਿਹਾ ਕਿ ਉਹ ਦੁਕਾਨਦਾਰਾਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੇ ਹੱਕਾਂ ਲਈ ਲੜਦੇ ਰਹਾਂਗੇ। ਥਾਣਾ ਸਿਟੀ ਦੇ ਇੰਚਾਰਜ ਰਾਜੀਵ ਚੌਧਰੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫੂਲ ਚੱਕਰ ਮੁਹੱਲਾ ਦੇ ਚੌਕ ਵਿਚ ਲੋਕਾਂ ਦਾ ਇਕੱਠ ਹੋਇਆ ਹੈ ਅਤੇ ਜਦੋਂ ਇਥੇ ਜਾਕੇ ਦੇਖਿਆ ਤਾਂ ਕਾਫੀ ਗਿਣਤੀ ਵਿਚ ਲੋਕ ਮੌਜੂਦ ਸਨ ਜੋ ਕਿ ਪੁਲਿਸ ਨੂੰ ਦੇਖ ਕੇ ਉਥੋਂ ਚਲੇ ਗਏ।