ਧਰਨੇ ਦੀ ਧਮਕੀ ਪਿੱਛੋਂ ਪੋਲੇ ਪਏ ਪ੍ਰਾਈਵੇਟ ਹਸਪਤਾਲ ਨੇ ਲਾਸ਼ ਦਿੱਤੀ
ਅਸ਼ੋਕ ਵਰਮਾ
- ਮਾਮਲਾ ਲਾਸ਼ ਦੇਣ ਲਈ ਸਾਢੇ ਚਾਰ ਲੱਖ ਮੰਗਣ ਦਾ
ਬਠਿੰਡਾ,18 ਮਈ2021: ਬਠਿੰਡਾ ਮਾਨਸਾ ਰੋਡ ਤੇ ਸਥਿਤ ਇੱਕ ਵੱਡੇ ਪ੍ਰਾਈਵੇਟ ਹਸਪਤਾਲ ਵੱਲੋਂ ਇੱਕ ਗਰੀਬ ਪ੍ਰੀਵਾਰ ਤੋਂ ਲਾਸ਼ ਦੇਣ ਬਦਲੇ ਸਾਢੇ ਚਾਰ ਲੱਖ ਰੁਪਿਆ ਮੰਗਣ ਦੇ ਮਾਮਲੇ ’ਚ ਬਠਿੰਡਾ ਦੀਆਂ ਸਮਾਜਿਕ ਜੱਥੇਬੰਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਵੱਲੋਂ ਦਿੱਤੀ ਧਮਕੀ ਕਾਰਨ ਹਸਪਤਾਲ ਪ੍ਰਬੰਧਕ ਪੋਲੇ ਪੈ ਗਏ ਅਤੇ ਲਾਸ਼ ਪੀੜਤ ਪ੍ਰੀਵਾਰ ਨੂੰ ਸੌਂਪ ਦਿੱਤੀ। ਵੱਡੀ ਗੱਲ ਹੈ ਕਿ ਹਸਪਤਾਲ ਪ੍ਰਬੰਧਕ ਇਸ ਪ੍ਰੀਵਾਰ ਤੋਂ ਇਲਾਜ ਲਈ ਪਹਿਲਾਂ ਹੀ ਸੱਤ ਲੱਖ ਰੁਪਏ ਵਸੂਲ ਚੁੱਕੇ ਸਨ ਜੋ ਕਿ ਪ੍ਰੀਵਾਰਕ ਮੈਂਬਰਾਂ ਨੇ ਆਪਣੇ ਗਹਿਣੇ ਵਗੈਰਾ ਵੇਚਕੇ ਅਦਾ ਕੀਤੇ ਸਨ। ਜੱਥੇਬੰਦੀਆਂ ਵੱਲੋਂ ਮੌਕੇ ਤੇ ਪਹੁੰਚਣ ਉਪਰੰਤ ਭਾਰੀ ਹੰਗਾਮਾ ਹੋਇਆ ਪਰ ਹਸਪਤਾਲ ਪ੍ਰਬੰਧਕਾਂ ਦਾ ਗੈਰਮਨੁੱਖੀ ਵਤੀਰਾ ਜਾਰੀ ਰਿਹਾ।
ਬਠਿੰਡਾ ’ਚ ਵਾਪਰੀ ਇਸ ਅਣਮਨੁੱਖੀ ਘਟਨਾਂ ਨੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਅਤੇ ਸਰਕਾਰ ਵੱਲੋਂ ਨਿੱਤ ਰੋਜ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤਰ ਸਿਹਤ ਸਹੂਲਤਾਂ ਦੇ ਦਾਅਵਿਆਂ ਦਾ ਭਾਂਡਾ ਚੌਰਾਹੇ ’ਚ ਭੰਨ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੌਰਵ ਸ਼ਰਮਾ ਮਥਰਾ ਦਾ ਰਹਿਣ ਵਾਲਾ ਸੀ ਅਤੇ ਬਠਿੰਡਾ ’ਚ ਰੁਜਗਾਰ ਦੀ ਤਲਾਸ਼ ’ਚ ਆਇਆ ਸੀ ਜਿਸ ਦੀ ਅਚਾਨਕ ਹੀ ਤਬਾਅਤ ਵਿਗੜ ਗਈ ਤੇ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਇਸੋ ਤੋਂ ਪਹਿਲਾਂ ਗੌਰਵ ਦੇ ਪ੍ਰੀਵਾਰ ਨਾਲ ਸਬੰਧਤ ਤਿੰਨ ਜੀਆਂ ਦੀ ਕੋਵਿਡ-19 ਕਾਰਨ ਮੌਤ ਹੋ ਚੁੱਕੀ ਹੈ। ਗੌਰਵ ਵੀ ਚੱਲ ਵਸਿਆ ਅਤੇ ਘਰ ’ਚ ਕੋਈ ਕਮਾਈ ਕਰਨ ਵਾਲਾ ਵੀ ਨਹੀਂ ਰਿਹਾ ਹੈ।
ਜਾਣਕਾਰੀ ਅਨੁਸਾਰ ਗੌਰਵ ਦੀ ਪਤਨੀ ਨੇ ਦੱਸਿਆ ਕਿ ਉਸ ਨੇ ਆਪਣਾ ਸੋਨਾ ਵੇਚ ਦਿੱਤਾ ਅਤੇ ਕੁੱਝ ਪੈਸੇ ਉਧਾਰ ਫੜ੍ਹ ਕਕੇ ਹਸਪਤਾਲ ਨੂੰ ਅਦਾ ਕਰ ਦਿੱਤੇ ਪਰ ਹਸਪਤਾਲ ਨੇ ਸਾਢੇ ਚਾਰ ਲੱਖ ਰੁਪਏ ਹੋਰ ਮੰਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕੁੱਝ ਵੀ ਨਹੀਂ ਬਚਿਆ ਹੈ ਉਹ ਕਿੱਥੋਂ ਹੋਰ ਪੈਸੇ ਦੇਣ। ਉਨ੍ਹਾਂ ਦੱਸਿਆ ਕਿ ਪ੍ਰੀਵਾਰ ਵੱਲੋਂ ਮਿਨਤਾਂ ਤਰਲੇ ਕਰਨ ਦੇ ਬਾਵਜੂਦ ਹਸਪਤਾਲ ਪ੍ਰਬੰਧਕਾਂ ਨੇ ਬਿਨਾਂ ਪੈਸਿਆਂ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਦੌਰਾਨ ਮਾਮਲੇ ਬਾਰੇ ਪੱਤ ਲੱਗਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਅਤੇ ਭਾਰਤੀ ਜੰਤਾ ਪਾਰਟੀ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਮੌਕੇ ਤੇ ਪੁੱਜ ਗਏ ਅਤੇ ਹਸਪਤਾਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਪਰ ਉਹ ਟੱਸ ਤੋਂ ਮੱਸ ਨਾਂ ਹੋਏ। ਹਸਪਤਾਲ ਦਾ ਵਤੀਰਾ ਦੇਖਦਿਆਂ ਆਗੂਆਂ ਨੇ ਧਰਨੇ ਦੀ ਚਿਤਾਵਨੀ ਦੇ ਦਿੱਤੀ ਅਤੇ ਵੱਡਾ ਇਕੱਠ ਕਰਨ ਦਾ ਐਲਾਨ ਕਰਦਿਆਂ ਹਸਪਤਾਲ ਪ੍ਰਬੰਧਕਾਂ ਨੇ ਬਿਨਾਂ ਕੋਈ ਪੈਸੇ ਲਿਆਂ ਲਾਸ਼ ਪ੍ਰੀਵਾਰ ਨੂੰ ਸੌਂਪ ਦਿੱਤੀ ।
ਡਾਕਟਰ ਵਪਾਰੀ ਬਣੇ:ਸਰਾਂ
ਬੀਜੇਪੀ ਆਗੂ ਸੁਖਪਾਲ ਸਿੰਘ ਸਰਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਆਏ ਪ੍ਰੀਵਾਰ ਦੇ ਸਾਰੇ ਜੀਅ ਕਰੋਨਾ ਕਾਰਨ ਮਾਰੇ ਗਏ ਹਨ। ਉਨ੍ਹਾਂ ਆਖਿਆ ਕਿ ਡਾਕਟਰਾਂ ਨੂੰ ਮਹਾਂਮਾਰੀ ਦੌਰਾਨ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ ਜਦੋਂਕਿ ਡਾਕਟਰ ਵਪਾਰੀ ਬਣੇ ਬੈਠੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਦੌਰਾਨ ਉਹ ਪੀੜਤ ਪ੍ਰੀਵਾਰਾਂ ਦੀ ਸਹਾਇਤਾ ਲਈ ਅੱਗੇ ਆਏ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਕਥਿਤ ਲੁੱਟ ਖਸੁੱਟ ਨੂੰ ਨੱਥ ਪਾਏ। ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ ਮੌਕਾ ਨਾਂ ਸੰਭਾਲਿਆ ਤਾਂ ਹਾਲਤ ਬੇਕਾਬੂ ਹੋ ਸਕਦੇ ਹਨ ਜਿੰਨ੍ਹਾਂ ਨੂੰ ਸੰਭਾਲਣਾ ਮੁਸਕਿਲ ਹੋ ਜਾਏਗਾ।
ਜੱਥੇਬੰਦੀਆਂ ਦੀ ਜਿੱਤ:ਹਰਪ੍ਰੀਤ ਸਿੰਘ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਇਹ ਪ੍ਰੀਵਾਰ ਪਹਿਲਾਂ ਹੀ ਬੜੇ ਔਖੇ ਹਾਲਾਤਾਂ ਚੋਂ ਲੰਘ ਰਿਹਾ ਸੀ ਪਰ ਹਸਪਤਾਲ ਸਾਢੇ ਚਾਰ ਲੱਖ ਰੁਪਿਆ ਮੰਗ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਭ ਤੋਂ ਮਾੜਾ ਪਹਿਲੂ ਇਹ ਹੈ ਕਿ ਹਸਪਤਾਲ ਪਹਿਲਾਂ ਲੰਮਾਂ ਸਮਾਂ ਪੈਸਿਆਂ ਬਾਰੇ ਸੌਦੇਬਾਜੀ ਕਰਦਾ ਰਿਹਾ ਪਰ ਜਦੋਂ ਫੈਸਲੇ ਲਈ 10 ਮਿੰਟ ਦਾ ਸਮਾਂ ਦਿੰਦਿਆਂ ਹਸਪਤਾਲ ਘੇਰਨ ਅਤੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨੇ ਦੀ ਚਿਤਾਵਨੀ ਦਿੱਤੀ ਤਾਂ ਹਸਪਤਾਲ ਲਾਸ਼ ਰਾਜੀ ਹੋ ਗਿਆ। ਉਨ੍ਹਾਂ ਆਖਿਆ ਕਿ ਇਹ ਜੱਥੇਬੰਦੀਆਂ ਦੀ ਜਿੱਤ ਹੋਈ ਹੈ ਅਤੇ ਭਵਿੱਖ ’ਚ ਵੀ ਇਸ ਧੱਕੇ ਖਿਲਾਫ ਲੜਾਈ ਜਾਰੀ ਰੱਖੀ ਜਾਏਗੀ।