ਨਵਾਂਸ਼ਹਿਰ: ਜ਼ਿਲ੍ਹਾ ਵਾਸੀ ਕੋਵਿਡ ਰੋਕੂ ਟੀਕਾ ਲਗਵਾ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ : ਡਾ. ਗੁਰਦੀਪ ਸਿੰਘ ਕਪੂਰ
ਰਾਜਿੰਦਰ ਕੁਮਾਰ
- ਕੋਵਿਡ ਦੇ ਖ਼ਾਤਮੇ ਲਈ ਅੱਜ 954 ਯੋਗ ਵਿਅਕਤੀਆਂ ਨੇ ਲਈ ਵੈਕਸੀਨ
ਨਵਾਂਸ਼ਹਿਰ, 11 ਮਈ 2021 : ਮਾਣਯੋਗ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ ਨਿਰਦੇਸਾਂ ਮੁਤਾਬਕ ਸਿਹਤ ਵਿਭਾਗ ਨੇ ਕੋਰੋਨਾ ਵਰਗੇ ਮਾਰੂ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜੀ ਹੋਈ ਹੈ। ਇਸੇ ਕੜੀ ਤਹਿਤ ਅੱਜ 954 ਯੋਗ ਵਿਅਕਤੀਆਂ ਨੂੰ ਕੋਵਿਡ ਰੋਕੂ ਟੀਕੇ ਲਗਾਏ ਗਏ। ਇਸ ਤਰ੍ਹਾਂ ਜ਼ਿਲ੍ਹੇ ਵਿਚ ਹੁਣ ਤੱਕ ਕੋਵਿਡ ਰੋਕੂ ਵੈਕਸੀਨ ਦੀਆਂ ਕੁੱਲ 119452 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚ ਪਹਿਲੀ ਖੁਰਾਕ ਅਤੇ ਦੂਜੀ ਖੁਰਾਕ ਸ਼ਾਮਲ ਹੈ।
ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਿਹਤ ਬਲਾਕ ਨਵਾਂਸ਼ਹਿਰ ਵਿਚ 230 , ਬਲਾਚੌਰ ਵਿਚ 174, ਮੁਜ਼ੱਫਰਪੁਰ ਵਿਚ 150, ਮੁਕੰਦਪੁਰ ਵਿਚ 140, ਸੁੱਜੋਂ ਵਿਚ 100, ਬੰਗਾ ਵਿਚ 110 ਅਤੇ ਸੜੋਆ ਵਿਚ 50 ਯੋਗ ਵਿਅਕਤੀਆਂ ਨੂੰ ਵੈਕਸੀਨ ਲਗਾਈ ਗਈ।
ਉਨ੍ਹਾਂ ਨੇ ਅੱਗੇ ਕਿਹਾ ਕਿ ਆਓ ਆਪਾਂ ਸਾਰੇ ਇਹ ਯਕੀਨੀ ਬਣਾਈਏ ਕਿ ਹਰੇਕ ਯੋਗ ਵਿਅਕਤੀ ਇਹ ਟੀਕਾ ਲਗਵਾਏ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੋਵਿਡ ਰੋਕੂ ਟੀਕਾ ਲਗਵਾ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਤਾਂ ਜੋ ਅਸੀਂ ਆਪਣੇ-ਪਿਆਰਿਆਂ, ਸਮਾਜ ਅਤੇ ਦੇਸ਼ ਨੂੰ ਸੁਰੱਖਿਅਤ ਰੱਖ ਸਕੀਏ। ਉਨ੍ਹਾਂ ਕਿਹਾ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਅਤੇ ਸਿਹਤਮੰਦ ਤੇ ਸੁਰੱਖਿਅਤ ਭਵਿੱਖ ਸਿਰਜਣ ਲਈ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਅਤੇ ਸਿਹਤ ਵਿਭਾਗ ਦੀਆਂ ਇਨ੍ਹਾਂ ਕੋਸ਼ਿਸ਼ਾਂ ਵਿੱਚ ਲੋਕਾਂ ਨੂੰ ਵੀ ਆਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਜ਼ਿਲ੍ਹੇ ਵਿਚ ਵਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਦੋ ਗਜ਼ ਦੀ ਆਪਣੀ ਦੂਰੀ ਨਾਲ ਰੋਕ ਸਕਦੇ ਹਾਂ।