ਪ੍ਰਵਾਸੀ ਮਜ਼ਦੂਰਾਂ ਨੂੰ ਬਿਹਾਰ ਲਿਜਾ ਰਹੀ ਬੱਸ ਦੇ ਡਰਾਈਵਰ ਖਿਲਾਫ ਕੇਸ ਦਰਜ
ਅਸ਼ੋਕ ਵਰਮਾ
ਬਠਿੰਡਾ, 8 ਮਈ 2021 - ਕਰੋਨਾ ਵਾਇਰਸ ਦੇ ਨਿਯਮਾਂ ਦੀਆਂ ਧੱਜੀਆਂ ਉਡਾਕੇ ਤੂੜੀ ਵਾਂਗ ਤੁੰਨੇ ਪ੍ਰਵਾਸੀ ਮਜਦੂਰਾਂ ਨੂੰ ਬਿਹਾਰ ਛੱਡਣ ਜਾ ਰਹੀ ਇੱਕ ਨਿੱਜੀ ਬੱਸ ਨਾਲ ਸਬੰਧਤ ਇੱਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਥਾਣਾ ਸੰਗਤ ਦੀ ਪੁਲਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਬਠਿੰਡਾ-ਡੱਬਵਾਲੀ ਕੌਮੀ ਸ਼ਾਹ ਮਾਰਗ ਤੇ ਪੈਂਦੀਆਂ ਸੰਗਤ ਕੈਂਚੀਆਂ ਕੋਲ ਇਸ ਬੱਸ ਨੂੰ ਕਾਬੂ ਕੀਤਾ ਸੀ। ਥਾਣਾ ਸੰਗਤ ਪੁਲਿਸ ਨੇ ਇਸ ਮਾਮਲੇ ’ਚ ਜਗਸੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਹੀਰੋ ਕਲਾਂ ਜਿਲ੍ਹਾ ਮਾਨਸਾ ਨੂੰ ਧਾਰਾ 188 ਤਹਿਤ ਨਾਮਜਦ ਕਰਕੇ ਗ੍ਰਿਫਤਾਰ ਕਰਨ ਉਪਰੰਤ ਜਮਾਨਤ ਦੇ ਦਿੱਤੀ ਹੈ। ਥਾਣਾ ਸੰਗਤ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਨਿੱਜੀ ਬੱਸ ਕੰਪਨੀ ਦੀ ਬੱਸ ’ਚ 50 ਦੇ ਕਰੀਬ ਪ੍ਰਵਾਸੀ ਮਜ਼ਦੂਰ ਬਿਠਾਏ ਹੋਏ ਹਨ ਜਿੰਨ੍ਹਾਂ ਨੂੰ ਬਠਿੰਡਾ ਤੋਂ ਬਿਠਾ ਕੇ ਬਿਹਾਰ ਛੱਡਿਆ ਜਾਣਾ ਹੈ।
ਜਦੋਂ ਨਿਊ ਕਾਸ਼ੀ ਬੱਸ ਕੰਪਨੀ ਨਾਲ ਸਬੰਧਤ ਬੱਸ ਸੰਗਤ ਕੈਂਚੀਆਂ ’ਤੇ ਪਹੁੰਚੀ ਤਾਂ ੳੁੱਥੇ ਪਹਿਲਾਂ ਤੋਂ ਹੀ ਮੌਜੂਦ ਪੁਲਸ ਪਾਰਟੀ ਨੇ ਬੱਸ ਨੂੰ ਘੇਰ ਕੇ ਥਾਣੇ ਲੈ ਗਈ। ਪੁਲਿਸ ਅਨੁਸਾਰ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜਿਲ੍ਹਾ ਮੈਜਿਸਟਰੇਟ ਬਠਿੰਡਾ ਦੇ ਹੁਕਮਾਂ ਦੇ ਉਲਟ ਬੱਸ ’ਚ 50 ਫੀਸਦੀ ਤੋਂ ਜਿਆਦਾ ਸਵਾਰੀਆਂ ਬਿਠਾਈਆਂ ਹੋਈਆਂ ਸਨ। ਬੱਬ ਚਾਲਕਾਂ ਨੇ ਮਨਾਹੀਂ ਦੇ ਹੁਕਮਾਂ ਉਲਟ ਨਿਯਮਾਂ ਦੇ ਉਲਟ ਬੱਸ ’ਚ ਪ੍ਰਵਾਸੀ ਮਜ਼ਦੂਰਾਂ ਨੂੰ ਬਿਠਾਇਆ ਹੋਇਆ ਸੀ। ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਪ੍ਰਤੀ ਵਿਅਕਤੀ ਦੋ ਹਜ਼ਾਰ ਰੁਪਏ ਲਏ ਗਏ ਹਨ। ਥਾਣਾ ਸੰਗਤ ਦੇ ਮੁੱਖ ਥਾਣਾ ਅਫਸਰ ਗੌਰਵਬੰਸ ਸਿੰਘ ਦਾ ਕਹਿਣਾ ਸੀ ਕਿ ਮੁਲਜਮ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਮਾਨਤ ਦੇ ਦਿੱਤੀ ਗਈ ਹੈ।