ਫਰੀਦਕੋਟ: ਐਮ ਐਲ ਏ ਢਿੱਲੋਂ, ਡੀ.ਸੀ. ਤੇ ਐਸ.ਐਸ.ਪੀ. ਵੱਲੋਂ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ
ਪਰਵਿੰਦਰ ਸਿੰਘ ਕੰਧਾਰੀ
- ਕਰੋਨਾ ਪਾਬੰਦੀਆਂ ਦੌਰਾਨ ਦੁਕਾਨਾਂ ਨੂੰ ਪੜਾਅਵਾਰ ਖੋਲ੍ਹਣ ਸਬੰਧੀ ਕੀਤੀ ਵਿਚਾਰ ਚਰਚਾ
- ਜਿਲ੍ਹਾ ਪ੍ਰਸ਼ਾਸਨ ਵੱਲੋਂ ਵਪਾਰੀਆਂ ਦੀ ਸਹਿਮਤੀ ਨਾਲ ਨਿਰਣਾ ਲੈਣ ਦਾ ਭਰੋਸਾ ਦਿੱਤਾ ਗਿਆ
ਫਰੀਦਕੋਟ 6 ਮਈ 2021 - ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਵਿਧਾਇਕ ਫਰੀਦਕੋਟ ਸ: ਕੁਸ਼ਲਦੀਪ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਅਤੇ ਐਸ.ਐਸ.ਪੀ. ਸ੍ਰੀ ਸਵਰਨਦੀਪ ਸਿੰਘ ਵੱਲੋਂ ਜਿਲ੍ਹੇ ਦੇ ਵਪਾਰ ਮੰਡਲ ਦੇ ਨੁਮਾਇੰਦਿਆਂ ਜਿੰਨਾ ਵਿੱਚੋਂ ਵੱਖ ਵੱਖ ਕਾਰੋਬਾਰ ਨਾਲ ਸਬੰਧਤ ਦੁਕਾਨਦਾਰ ਵੀ ਸ਼ਾਮਲ ਸਨ, ਨਾਲ ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਰੋਕਥਾਮ ਲਈ ਲਗਾਏ ਗਏ ਵੀਕੈਂਡ ਲਾਕਡਾਊਨ ਅਤੇ ਹੋਰ ਪਾਬੰਦੀਆਂ ਸਬੰਧੀ ਦੁਕਾਨਦਾਰਾਂ ਨੂੰ ਉਨ੍ਹਾਂ ਦੇ ਵਪਾਰ ਖੋਲ੍ਹਣ ਲਈ ਕੁਝ ਢਿੱਲ ਦੇਣ ਅਤੇ ਉਨ੍ਹਾਂ ਦੀ ਰਾਇ ਜਾਣਨ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੌਕੇ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਅਸੀਂ ਸਾਰੇ ਹੀ ਕਰੋਨਾ ਮਹਾਂਮਾਰੀ ਕਾਰਨ ਬੜੀ ਮੁਸ਼ਕਿਲ ਸਥਿਤੀ ਵਿਚੋਂ ਗੁਜ਼ਰ ਰਹੇ ਹਾਂ ਤੇ ਇਸ ਬੇਮੁਰਾਦ ਮਹਾਂਮਾਰੀ ਕਾਰਨ ਰੋਜ਼ਾਨਾ ਕੀਮਤੀ ਜਾਨਾਂ ਮੌਤ ਦੇ ਮੂੰਹ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਅਤੇ ਲੋਕਾਂ ਦੀ ਜਾਨ ਦੀ ਸੁਰੱਖਿਆ, ਉਨ੍ਹਾਂ ਦੇ ਇਲਾਜ ਨੂੰ ਲੈ ਕੇ ਵੀਕੈਂਡ ਲਾਕਡਾਊਨ ਅਤੇ ਹੋਰ ਪਾਬੰਦੀਆਂ ਲਗਾਈਆਂ ਹਨ, ਜੋ ਸਰਕਾਰ ਦੀ ਮਜ਼ਬੂਰੀ ਹੈ।ਉਨ੍ਹਾਂ ਕਿਹਾ ਕਿ ਵਪਾਰ ਮੰਡਲ ਦੀ ਮੰਗ ਤੇ ਅੱਜ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਅਤੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਦੁਕਾਨਦਾਰਾਂ ਨੂੰ ਵਪਾਰ ਜਾਰੀ ਰੱਖਣ ਲਈ ਸ਼ਰਤਾਂ ਸਹਿਤ ਢਿੱਲ ਦੇਣ ਦੀ ਯੋਜਨਾ ਹੈ। ਜਿਸ ਲਈ ਵਪਾਰ ਮੰਡਲ ਦੇ ਪ੍ਰਤੀਨਿਧੀਆਂ ਦੇ ਵਿਚਾਰ ਸੁਣ ਕੇ ਸਹਿਮਤੀ ਬਣਾਉਣ ਲਈ ਅਧਿਕਾਰੀਆਂ ਨੂੰ ਕਿਹਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਸਾਡੇ ਲਈ ਜਿੱਥੇ ਕਰੋਨਾ ਕਾਰਨ ਕੀਮਤੀ ਜਾਨਾਂ ਬਚਾਉਣੀਆਂ ਜ਼ਰੂਰੀ ਹਨ,ਉੱਥੇ ਹੀ ਲੋਕਾਂ ਦੀ ਰੋਜ਼ੀ ਰੋਟੀ ਅਤੇ ਉਨ੍ਹਾਂ ਦੇ ਵਪਾਰ ਨੂੰ ਸੀਮਤ ਸਮੇਂ ਲਈ ਖੋਲ੍ਹਣ ਲਈ ਢਿੱਲ ਦੇਣ ਵਾਸਤੇ ਵਪਾਰ ਮੰਡਲ, ਪੁਲਿਸ ਤੇ ਹੋਰ ਵਿਭਾਗਾਂ ਨਾਲ ਸਹਿਮਤੀ ਬਣਾ ਕੇ ਫੈਸਲਾ ਲਿਆ ਜਾਵੇਗਾ।
ਇਸ ਮੌਕੇ ਐਸ.ਐਸ.ਪੀ. ਸ: ਸਵਰਨਦੀਪ ਸਿੰਘ ਨੇ ਵੀ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਮਹਾਂਮਾਰੀ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਲਾਗੂ ਕਰਨ ਵਿੱਚ ਆਪਣਾ ਸਹਿਯੋਗ ਦੇਣ।ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰ, ਜਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈਏ ਤਾਂ ਕਿ ਪੁਲਿਸ ਨੂੰ ਕੋਈ ਸਖਤੀ ਨਾ ਕਰਨੀ ਪਏ।
ਇਸ ਮੀਟਿੰਗ ਵਿੱਚ ਵਪਾਰ ਮੰਡਲ, ਕਰਿਆਨਾ ਯੂਨੀਅਨ, ਸੁਰਾਫਾ ਯੂਨੀਅਨ, ਮਨਿਆਰੀ ਐਸੋਸੀਏਸ਼ਨ, ਬੁੱਕ ਸੈਲਰ ਐਸੋਸੀਏਸ਼ਨ, ਹਲਵਾਈ ਯੂਨੀਅਨ, ਸਬਜੀ ਮੰਡੀ ਯੂਨੀਅਨ ਆਦਿ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ।ਡਿਪਟੀ ਕਮਿਸ਼ਨਰ ਨੇ ਵਪਾਰ ਮੰਡਲ ਤੋਂ ਦੁਕਾਨਾਂ ਖੋਲ੍ਹਣ ਦੇ ਸਮੇਂ, ਦਿਨ ਸਬੰਧੀ ਆਪਣੇ ਵਿਚਾਰ ਦਫਤਰ ਡਿਪਟੀ ਕਮਿਸ਼ਨਰ ਦਫਤਰ ਦੀ ਈ-ਮੇਲ ਤੇ ਤੁਰੰਤ ਭੇਜਣ ਲਈ ਕਿਹਾ।ਵਪਾਰ ਮੰਡਲ ਦੇ ਨੁਮਾਇੰਦਿਆਂ ਨੇ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਯਕੀਨ ਦਵਾਇਆ ਕਿ ਉਹ ਕਰੋਨਾ ਮਹਾਂਮਾਰੀ ਦੇ ਟਾਕਰੇ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ।
ਇਸ ਮੌਕੇ ਐਸ.ਡੀ.ਐਮ. ਫਰੀਦਕੋਟ ਮੈਡਮ ਪੂਨਮ ਸਿੰਘ, ਡੀ.ਐਸ.ਪੀ. ਫਰੀਦਕੋਟ ਸਤਵਿੰਦਰ ਸਿੰਘ ਵਿਰਕ,ਡੀ.ਐਸ.ਪੀ. ਬਲਕਾਰ ਸਿੰਘ ਕੋਟਕਪੂਰਾ, ਡੀ.ਐਸ.ਪੀ. ਜੈਤੋ ਪਰਮਿੰਦਰ ਸਿੰਘ ਸਮੇਤ ਵਪਾਰ ਮੰਡਲ ਫਰੀਦਕੋਟ ਪ੍ਰਧਾਨ ਰਾਜਨ ਠਾਕਰ, ਚੈਂਬਰ ਆਫ ਕਾਮਰਸ ਦੇ ਪ੍ਰਧਾਨ ਸ੍ਰੀ ਓਮਕਾਰ ਗੋਇਲ, ਅਡਵਾਈਜ਼ਰ ਸਵਰਨਕਾਰ ਸੰਘ ਜਤਿੰਦਰ ਸਿੰਘ, ਵਾਈਸ ਪ੍ਰਧਾਨ ਸੰਤਵਿੰਦਰ ਸਿੰਘ, ਜਨਰਲ ਮਰਚੈਂਟਸ ਸ੍ਰੀ ਆਰ. ਪ੍ਰਿੰਸ ਨਰੂਲਾ, ਅਮਰ ਕੁਮਾਰ ਬਿੰਨੂ, ਅਮਿਤ ਜੈਨ ਜੁਗਨੂੰ, ਰਿੰਕੀ ਗਾਂਧੀ ਅਤੇ ਪ੍ਰਦੀਪ ਚਾਵਲਾ ਪ੍ਰਧਾਨ ਮਨਿਆਰੀ ਐਸੋਸੀਏਸ਼ਨ ਤੋਂ ਇਲਾਵਾ ਹੋਰ ਹਾਜ਼ਰ ਸਨ।