ਫੰਗਲ ਇਨਫੈਕਸ਼ਨ ਦਾ ਜਲਦੀ ਪਤਾ ਲਗਾਉਣ ਅਤੇ ਇਸ ਬਾਰੇ ਜਾਣਕਾਰੀ ਦਾ ਪ੍ਰਸਾਰ ਬੇਹੱਦ ਜ਼ਰੂਰੀ - ਡੀ ਸੀ ਮੋਹਾਲੀ
ਹਰਜਿੰਦਰ ਸਿੰਘ ਭੱਟੀ
- ਮੂਕੋਰਮਾਈਕੋਸਿਸ ਛੂਤ ਦੀ ਬਿਮਾਰੀ ਨਹੀਂ ਹੈ: ਡਾ. ਅਸ਼ੋਕ ਗੁਪਤਾ
ਐਸ.ਏ.ਐਸ. ਨਗਰ, 20 ਮਈ 2021 - ਮੂਕੋਰਮਾਈਕੋਸਿਸ, ਜਿਸ ਨੂੰ ਕਾਲੀ ਫੰਗਸ ਵੀ ਕਿਹਾ ਜਾਂਦਾ ਹੈ, ਬਾਰੇ ਜਾਣਕਾਰੀ ਭਰਪੂਰ ਸੈਸ਼ਨ ਦੇ ਆਯੋਜਨ ਲਈ ਫੋਰਟਿਸ ਹਸਪਤਾਲ ਦੀ ਸ਼ਲਾਘਾ ਕਰਦੇ ਹੋਏ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਲੋਕਾਂ ਨੂੰ ਫੰਗਲ ਇਨਫੈਕਸ਼ਨ ਬਾਰੇ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਕੋਵਿਡ ਦੇ ਮਰੀਜ਼ਾਂ ਵਿੱਚ ਮਿਉਕੋਰਮਾਈਕੋਸਿਸ ਦਾ ਬਹੁਤ ਵਾਧਾ ਹੋਇਆ ਹੈ। ਇਸ ਲਈ, ਉਹਨਾਂ ਕਿਹਾ ਕਿ ਫੰਗਲ ਇਨਫੈਕਸ਼ਨ ਬਾਰੇ ਛੇਤੀ ਪਤਾ ਲਗਾਉਣਾ, ਰੋਗ ਅਤੇ ਮੌਤ ਦਰ ਨੂੰ ਘਟਾਉਣ ਲਈ ਜਾਣਕਾਰੀ ਦਾ ਪਸਾਰ ਬਹੁਤ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਡਾਕਟਰਾਂ ਦੀ ਸਲਾਹ ਦੀ ਪੁਸ਼ਟੀ ਵੀ ਕੀਤੀ ਕਿ ਅਜਿਹੇ ਮਰੀਜ਼ਾਂ ਵਿੱਚ ਬੀਮਾਰੀ ਦਾ ਜਲਦੀ ਪਤਾ ਲਗਾਉਣ ਲਈ ਐਂਡੋਸਕੋਪਿਕ ਜਾਂਚ ਹੋਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਡਾ. ਅਸ਼ੋਕ ਕੇ. ਗੁਪਤਾ, ਡਾਇਰੈਕਟਰ ਈ.ਐਨ.ਟੀ., ਫੋਰਟਿਸ ਹਸਪਤਾਲ, ਮੁਹਾਲੀ ਨੇ ਇੱਕ ਸੈਸ਼ਨ ਵਿੱਚ ਬੋਲਦਿਆਂ ਕਿਹਾ ਕਿ ਮੂਕੋਰਮਾਈਕੋਸਿਸ ਛੂਤ ਦੀ ਬਿਮਾਰੀ ਨਹੀਂ ਹੈ। ਇਸਦੀ ਛੇਤੀ ਜਾਂਚ ਮਰੀਜ਼ਾਂ ਵਿੱਚ ਕਾਲੇ ਫੰਗਸ ਨੂੰ ਨਿਯੰਤਰਿਤ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।
ਡਾ. ਗੁਪਤਾ, ਜੋ ਕਿ ਫੋਰਟਿਸ ਹਸਪਤਾਲ, ਮੁਹਾਲੀ ਵਿਖੇ ਬਹੁਤ ਸਾਰੇ ਮਿਉਕੋਰਮਾਈਕੋਸਿਸ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਹਨ ਅਤੇ ਇਸ ਤੋਂ ਪਹਿਲਾਂ ਪੀਜੀਆਈ ਦੇ ਈਐਨਟੀ, ਵਿਭਾਗ ਦੇ ਹੈਡ ਰਹਿ ਚੁੱਕੇ ਹਨ, ਨੇ ਦੱਸਿਆ ਕਿ ਮਿਉਕੋਰਮਾਈਕੋਸਿਸ ਇਕ ਹਮਲਾਵਰ, ਫੰਗਲ ਸੰਕਰਮਣ ਹੈ ਜਿਸ ਨੂੰ ਮਿਉਕੋਰਮਾਈਸਿਟਜ਼ ਕਹਿੰਦੇ ਹਨ। ਫੰਗਸ ਸਾਹ ਰਾਹੀਂ ਸਰੀਰ ਵਿਚ ਦਾਖਲ ਹੁੰਦਾ ਹੈ ਅਤੇ ਸਾਈਨਸ, ਆਰਬਿਟ, ਦਿਮਾਗ ਅਤੇ ਫੇਫੜਿਆਂ ਨੂੰ ਪ੍ਰਭਾਵਤ ਕਰਦਾ ਹੈ।
ਡਾ. ਗੁਪਤਾ ਨੇ ਦੱਸਿਆ ਕਿ ਮੂਕੋਰਮਾਈਕੋਸਿਸ ਲਈ, ਉੱਚ ਜੋਖਮ ਸ਼੍ਰੇਣੀ ਵਿੱਚ ਜਿਆਦਾ ਡਾਇਬੀਟਿਸ, ਇਮਿਉਨੋਕੋਮਪ੍ਰੋਮਾਈਜ਼ਡ ਸਟੇਟਸ, ਸਟੀਰੌਆਇਡ ਦੀ ਵੱਧ ਵਰਤੋਂ, ਸਹਿ-ਰੋਗ ਅਤੇ ਆਈਸੀਯੂ ਵਿੱਚ ਲੰਬੇ ਸਮੇਂ ਤੱਕ ਰਹਿਣਾ ਸ਼ਾਮਲ ਹਨ।
ਬਿਮਾਰੀ ਦੇ ਲੱਛਣਾਂ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਮਰੀਜ਼ਾਂ ਨੂੰ ਪੈਰੀਓਰਬੀਟਲ ਸੋਜ ਅਤੇ ਦਰਦ, ਚਮੜੀ ਦਾ ਰੰਗ ਕਾਲਾ ਪੈਣਾ, ਚਿਹਰੇ ‘ਤੇ ਸੋਜ ਅਤੇ ਨੇਜਲ ਕੇਵਿਟੀ ਵਿੱਚ ਅਲਟਰੇਸ਼ਨ ਆਦਿ ਹੋ ਸਕਦੇ ਹਨ। ਜੇ ਸਮੇਂ ਸਿਰ ਧਿਆਨ ਨਹੀਂ ਦਿੱਤਾ ਜਾਂਦਾ, ਤਾਂ ਲੱਛਣ ਵੱਧ ਸਕਦੇ ਹਨ ਜਿਵੇਂ ਕਿ ਅੱਖਾਂ ਦੀ ਲਾਲੀ, ਅੱਖਾਂ ਵਿੱਚੋਂ ਪਾਣੀ ਆਉਣਾ, ਦੋਹਰੀ ਨਜ਼ਰ ਅਤੇ ਕੁਝ ਮਾਮਲਿਆਂ ਵਿੱਚ, ਨਜ਼ਰ ਦਾ ਜਾਣਾ ਸ਼ਾਮਲ ਹੈ। ਕੁਝ ਕੇਸਾਂ ਵਿੱਚ ਚਿਹਰੇ ਦਾ ਅਧਰੰਗ ਵੀ ਦੇਖਿਆ ਗਿਆ ਹੈ।
ਬਿਮਾਰੀ ਨੂੰ ਰੋਕਣ ਲਈ ਉਪਾਵਾਂ 'ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਸਮੇਂ ਸਿਰ ਧਿਆਨ ਦੇਣਾ ਅਤੇ ਇਲਾਜ ਕਰਵਾਉਣਾ ਸਮੇਂ ਦੀ ਲੋੜ ਹੈ। ਲੋਕਾਂ ਨੂੰ ਲਾਗ ਤੋਂ ਬਚਣ ਲਈ ਨਿੱਜੀ ਸਵੱਛਤਾ, ਫੇਸ ਮਾਸਕ ਅਤੇ ਫੇਸ ਸ਼ੀਲਡ ਪਹਿਨਣਾ ਯਕੀਨੀ ਬਣਾਉਣਾ ਚਾਹੀਦਾ ਹੈ।
ਇਸ ਮੌਕੇ ਸ੍ਰੀ ਅਨਿਲ ਵਿਨਾਇਕ, ਗਰੁੱਪ ਸੀਓਓ ਫੋਰਟਿਸ ਹੈਲਥਕੇਅਰ ਲਿਮਟਿਡ, ਅਸ਼ੀਸ਼ ਭਾਟੀਆ, ਖੇਤਰੀ ਸੀਓਓ, ਫੋਰਟਿਸ ਹੈਲਥਕੇਅਰ ਲਿਮਟਿਡ, ਅਤੇ ਅਭੀਜੀਤ ਸਿੰਘ, ਜ਼ੋਨਲ ਡਾਇਰੈਕਟਰ, ਫੋਰਟਿਸ ਹਸਪਤਾਲ, ਮੁਹਾਲੀ ਅਤੇ ਸੀਨੀਅਰ ਕਲੀਨਿਸ਼ਿਅਨ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਐਨਸੀਆਰ, ਹਰਿਆਣਾ ਅਤੇ ਪੰਜਾਬ ਦੇ ਕਈ ਹਿੱਸਿਆਂ ਤੋਂ ਲਗਭਗ 20 ਮਰੀਜ਼ਾਂ ਨੂੰ ਫੋਰਟਿਸ, ਮੁਹਾਲੀ ਵਿਖੇ ਓਪੀਡੀ ਜਾਂ ਐਮਰਜੈਂਸੀ ਸੇਵਾਵਾਂ ਲਈ ਰੈਫਰਲ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਪੰਜ ਮਰੀਜ਼ਾਂ ਨੂੰ ਤੁਰੰਤ ਸਰਜੀਕਲ ਇਲਾਜ ਦੀ ਲੋੜ ਸੀ।