ਬਠਿੰਡਾ ਵਿੱਚ ਵੀ ਪੁੱਜਿਆ ਕੋਰੋਨਾ ਮਰੀਜ਼ਾਂ ਲਈ ‘ਆਪ ਦਾ ਡਾਕਟਰ’
ਅਸ਼ੋਕ ਵਰਮਾ
ਬਠਿੰਡਾ,27ਮਈ 2021: ਆਮ ਆਦਮੀ ਪਾਰਟੀ ਨੇ ਕੋਰੋਨਾ ਪੀੜਤ ਮਰੀਜ਼ਾਂ ਦੀ ਤਕਲੀਫ ਮਹਿਸੂਸ ਕਰਦਿਆਂ ‘ਸਰਕਾਰਾਂ ਤੋਂ ਝਾਕ ਨਾ ਕਰਨ’ ਦੇ ਸੁਨੇਹੇ ਨਾਲ ਬਠਿੰਡਾ ਵਿਚ ‘ਆਪ ਦਾ ਡਾਕਟਰ’ ਨਾਮੀ ਮੁਹਿੰਮ ਵਿੱਢੀ ਹੈ। ਇਸ ਮੁਹਿੰਮ ਤਹਿਤ ਕੋਰੋਨਾ ਤੋਂ ਪੀੜਤ ਕੋਈ ਵੀ ਵਿਅਕਤੀ ਜਦੋਂ ਚਾਹੇ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਹੈਲਪ ਲਾਈਨ ਨੰਬਰ 7827275743 ਤੇ ਕਾਲ ਕਰਕੇ ਆਪਣੇ ਵਾਸਤੇ ਡਾਕਟਰੀ ਸਹਾਇਤਹ ਲੈ ਸਕਦਾ ਹੈ। ਭਾਵੇਂ ਆਮ ਆਦਮੀ ਪਾਰਟੀ ਨੇ ਇਸ ਮੁਹਿੰਮ ਨੂੰ ਨਿਰੋਲ ਸੇਵਾ ਦਾ ਪ੍ਰੋਗਰਾਮ ਦੱਸਦਿਆਂ ਰਾਜਨੀਤੀ ਤੋਂ ਰਹਿਤ ਦੱਸਿਆ ਹੈ ਪਰ ਅੱਜ ਬਠਿੰਡਾ ’ਚ ਇਸ ਦੀ ਸ਼ੁਰੂਆਤ ਕਰਨ ਮੌਕੇ ਪਾਰਟੀ ਆਗੂਆਂ ਨੇ ਕੇਪਟਟਲ ਸਰਕਾਰ ਤੇ ਸਿਆਸੀ ਹੱਲੇ ਬੋਲੇ ਅਤੇ ਰਾਜਨੀਤੀ ’ਚ ਰੁੱਝੇ ਹੋਣ ਦੇ ਦੋਸ਼ ਲਾਏ ਹਨ।
ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ ਬਲਜਿੰਦਰ ਕੌਰ ਤੇ ਜ਼ਿਲ੍ਹਾ ਬਠਿੰਡਾ ਤੇ ਸ਼ਹਿਰੀ ਪ੍ਰਧਾਨ ਨੀਲ ਗਰਗ ਅਤੇ ਬਠਿੰਡਾ ਸਰਕਲ ਦੇ ਦਿਹਾਤੀ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਰੋਨਾ ਮਹਾਮਾਰੀ ਦੌਰਾਨ ਮਰੀਜ਼ਾਂ ਨੂੰ ਰੱਬ ਆਸਰੇ ਦਿੱਤਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਫਿਕਰਮੰਦ ਹੋਣ ਦੀ ਬਜਾਏ ਸਿਆਸਤ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਆਖਿਆ ਕਿ ਹਰ ਦਿਨ ਕਾਂਗਰਸ ਪਾਰਟੀ ਵਿਚ ਮੱਚਿਆ ਘਮਸਾਨ ਇਸ ਦੀ ਪੁਖਤਾ ਮਿਸਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਸਿਆਸਤ ਕਰਨ ਦੀ ਨਹੀਂ,ਬਲਕਿ ਕੋੋਰੋਨਾ ਮਰੀਜ਼ਾਂ ਦੀ ਬਾਂਹ ਫੜ੍ਹਨ ਦੀ ਜ਼ਰੂਰਤ ਹੈ ਤਾਂ ਜੋ ਮੌਤ ਦੇ ਮੂੰਹ ਵਿਚ ਜਾ ਰਹੇ ਲੋਕਾਂ ਨੂੰ ਕੋਈ ਸਹਾਰਾ ਮਿਲ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਇਸ ਵੇਲੇ ਕੋਈ ਵਾਰਸ ਨਹੀਂ ਤੇ ਇਸ ਵੇਲੇ ਸੂਬੇ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਜ਼ਰ ਵੀ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਕੋਰੋਨਾ ਸਮੇਤ ਹੋਰਨਾਂ ਬੀਮਾਰੀਆਂ ਨਾਲ ਦੋ ਚਾਰ ਹੁੰਦੀ ਜਨਤਾ ਦੀ ਤਕਲੀਫ ਨੂੰ ਲਾਗਿਓਂ ਦੇਖਿਆ ਹੈ,ਜਿਸ ਕਰਕੇ ਪਾਰਟੀ ਨੇ ਆਪ ਦਾ ਡਾਕਟਰ ਨਾਂ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਦਾ ਕੋਈ ਵੀ ਕੋਰੋਨਾ ਪੀੜਤ, ਜਿਸ ਨੂੰ ਡਾਕਟਰ ਦੀ ਦਵਾਈ ਜਾਂ ਇਲਾਜ ਮਹਿੰਗਾ ਜਾਪਦਾ ਹੈ ਉਹ ਹੈਲਪਲਾਈਨ ਤੇ ਫੋਨ ਕਰਕੇ ਮੁਫਤ ਵਿਚ ਸਲਾਹ ਲੈ ਸਕਦਾ ਹੈ। ਇਸ ਮੌਕੇ ਨਵਦੀਪ ਸਿੰਘ ਜੀਦਾ , ਰਾਕੇਸ਼ ਕੁਮਾਰ,ਬਲਜਿੰਦਰ ਸਿੰਘ ਬਰਾੜ ਜ਼ਿਲਾ ਅਤੇ ਬਲਕਾਰ ਸਿੰਘ ਭੋਖੜਾ ਆਦਿ ਹਾਜ਼ਰ ਸਨ।