ਮਾਂ-ਦਿਵਸ ਮੌਕੇ ਧਰਤੀ-ਮਾਂ ਨੂੰ ਕਾਰਪੋਰੇਟਾਂ ਦੀ ਲੁੱਟ ਤੋਂ ਬਚਾਉਣ ਦਾ ਅਹਿਦ
ਅਸ਼ੋਕ ਵਰਮਾ
ਚੰਡੀਗੜ੍ਹ,9 ਮਈ2021: ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੇ ਕਾਰਕੁੰਨਾਂ ਨੇ ਅੱਜ ਪੱਕੇ ਧਰਨਿਆਂ ਦੌਰਾਨ ਮਾਂ ਦਿਵਸ ਮੌਕੇ ਧਰਤੀ ਮਾਤਾ ਦੀ ਕਾਰਪੋਰੇਟ ਘਰਾਣਿਆਂ ਹੱਥੋਂ ਲੁੱਟ ਬਚਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਇਸ ਮੌਕੇ ਐਲਾਨ ਕੀਤਾ ਗਿਆ ਕਿ 10 ਅਤੇ 12 ਮਈ ਨੂੰ ਖਨੌਰੀ ਅਤੇ ਸ਼ੰਭੂ ਬਾਰਡਰ ਤਰਫੋਂ ਕਿਸਾਨਾਂ ਦੇ ਸੈਂਕੜੇ ਜੱਥੇ ਦਿੱਲੀ ਦੇ ਕਿਸਾਨ-ਮੋਰਚਿਆਂ ਵੱਲ ਰਵਾਨਾ ਹੋਣਗੇ ਜਿਸ ਲਈ ਪੂਰੇ ਜੋਸ਼ੋ ਖਰੋਸ਼ ਨਾਲ ਤਿਆਰੀਆਂ ਚੱਲ ਰਹੀਆਂ ਹਨ। ਅੱਜ ਧਰਨਿਆਂ ਦੇ 220 ਵੇਂ ਦਿਨ ਮੌਕੇ ਮੋਰਚਿਆਂ ’ਚ ਹਾਜਰ ਕਿਸਾਨ ਮਜਦੂਰ ਤੇ ਹੋਰ ਵੱਖ ਵੱਖ ਵਰਗਾਂ ਨਾਲ ਸਬੰਧਤ ਔਰਤਾਂ ਨੇ ਸਪਸ਼ਟ ਕੀਤਾ ਕਿ ਤਿੰਨੇ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਜ਼ਜ਼ਬਾ ਬਰਕਰਾਰ ਹੈ, ਇਹ ਗੱਲ ਮੋਦੀ ਸਰਕਾਰ ਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ।
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ ਗਿੱਲ ਨੇ ਕਿਹਾ ਕਿ 400 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕੇਂਦਰ-ਸਰਕਾਰ ਵੱਲੋਂ ਅੰਦੋਲਨ ਪ੍ਰਤੀ ਧਾਰੀ ਬੇਰੁਖੀ ਸਾਬਤ ਕਰਦੀ ਹੈ ਕਿ ਸਰਕਾਰ ਕਾਰਪੋਰੇਟ ਸੈਕਟਰ ਦੇ ਪੱਖ ‘ਚ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਸਮੇਤ ਕੁੱਲ 108 ਥਾਵਾਂ ਤੇ ਜਾਰੀ ਧਰਨਿਆਂ ‘ਚ ਨਾਅਰੇ ਗੂੰਜਣੇ ਇਸ ਗੱਲ ਦਾ ਪ੍ਰਮਾਣ ਹੈ ਕਿ ਮੰਗਾਂ ਮੰਨੇ ਬਗੈਰ ਵਾਪਿਸੀ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ 10 ਅਤੇ 12 ਮਈ ਨੂੰ ਦੇ ਦਿੱਲੀ ਕੂਚ ਲਈ ਪਿੰਡਾਂ ‘ਚ ਲਾਮਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ-ਸਰਕਾਰ ਦੀ ਬੇਰੁਖੀ ਦੇਖਦਿਆਂ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ ਇਹ ਤੱਥ ਲਾਮਬੰਦੀ ਨੂੰ ਮਿਲੇ ਹੁੰਗਾਰੇ ਤੋਂ ਸਾਹਮਣੇ ਆਏ ਹਨ।
ਕਿਸਾਨ-ਆਗੂਆਂ ਨੇ ਕਿਹਾ ਕਿ ਭਾਵੇਂ ਸੰਸਾਰ ਭਰ ਚ ਮਾਂ ਦਿਵਸ ਮਨਾਇਆ ਜਾ ਰਿਹਾ ਹੈ, ਪਰ ਹਰ ਦਿਨ ਹੀ ਮਾਂ ਦਾ ਹੁੰਦਾ ਹੈ ਕਿਉਂਕਿ ਮਾਂ ਇਸ ਧਰਤੀ , ਕੁੱਲ ਜਹਾਨ , ਸਮੁੱਚੇ ਜੀਵਨ ਅਤੇ ਸਾਰੇ ਸਮਾਜ ਦੀ ਮਾਲਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ‘ਚ ਔਰਤਾਂ ਦੀ ਬਰਾਬਰ ਦੀ ਹਿੱਸੇਦਾਰੀ ਨੇ ਸਾਬਤ ਕਰ ਦਿੱਤਾ ਹੈ ਕਿ ਜੋ ਔਰਤ ਸਮਾਜ ਦੇ ਵਿਕਾਸ ਅਤੇ ਉਤਪਾਦਨ ’ਚ ਬਰਾਬਰ ਦੀ ਹਿੱਸੇਦਾਰ ਹੈ ਉਹੀ ਮਾਂ ਅੱਜ ਕਾਰਪੋਰੇਟ-ਘਰਾਣਿਆਂ ਖਿਲਾਫ ਸੰਘਰਸ਼ ‘ਚ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਹੈ। ਉਨ੍ਹਾਂ ਕਿਹਾ ਕਿ ਪੀਰਾਂ ਪੈਗੰਬਰਾਂ ਤੇ ਸ਼ਹੀਦਾਂ ਯੋਧਿਆਂ ਦੀ ਇਸ ਧਰਤੀ ‘ਤੇ ਔਰਤ ਜੋਕਿ ਕਈ ਰੂਪਾਂ ਚ ਸਮਾਜ ਦੀ ਬੁਨਿਆਦ ਤੇੇ ਜੀਵਨ ਦਾ ਮੂਲ ਹੈ ਫਿਰ ਵੀ ਉਸ ਨੂੰ ਬਰਾਬਰ ਦਾ ਰੁਤਬਾ, ਸਤਿਕਾਰ ਤੇ ਸਨਮਾਨ ਨਹੀਂ ਦਿੱਤਾ ਜਾ ਰਿਹਾ ਜੋਕਿ ਚਿੰਤਾਜਨਕ ਹੈ।
ਕਿਸਾਨ-ਆਗੂਆਂ ਨੇ ਕਿਹਾ ਕਿ ਦੇਸ਼ ਦੇ ਜਲ, ਜੰਗਲ ਤੇ ਜਮੀਨ ਨੂੰ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੋਂ ਬਚਾਉਣ ਲਈ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਤਿੱਖਾ ਸੰਘਰਸ਼ ਜਾਰੀ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਧਰਤੀ ਸਾਡੀ ਮਾਂ ਹੈ, ਜਿਸ ਨੂੰ ਕਾਰਪੋਰੇਟ ਘਰਾਣੇ ਆਪਣੇ ਮੁਨਾਫੇ ਲਈ ਉਜਾੜ ਦੇਣਾ ਚਾਹੁੰਦੇ ਹਨ ਪਰ ਪੰਜਾਬ ਦੇ ਲੋਕ ਅਜਿਹਾ ਹੋਣ ਨਹੀਂ ਦੇਣਗੇ। ਉਨਾਂ ਕਿਹਾ ਕਿ ਕਿਸਾਨ ਅੰਦੋਲਨ ਮਾਂ ਦੇ ਪਵਿੱਤਰ ਰਿਸ਼ਤੇ ਦੀ ਬੁਲੰਦੀ ਦੀ ਜਿਓਂਦੀ ਜਾਗਦੀ ਮਿਸਾਲ ਹੈ ਜਿਸ ’ਚ ਹਜਾਰਾਂ ਦੀ ਤਾਦਾਦ ’ਚ ਔਰਤਾਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਮਾਂ,ਧੀਅ ਅਤੇ ਪਤਨੀ ਦੇ ਰੂਪ ’ਚ ਪ੍ਰਾਣਾ ਦੀ ਆਹੂਤੀ ਦੇਣ ਨੂੰ ਤਿਆਰ ਬੈਠੀਆਂ ਹਨ। ਕਿਸਾਨ ਆਗੂਆਂ ਨੇ ਅੱਜ ਮਾਂ ਦਿਵਸ ਮੌਕੇ ਔਰਤਾਂ ਵੱਲੋਂ ਸੰਘਰਸ਼ ਦੌਰਾਨ ਪਾਏ ਯੋਗਦਾਨ ਅਤੇ ਦਿੱਤੀਆਂ ਸ਼ਹੀਦੀਆਂ ਨੂੰ ਸਿਜਦਾ ਵੀ ਕੀਤਾ ਹੈ।
ਕਿਸਾਨ-ਆਗੂਆਂ ਨੇ ਕਿਹਾ ਕਿ ਰਸਾਇਣਕ ਖਾਦਾਂ, ਕੀਟ ਨਾਸ਼ਕਾਂ, ਨਦੀਨ ਨਾਸ਼ਕਾਂ, ਬੀਜਾਂ, ਮਸ਼ੀਨਰੀ ਵਾਲੀਆਂ ਕੰਪਨੀਆਂ ਦੇ ਮੁਨਾਫੇ ਸੈਂਕੜੇ ਗੁਣਾ ਵਧ ਗਏ ਹਨ ਜਦੋਂਕਿ ਮੁਲਕ ਦਾ ਅੰਨਦਾਤਾ ਆਖਵਾਉਣ ਵਾਲਾ ਕਿਸਾਨ ਕਰਜੇ ਦੇ ਚੱਕਰਵਿਊ ’ਚ ਫਸਕੇ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਰੀ ਕ੍ਰਾਂਤੀ ਮਾਡਲ ਦੇ ਸਿੱਟੇ ਵਜੋਂ ਹਵਾ, ਪਾਣੀ, ਧਰਤੀ ਬੁਰੀ ਤਰ੍ਹਾਂ ਦੂਸ਼ਿਤ ਹੋ ਗਏ ਹਨ ਅਤੇ ਮਨੁੱਖ, ਪਸ਼ੂ-ਪੰਛੀਆਂ ਸਮੇਤ ਸਾਰੇ ਜੀਵ ਜੰਤੂਆਂ ਨੂੰ ਪ੍ਰਦੂਸ਼ਣ ਦੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਨਵੀਂਆਂ ਲਾਇਲਾਜ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਫਿਰ ਵੀ ਮੁਨਾਫੇ ਦੀ ਅੰਨ੍ਹੀ ਹਵਸ ਖਾਤਿਰ ਇਹ ਵਰਤਾਰਾ ਜਾਰੀ ਹੈ। ਆਗੂਆਂ ਨੇ ਖੇਤੀ ਚੋਂ ਮਨੁੱਖ ਦੀ ਮਨਫੀ ਹੋਈ ਮਿਹਨਤ, ਮਸ਼ੀਨਰੀ ਅਤੇ ਰਸਾਇਣਾਂ ਦੇ ਵਧੇ ਭਾਰ ਪ੍ਰਤੀ ਫਿਕਰ ਜਾਹਰ ਕਰਦਿਆਂ ਜਲ, ਜੰਗਲ ਅਤੇ ਜ਼ਮੀਨ ਬਚਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ।