ਮਾਨਸਾ: ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ 8 ਪਿੰਡਾਂ ਵਿਚ 13 ਮਈ ਨੂੰ ਲੱਗਣਗੇ ਸੈਂਪਲਿੰਗ ਕੈਂਪ
ਸੰਜੀਵ ਜਿੰਦਲ
ਮਾਨਸਾ, 12 ਮਈ 2021 : ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿ਼ਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨਵਨੀਤ ਜੋਸ਼ੀ ਨੇ ਦੱਸਿਆ ਕਿ 13 ਮਈ ਤੋਂ 18 ਮਈ 2021 ਤੱਕ ਪਿੰਡ ਪੱਧਰ 'ਤੇ ਮੁਫ਼ਤ ਕੋਰੋਨਾ ਜਾਂਚ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ 13 ਮਈ ਨੂੰ ਪਿੰਡ ਨੰਗਲ ਖ਼ੁਰਦ, ਬੱਪੀਆਣਾ, ਹਾਕਮਵਾਲਾ, ਖੁਡਾਲ ਕਲਾਂ, ਰਾਮਗੜ੍ਹ, ਬਾਜੇਵਾਲਾ, ਲੋਹਗੜ੍ਹ ਅਤੇ ਜਟਾਣਾ ਖੁ਼ਰਦ ਵਿਖੇ ਜਾਂਚ ਕੈਂਪ ਲਗਾਏ ਜਾ ਰਹੇ ਹਨ। ਜੋਸ਼ੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ—19 ਦਾ ਛੇਤੀ ਪਤਾ ਲਗਾਉਣ ਲਈ ਟੈਸਟਿੰਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇ ਜਾਂਚ ਸ਼ੁਰੂਆਤੀ ਪੜਾਅ ਤੇ ਕੀਤੀ ਜਾਂਦੀ ਹੈ ਤਾਂ ਅਸੀਂ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਲੋਕ ਜਲਦ ਟੈਸਟ ਕਰਵਾਉਣ ਤੋਂ ਝਿਜਕਦੇ ਹਨ, ਜਿਸ ਨਾਲ ਅਜਿਹੇ ਵਿਅਕਤੀਆਂ ਵਿਚ ਬਿਮਾਰੀ ਦੀ ਗੰਭੀਰਤਾ ਹੁੰਦੀ ਹੈ ਅਤੇ ਉਹ ਅਣਜਾਣੇ ਵਿਚ ਇਸ ਦੇ ਫੈਲਣ ਲਈ ਵੀ ਜਿੰਮੇਵਾਰ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇ ਕਿਸੇ ਵਿਅਕਤੀ ਵਿਚ ਕੋਵਿਡ ਦੇ ਲੱਛਣ ਪਾਏ ਜਾਂਦੇ ਹਨ ਜਾਂ ਕਿਸੇ ਲਾਗ ਵਾਲੇ ਵਿਅਕਤੀ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਮਰੀਜ਼ ਨੂੰ ਸਹੀ ਸਮੇਂ ਤੇ ਲੋੜੀਂਦਾ ਇਲਾਜ ਦਿੱਤਾ ਜਾ ਸਕਦਾ ਹੈ । ਬਿਮਾਰੀ ਦੇ ਹੋਰ ਫੈਲਣ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਵੀ ਕੀਤੀ।