ਮਾਨਸਾ: ਨਿਰਧਾਰਿਤ ਰੇਟਾਂ ਨਾਲੋਂ ਵੱਧ ਰਾਸ਼ੀ ਵਸੂਲਣ ਵਾਲੇ ਐਂਬੂਲੈਂਸ ਮਾਲਕਾਂ 'ਤੇ ਹੋਵੇਗੀ ਕਾਨੂੰਨੀ ਕਾਰਵਾਈ
ਸੰਜੀਵ ਜਿੰਦਲ
- ਡੀਸੀ ਅਤੇ ਐਸਐਸਪੀ ਨੇ ਸਪੱਸ਼ਟ ਹਦਾਇਤਾਂ ਕੀਤੀਆਂ ਜਾਰੀਆਂ, ਵਿੱਤੀ ਸ਼ੋਸ਼ਣ ਬਰਦਾਸ਼ਤ ਨਹੀਂ ਕਰਾਂਗੇ
ਮਾਨਸਾ, 7 ਮਈ 2021 - ਬੱਚਤ ਭਵਨ ਵਿਖੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ, ਸੀਨੀਅਰ ਆਗੂ ਮੰਜੂ ਬਾਲਾ ਤੇ ਕੌਂਸਲ ਪ੍ਰਧਾਨ ਜਸਵੀਰ ਕੌਰ ਸਮੇਤ ਸਮੂਹ ਵਾਰਡਾਂ ਦੇ ਕੌਂਸਲਰਾਂ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਸਪੱਸ਼ਟ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕੋਵਿਡ ਪਾਜ਼ੇਅੱਜ ਟਿਵ ਪਾਏ ਜਾਣ ਵਾਲੇ ਮਰੀਜ਼ਾਂ ਨੂੰ ਲਿਜਾਉਣ ਵਾਲੀਆਂ ਐਂਬੂਲੈਂਸਾਂ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਰੇਟ ਨਿਰਧਾਰਿਤ ਕੀਤੇ ਗਏ ਹਨ ਜੇਕਰ ਕੋਈ ਵੀ ਐਂਬੂਲੈਂਸ ਮਾਲਕ ਉਸ ਤੋਂ ਵੱਧ ਰੇਟ ਵਸੂਲਦਾ ਪਾਇਆ ਗਿਆ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਮੁਨਾਫਾਖੋਰੀ ਰੋਕਣ ਦੇ ਉਦੇਸ਼ ਨਾਲ ਕੋਵਿਡ-19 ਮਰੀਜ਼ਾਂ ਨੂੰ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਵੱਖ-ਵੱਖ ਐਂਬੂਲੈਸਾਂ ਦੇ ਰੇਟ ਨਿਰਧਾਰਿਤ ਕੀਤੇ ਗਏ ਹਨ ਜਿਸ ਵਿੱਚ ਐਂਬੂਲੈਂਸ ਵੈਨ/ਇਨੋਵਾ ਐਂਬੂਲੈਂਸ 25 ਕਿਲੋਮੀਟਰ ਤੱਕ ਘੱਟੋ-ਘੱਟ ਕਿਰਾਇਆ 2500 ਰੁਪਏ ਅਤੇ 25 ਕਿਲੋਮੀਟਰ ਤੋਂ ਵੱਧ 12 ਰੁਪਏ ਪ੍ਰਤੀ ਕਿਲੋਮੀਟਰ ਅਤੇ ਇਸੇ ਤਰ੍ਹਾਂ ਵੈਂਟੀਲੇਟਰ ਐਂਬੂਲੈਂਸ ਵੈਨ 25 ਕਿਲੋਮੀਟਰ ਤੱਕ ਘੱਟੋ-ਘੱਟ ਕਿਰਾਇਆ 5000 ਰੁਪਏ ਅਤੇ 25 ਕਿਲੋਮੀਟਰ ਤੋਂ ਵੱਧ 25 ਰੁਪਏ ਪ੍ਰਤੀ ਕਿਲੋਮੀਟਰ ਤੈਅ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਐਂਬੂਲੈਂਸ ਸੇਵਾ ਦੇ ਮਾਮਲੇ ਵਿੱਚ ਕਿਸੇ ਵਿਅਕਤੀ ਜਾਂ ਸੰਸਥਾ ਵੱਲੋਂ ਨਿਰਧਾਰਿਤ ਰੇਟ ਤੋਂ ਜ਼ਿਆਦਾ ਪੈਸੇ ਵਸੂਲੇ ਜਾਂਦੇ ਹਨ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਇੱਕ ਦੂਜੇ ਦੀ ਹਰ ਸੰਭਵ ਮਦਦ ਕਰਨਾ ਹਰੇਕ ਨਾਗਰਿਕ ਦਾ ਫਰਜ ਹੈ ਪਰ ਜਿਹੜੇ ਲੋਕ ਅਜਿਹੇ ਦੁੱਖ ਦੇ ਸਮੇਂ ਵਿੱਚ ਵੀ ਲੋੜਵੰਦਾਂ ਦਾ ਵਿੱਤੀ ਸੋਸ਼ਣ ਕਰਨ ਦੀ ਤਾਕ ਵਿੱਚ ਰਹਿੰਦੇ ਹਨ ਉਨ੍ਹਾਂ ਦੀਆਂ ਅਜਿਹੀਆਂ ਗੈਰ ਜ਼ਿੰਮੇਵਾਰਾਨਾ ਹਰਕਤਾਂ 'ਤੇ ਮਨ ਨੂੰ ਠੇਸ ਪੁੱਜਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕੋਵਿਡ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਅਜਿਹਾ ਵਿੱਤੀ ਸੋਸ਼ਣ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀ ਕੋਈ ਵੀ ਸ਼ਿਕਾਇਤ ਮਿਲਣ 'ਤੇ ਫੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।