ਮਾਨਸਾ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਨਾਗਰਿਕ ਤਾਲਮੇਲ ਅਤੇ ਕੋਵਿਡ ਸਹਾਇਤਾ ਕੇਂਦਰ ਸਥਾਪਿਤ
ਸੰਜੀਵ ਜਿੰਦਲ
- 24 ਘੰਟੇ ਸਿਵਲ ਤੇ ਪੁਲਿਸ ਦੇ ਅਧਿਕਾਰੀ ਰਹਿਣਗੇ ਤਾਇਨਾਤ , ਮਰੀਜ਼ਾਂ ਨੂੰ ਇਲਾਜ ਲਈ ਲੋੜੀਂਦੀ ਹਰ ਸੁਵਿਧਾ ਮੁਹੱਈਆ ਕਰਵਾਉਣ ਲਈ ਰਹਿਣਗੇ ਯਤਨਸ਼ੀਲ
ਮਾਨਸਾ, 6 ਮਈ 2021 : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਖੇ ਨਾਗਰਿਕ ਤਾਲਮੇਲ ਅਤੇ ਕੋਵਿਡ ਸਹਾਇਤਾ ਕੇਂਦਰ ਸਥਾਪਤ ਕੀਤਾ ਗਿਆ ਹੈ ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਅਤੇ ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਵੱਲੋਂ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਰੋਨਾ ਪੀੜਤਾਂ ਦੀ ਵਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਅਤੇ ਅਜਿਹੇ ਵੇਲੇ ਸਿਹਤ ਪ੍ਰੋਟੋਕਾਲ ਦੀ ਪਾਲਣਾ ਕਰਨਾ ਹਰੇਕ ਨਾਗਰਿਕ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਉਹ ਵੀ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਆਏ ਸਨ ਪਰ ਘਰੇਲੂ ਇਕਾਂਤਵਾਸ ਦੌਰਾਨ ਸਿਹਤ ਸਲਾਹਾਂ ਦੀ ਇੰਨ ਬਿੰਨ ਪਾਲਣਾ ਕਰਨ ਕਰਕੇ ਉਹ ਹੁਣ ਪੂਰੀ ਤਰ੍ਹਾਂ ਸਿਹਤਯਾਬ ਹਨ ।
ਇਸ ਲਈ ਸਮੂਹ ਨਾਗਰਿਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਕੋਰੋਨਾ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਬਲਕਿ ਇਸ ਤੋਂ ਬਚਾਅ ਲਈ ਸਾਰੀਆਂ ਸਿਹਤ ਸਾਵਧਾਨੀਆਂ ਦੀ ਪਾਲਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਾਗਰਿਕ ਤਾਲਮੇਲ ਅਤੇ ਕੋਵਿਡ ਸਹਾਇਤਾ ਕੇਂਦਰ ਦਾ ਮਕਸਦ ਕੋਵਿਡ ਦੀ ਰੋਕਥਾਮ ਲਈ ਹਰ ਲੋੜੀਂਦੀ ਮਦਦ ਮੁਹੱਈਆ ਕਰਵਾਉਣਾ ਅਤੇ ਜਾਗਰੂਕਤਾ ਪੈਦਾ ਕਰਨਾ ਹੈ ਜਿਥੇ ਪ੍ਰਸ਼ਾਸਨ ਤੇ ਪੁਲਿਸ ਦਾ ਇੱਕ ਇੱਕ ਨੁਮਾਇੰਦਾ 24 ਘੰਟੇ ਤਾਇਨਾਤ ਰਹੇਗਾ ਅਤੇ ਕੋਵਿਡ ਬਾਰੇ ਇਥੋਂ ਕੋਈ ਵੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ ।
ਇਸ ਮੌਕੇ ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇਸ ਕੇਂਦਰ ਵਿਖੇ ਤਾਇਨਾਤ ਰਹਿਣ ਵਾਲੇ ਅਧਿਕਾਰੀ ਸਿਵਲ ਹਸਪਤਾਲ ਵਿਖੇ ਇਲਾਜ ਲਈ ਆਉਣ ਵਾਲੇ ਲੋਕਾਂ ਨਾਲ ਸਿੱਧੇ ਤੌਰ ’ਤੇ ਤਾਲਮੇਲ ਰੱਖਣਗੇ ਅਤੇ ਜੇਕਰ ਕਿਸੇ ਕੋਵਿਡ ਪਾਜ਼ੀਟਿਵ ਮਰੀਜ਼ ਨੂੰ ਡਾਕਟਰੀ ਸਲਾਹ, ਡਾਕਟਰੀ ਸੇਵਾ, ਆਕਸੀਜਨ, ਬੈਡ ਜਾਂ ਅਜਿਹੀ ਹੀ ਕੋਈ ਹੋਰ ਸੁਵਿਧਾ ਹਾਸਲ ਕਰਨ ਵਿੱਚ ਦਿੱਕਤ ਆ ਰਹੀ ਹੋਵੇਗੀ ਤਾਂ ਉਹ ਇਹ ਦਿੱਕਤ ਦੂਰ ਕਰਵਾਉਣ ਵਿੱਚ ਮਹੱਤਵਪੂਰਨ ਕੜੀ ਦਾ ਕੰਮ ਕਰਨਗੇ।