ਮਾਨਸਾ ਡਿਪਟੀ ਕਮਿਸ਼ਨਰ ਵੱਲੋਂ ਕੰਟੈਕਟ ਟਰੇਸਿੰਗ ਕੰਟਰੋਲ ਰੂਮ ਅਤੇ ਸਿਵਲ ਹਸਪਤਾਲ ਦਾ ਦੌਰਾ
ਸੰਜੀਵ ਜਿੰਦਲ
- ਆਕਸੀਜਨ ਦੀ ਖ਼ਪਤ ਤੇ ਉਪਲਬਧਤਾ ਬਾਰੇ ਲਿਆ ਜਾਇਜ਼ਾ, ਮਰੀਜ਼ਾਂ ਦੀ ਲੋੜ ਮੁਤਾਬਕ ਆਕਸੀਜਨ ਮੌਜੂਦ: ਡਿਪਟੀ ਕਮਿਸ਼ਨਰ
ਮਾਨਸਾ, 11 ਮਈ 2021 : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਨੇ ਅੱਜ ਕੰਟੈਕਟ ਟਰੇਸਿੰਗ ਕੰਟਰੋਲ ਰੂਮ ਅਤੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਕੋਵਿਡ ਦੇ ਪਾਸਾਰ ਨੂੰ ਰੋਕਣ ਲਈ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਜਿਥੇ ਸਿਵਲ ਹਸਪਤਾਲ ਵਿਖੇ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਛੇਤੀ ਸਿਹਤਯਾਬੀ ਨੂੰ ਯਕੀਨੀ ਬਣਾਉਣ ਲਈ ਹਰ ਪੱਖੋਂ ਬਿਹਤਰ ਪ੍ਰਬੰਧ ਕੀਤੇ ਗਏ ਹਨ , ਉਥੇ ਹੀ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਛੇਤੀ ਪਛਾਣ ਕਰਕੇ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ ਵੀ ਢੁਕਵੇਂ ਉਪਰਾਲੇ ਕੀਤੇ ਜਾ ਰਹੇ ਹਨ। ਸ਼ਹਿਰ ਵਿਖੇ ਸਥਾਪਤ ਕੰਟੈਕਟ ਟਰੇਸਿੰਗ ਕੰਟਰੋਲ ਰੂਮ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਕੋਲੋਂ ਹੁਣ ਤੱਕ ਕੀਤੀ ਕਾਰਵਾਈ ਬਾਰੇ ਜਾਣਕਾਰੀ ਇਕੱਤਰ ਕੀਤੀ।
ਮਹਿੰਦਰ ਪਾਲ ਨੇ ਕਿਹਾ ਕਿ ਜਦੋਂ ਕਿਸੇ ਵੀ ਨਾਗਰਿਕ ਦਾ ਟੈਸਟ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਤੁਰੰਤ ਉਸਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਪਛਾਣ ਕਰਕੇ ਪ੍ਰੋਟੋਕਾਲ ਮੁਤਾਬਕ ਸੈਂਪਲਿੰਗ ਕੀਤੀ ਜਾਵੇ ਤਾਂ ਜੋ ਕੋਈ ਵੀ ਅਜਿਹਾ ਨਾਗਰਿਕ ਜੋ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਹੋਰਾਂ ਨੂੰ ਵੀ ਵਾਇਰਸ ਪ੍ਰਭਾਵਿਤ ਕਰ ਸਕਦਾ ਹੋਵੇ ਸੈਂਪਲਿੰਗ ਤੋਂ ਵਾਂਝਾ ਨਾ ਰਹੇ । ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਵੱਲੋਂ ਕੰਟੈਕਟ ਟਰੇਸਿੰਗ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਇਜ਼ਾ ਲੈਂਦਿਆਂ ਉਨ੍ਹਾਂ ਇਲਾਕਿਆਂ ਨੂੰ ਕੰਟੇਨਮੈਂਟ ਜੋਨ ਘੋਸ਼ਿਤ ਕਰਨ ਲਈ ਕਾਰਵਾਈ ਅਮਲ ਵਿੱਚ ਲਿਆਉਣ ਲਈ ਆਖਿਆ ਜਿਥੇ ਬਹੁ ਗਿਣਤੀ ਲੋਕ ਪਾਜ਼ੇਟਿਵ ਪਾਏ ਜਾ ਰਹੇ ਹੋਣ ਤਾਂ ਜੋ ਕੰਟੇਨਮੈਂਟ ਜ਼ੋਨ ਵਿੱਚ ਸੌ ਫੀਸਦੀ ਲੋਕਾਂ ਦੀ ਸੈਂਪਲਿੰਗ ਕਰਵਾ ਕੇ ਸਿਹਤ ਪ੍ਰੋਟੋਕਾਲ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਉਨ੍ਹਾਂ ਪਾਜ਼ੇਟਿਵ ਵਿਅਕਤੀਆਂ ਦੇ ਘਰੇਲੂ ਇਕਾਂਤਵਾਸ ਨੂੰ ਵੀ ਸਿਹਤ ਪ੍ਰੋਟੋਕਾਲ ਨਾਲ ਅਮਲੀ ਜਾਮਾ ਪਹਿਨਾਉਣ ਦੀ ਹਦਾਇਤ ਕੀਤੀ ਤਾਂ ਜੋ ਕੋਈ ਵੀ ਪਾਜੇਟਿਵ ਵਿਅਕਤੀ ਕਿਸੇ ਵੀ ਹਾਲਤ ਵਿੱਚ ਸਮਾਜਿਕ ਤੌਰ ’ਤੇ ਸੰਪਰਕ ਵਿੱਚ ਨਾ ਆ ਸਕੇ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਕੋਵਿਡ ਆਈਸੋਲੇਸ਼ਨ ਵਾਰਡ ਵਿਖੇ ਜੇਰੇ ਇਲਾਜ ਮਰੀਜ਼ਾਂ ਅਤੇ ਆਕਸੀਜਨ ਦੀ ਉਪਲਬਧਤਾ ਬਾਰੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ, ਡਾ. ਰੂਬੀ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਆਕਸੀਜਨ ਪਲਾਂਟ, ਐਂਬੂਲੈਂਸਾਂ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਅਤੇ ਆਕਸੀਜਨ ਦੀ ਰੋਜ਼ਾਨਾ ਦੀ ਖ਼ਪਤ ਅਤੇ ਉਪਲਬਧਤਾ ਸਬੰਧੀ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਦੇ ਕੋਵਿਡ ਆਈਸੋਲੇਸ਼ਨ ਵਾਰਡ ਵਿੱਚ ਮਰੀਜ਼ਾਂ ਦੀ ਦੇਖਭਾਲ ਅਤੇ ਉਨ੍ਹਾਂ ਦੇ ਸਹਾਇਕਾਂ ਤੱਕ ਸਹੀ ਸੂਚਨਾ ਉਪਲਬਧ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਪੱਧਰ ’ਤੇ ਤਾਲਮੇਲ ਦੀ ਕੋਈ ਕਮੀ ਨਾ ਰਹੇ।
ਇਸ ਦੌਰੇ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਧਿਕਾਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਤੋਂ ਇਲਾਵਾ ਨਾਇਬ ਤਹਿਸੀਲਦਾਰ, ਡਰੱਗ ਇੰਸਪੈਕਟਰ, ਐਸ.ਡੀ.ਓ ਬੀ.ਐਂਡ ਆਰ, ਐਸ.ਡੀ.ਓ ਇਲੈਕਟ੍ਰਿਕ, ਹਸਪਤਾਲ ਐਡਮਿਨਿਸਟਰੇਟਰ, ਜ਼ਿਲ੍ਹਾ ਵਿਕਾਸ ਫੈਲੋ ਵੀ ਮੌਜੂਦ ਸਨ।