ਮੋਦੀ ਸਰਕਾਰ ਦਾ ਪ੍ਰਚਾਰ ਗੁੰਮਰਾਹਕੁੰਨ ਤੇ ਗੈਰ ਵਿਗਿਆਨਕ - ਪਾਸਲਾ
ਅਸ਼ੋਕ ਵਰਮਾ
ਜਲੰਧਰ , 19 ਮਈ 2021:ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਬੀਮਾਰੀ ਦੇ ਭਿਆਨਕ ਫੈਲਾਅ ਅਤੇ ਰੋਜ਼ਾਨਾ ਹੋ ਰਹੀਆਂ ਅਣਗਿਣਤ ਅਜਾਈਂ ਮੌਤਾਂ ’ਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੋਦੀ ਸਰਕਾਰ ਦੀ ਬੇਰਹਿਮ ਪਹੁੰਚ ਅਤੇ ਸੰਘ-ਭਾਜਪਾ ਆਗੂਆਂ ਦੇ ਗੁੰਮਰਾਹਕੁੰਨ ਤੇ ਗੈਰ ਵਿਗਿਆਨਕ ਪ੍ਰਚਾਰ ਦੀ ਕਰੜੀ ਨਿੰਦਾ ਕੀਤੀ ਹੈ।ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਚੇਅਰਮੈਨ ਸਾਥੀ ਕੇ ਗੰਗਾਧਰਨ ਅਤੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸੰਘੀ ਕਾਰਕੁੰਨਾਂ ਵੱਲੋਂ ਸੁਝਾਏ ਜਾ ਰਹੇ ‘ਟੂਣੇ-ਟੋਟਕੇ’ ਅਸਲ ਵਿੱਚ ਕੋਰੋਨਾ ਮਹਾਮਾਰੀ ਦੀ ਰੋਕਥਾਮ ਕਰਕੇ ਲੋਕਾਂ ਦੀਆਂ ਜਾਨਾਂ ਬਚਾਉਣ ਪੱਖੋਂ ਮੋਦੀ ਸਰਕਾਰ ਦੀ ਘੋਰ ਅਸਫਲਤਾ ਦੀ ਪਰਦਾਪੋਸ਼ੀ ਦੀ ਕੋਝੀ ਕਵਾਇਦ ਹਨ।
ਦੋਵਾਂ ਆਗੂਆਂ ਨੇ ਸੰਘ-ਭਾਜਪਾ ਅਤੇ ਮੋਦੀ ਸਰਕਾਰ ਦੇ ਇਸ ਕੂੜ ਪ੍ਰਚਾਰ ਨੂੰ ਮਾਰੇ ਗਏ ਲੋਕਾਂ ਦੇ ਵਾਰਸਾਂ ਅਤੇ ਬੀਮਾਰੀ ਕਾਰਣ ਅੰਤਾਂ ਦੀਆਂ ਦੁਸ਼ਵਾਰੀਆਂ ਝੱਲ ਰਹੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨਾਲ ਭੱਦਾ ਮਜ਼ਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਇਹ ਪਹਿਲੀ ਵਾਰ ਵਾਪਰਿਆ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਨਿਰਦੋਸ਼ ਲੋਕ ਕੇਂਦਰੀ ਸਰਕਾਰ ਦੀ ਮ ਲਾਪ੍ਰਵਾਹੀ ਕਾਰਨ ਮੌਤ ਦੇ ਮੂੰਹ ਜਾ ਰਹੇ ਹਨ ਅਤੇ ਸਰਕਾਰ ਤੇ ਉਸ ਦੇ ਧੂਤੂ ਲੋਕਾਂ ਦੀ ਹਿਫਾਜ਼ਤ ਕਰਨ ਲਈ ਕਦਮ ਪੁੱਟਣ ਦੀ ਥਾਂ ਲਾਸ਼ਾਂ ਦੀ ਗਿਣਤੀ ਘਟਾ ਕੇ ਪੇਸ਼ ਕਰਨ ਦੇ ਘਟੀਆ ਅਮਲ ’ਚ ਗਲਤਾਨ ਹਨ।ਸਾਥੀਆਂ ਨੇ ਕਿਹਾ ਕਿ ਲਾਸ਼ਾਂ ਨੂੰ ਕਫਨ-ਦਫਨ ਅਤੇ ਦਾਹ ਸੰਸਕਾਰ ਵੀ ਨਸੀਬ ਨਾ ਹੋਣਾ ਲੋਕਾਂ ਦੀ ਤਰਸਯੋਗ ਅਵਸਥਾ ਅਤੇ ਕੇਂਦਰੀ ਸਰਕਾਰ ਦੇ ਗੈਰ ਜ਼ਿੰਮੇਵਾਰਾਨਾ ਰਵੱਈਏ ਦਾ ਪ੍ਰਤੱਖ ਸਬੂਤ ਹੈ।ਉਨ੍ਹਾਂ ਕਿਹਾ ਕਿ ਸਰਕਾਰ ਦੀ ਅਪਰਾਧਿਕ ਬੇਧਿਆਨੀ ਕਰਕੇ ਹੋਈ ਇੰਨੀ ਇੰਨੀ ਭਿਆਨਕ ਦੇਸ਼ ਵਿਆਪੀ ਤਬਾਹੀ ਅਤੇ ਸੰਸਾਰ ਭਰ ਵਿੱਚ ਹੋ ਰਹੀ ਕਿਰਕਿਰੀ ਦੇ ਬਾਵਜੂਦ ਵੀ ਮੋਦੀ ਸਰਕਾਰ ਅਤੇ ਉਸ ਦੇ ਜੋਟੀਦਾਰ ਕੋਈ ਸਬਕ ਸਿੱਖਣ ਦੀ ਥਾਂ ਆਪਣੀਆਂ ਝੂਠੀਆਂ ਤਾਰੀਫਾਂ ਕਰਨ ਤੋਂ ਬਾਜ਼ ਨਹੀਂ ਆ ਰਹੇ।
ਉਨ੍ਹਾਂ ਕਿਹਾ ਕਿ ਇਹ ਅਤਿਅੰਤ ਦੁਰਭਾਗ ਦੀ ਗੱਲ ਹੈ ਕਿ ਬਜਟ ਵਿੱਚ ਰੱਖੀਆਂ ਰਕਮਾਂ ਪੀ ਐਮ ਕੇਅਰਜ ਰਾਹੀਂ ਇਕੱਤਰ ਕੀਤੇ ਬੇਸ਼ੁਮਾਰ ਧਨ (ਜੋ ਕਿਸੇ ਇਨਕੁਆਰੀ ਜਾਂ ਆਡਿਟ ਦਾ ਮੁਥਾਜ਼ ਨਹੀਂ ਹੈ) ਦਾ ਲੋਕਾਂ ਦੀ ਜਾਨ ਮਾਲ ਲਈ ਖਰਚ ਕੀਤੇ ਜਾਣ ਦਾ ਨਾਂ ਮਾਤਰ ਵੀ ਝਲਕਾਰਾ ਨਹੀਂ ਦਿਸਦਾ। ਉਨ੍ਹਾਂ ਲੋਕਾਈ ਨੂੰ ਅਪੀਲ ਕੀਤੀ ਕਿ ਉਹ ਮਾਨਵਤਾ ਦੀ ਰਾਖੀ ਪੱਖੋਂ ਅਖੌਤੀ ਰਾਸ਼ਟਰਵਾਦੀ ਸਰਕਾਰ ਦੀ ਮੁਜਰਮਾਨਾ ਬੇਧਿਆਨੀ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨ। ਉਨ੍ਹਾਂ ਮੰਗ ਕੀਤੀ ਕਿ ਨਿੱਜੀ ਹਸਪਤਾਲਾਂ ਵੱਲੋਂ ਕੋਰੋਨਾ ਪੀੜਤਾਂ ਦੀ ਕੀਤੀ ਜਾ ਰਹੀ ਬੇਕਿਰਕ ਲੁਟ ਬੰਦ ਕਰਨ ਲਈ ਫੌਰੀ ਕਦਮ ਚੁੱਕਣ, ਸਮੁੱਚੇ ਸਿਹਤ ਢਾਂਚੇ ਦਾ ਵਿਸਤਾਰ ੇ, ਸਿਹਤ ਕਾਮਿਆਂ ਦੀ ਵਸੀਹ ਪੈਮਾਨੇ ਤੇ ਭਰਤੀ, ਅੰਵਿਵਿਸ਼ਵਾਸ ਅਤੇ ਅਫਵਾਹਾਂ ਤੇ ਫੌਰੀ ਰੋਕ ਲਾਉਣ ਅਤੇ ਦੇਸ਼ ਵਾਸੀਆਂ ਨੂੰ ਅਸਲ ਸਥਿਤੀ ਤੋਂ ਜਾਣੂੰ ਕਰਵਾਉਣ ਦੀ ਮੰਗ ਕੀਤੀ।