ਮੋਹਾਲੀ: ਕੋਰੋਨਾ ਦੇ ਕੇਸ ਘਟੇ ਪਰ ਸਾਵਧਾਨੀਆਂ ਹਾਲੇ ਵੀ ਜ਼ਰੂਰੀ : ਸਿਵਲ ਸਰਜਨ
ਹਰਜਿੰਦਰ ਸਿੰਘ ਭੱਟੀ
- ਜ਼ਰੂਰੀ ਕੰਮ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲਿਆ ਜਾਵੇ, ਮੂੰਹ ਢੱਕ ਕੇ ਰੱਖਣ ਦੀ ਲੋੜ
ਐਸ. ਏ.ਐਸ ਨਗਰ, 30 ਮਈ 2021 - ‘ਕੋਰੋਨਾ ਵਾਇਰਸ’ ਮਹਾਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਮੁੜ ਚੌਕਸ ਕਰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਇਸ ਮਾਰੂ ਬੀਮਾਰੀ ਦਾ ਖ਼ਤਰਾ ਹਾਲੇ ਵੀ ਪਹਿਲਾਂ ਵਾਂਗ ਹੀ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਵਿਡ ਦੀ ਦੂਜੀ ਲਹਿਰ ਸਿਖਰ ਤੋਂ ਹੇਠਾਂ ਵਲ ਆ ਰਹੀ ਹੈ ਅਤੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਪਰ ਸਾਰਿਆਂ ਨੂੰ ਹਾਲੇ ਵੀ ਪਹਿਲਾਂ ਵਾਂਗ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸਿਹਤ ਮਾਹਰਾਂ ਵਲੋਂ ਤੀਜੀ ਲਹਿਰ ਦੀ ਆਮਦ ਦੀ ਭਵਿੱਖਬਾਣੀ ਕੀਤੀ ਗਈ ਹੈ, ਉਸ ਨੂੰ ਵੇਖਦਿਆਂ ਹੋਰ ਵੀ ਜ਼ਿਆਦਾ ਮੁਸਤੈਦ ਅਤੇ ਸਾਵਧਾਨ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਤੋਂ ਬਚਾਅ ਲਈ ਮਾਸਕ ਪਾਉਣਾ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਇਕ ਦੂਜੇ ਤੋਂ ਦੋ ਗਜ਼ ਦਾ ਜ਼ਰੂਰੀ ਫ਼ਾਸਲਾ ਰਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ।
ਡਾ. ਆਦਰਸ਼ਪਾਲ ਕੌਰ ਨੇ ਕਿਹਾ,‘ ਕਰਫ਼ਿਊ ਜਾਂ ਤਾਲਾਬੰਦੀ ਹਟਾ ਲਏ ਜਾਣ ਜਾਂ ਢਿੱਲਾਂ ਦਿਤੇ ਜਾਣ ਦਾ ਮਤਲਬ ਇਹ ਨਾ ਸਮਝਿਆ ਜਾਵੇ ਕਿ ਇਹ ਬੀਮਾਰੀ ਖ਼ਤਮ ਹੋ ਗਈ ਹੈ। ਜੇ ਅਸੀਂ ਥੋੜੇ ਜਿਹੇ ਵੀ ਲਾਪਰਵਾਹ ਜਾਂ ਅਵੇਸਲੇ ਹੋਏ ਤਾਂ ਇਹ ਬੀਮਾਰੀ ਮੁੜ ਗੰਭੀਰ ਰੂਪ ਧਾਰ ਸਕਦੀ ਹੈ।’ ਉਨ੍ਹਾਂ ਦੁਹਰਾਇਆ ਕਿ ਪਾਣੀ ਅਤੇ ਬਿਜਲੀ ਦਾ ਬਿੱਲ ਭਰਨ, ਰਸੋਈ ਗੈਸ ਸਲੰਡਰ ਭਰਵਾਉਣ ਲਈ ਅਦਾਇਗੀ ਕਰਨ, ਮੋਬਾਈਲ ਫ਼ੋਨ ਰੀਚਾਰਜ ਕਰਵਾਉਣ ਜਾਂ ਅਜਿਹੇ ਹੋਰ ਕਈ ਕੰਮ ਘਰ ਵਿਚ ਹੀ ਮੋਬਾਈਲ ਜਾਂ ਕੰਪਿਊਟਰ ’ਤੇ ਆਨਲਾਈਨ ਕੀਤੇ ਜਾ ਸਕਦੇ ਹਨ ਜਿਨ੍ਹਾਂ ਵਾਸਤੇ ਬਾਹਰ ਬਾਜ਼ਾਰ ਵਿਚ ਜਾਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਦੁਕਾਨਾਂ ਵਿਚ ਗਾਹਕਾਂ ਦੀ ਭੀੜ ਨਹੀਂ ਹੋਣੀ ਚਾਹੀਦੀ ਅਤੇ ਸਮਾਜਕ ਦੂਰੀ ਹਰ ਹਾਲਤ ਵਿਚ ਕਾਇਮ ਰੱਖੀ ਜਾਣੀ ਚਾਹੀਦੀ ਹੈ। ਦੁਕਾਨ ਵਿਚ ਦਾਖ਼ਲ ਹੋਣ ਵੇਲੇ ਅਤੇ ਬਾਹਰ ਆਉਣ ਸਮੇਂ ਵੀ ਹੱਥ ਧੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ‘ਕੋਰੋਨਾਵਾਇਰਸ’ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਜਨਤਕ ਥਾਵਾਂ ’ਤੇ ਲੋਕਾਂ ਲਈ ਮਾਸਕ ਪਾਉਣਾ ਲਾਜ਼ਮੀ ਕੀਤਾ ਹੋਇਆ ਹੈ। ਜਿਹੜੇ ਵਿਅਕਤੀ ਜਨਤਕ ਸਥਾਨਾਂ ਉਤੇ ਬਿਨਾਂ ਮਾਸਕ ਨਜ਼ਰ ਆ ਰਹੇ ਹਨ, ਉਨ੍ਹਾਂ ਦਾ ਮਹਾਮਾਰੀ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਚਲਾਨ ਕਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਟਰ, ਮੋਟਰਸਾਈਕਲ, ਕਾਰ, ਜੀਪ, ਬੱਸ ਆਦਿ ਵਿਚ ਸਫ਼ਰ ਕਰਦੇ ਸਮੇਂ ਮੂੰਹ ਢਕਿਆ ਹੋਣਾ ਚਾਹੀਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਇਸ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਪਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਸ ਬੀਮਾਰੀ ਦਾ ਖ਼ਾਤਮਾ ਸੰਭਵ ਨਹੀਂ। ਲੋਕਾਂ ਨੂੰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾੜੀ-ਮੋਟੀ ਤਕਲੀਫ਼ ਹੋਣ ’ਤੇ ਹਸਪਤਾਲ ਨਾ ਜਾਇਆ ਜਾਵੇ। ਇਸ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਡਾਕਟਰ ਦੀ ਸਲਾਹ ਲਈ ਜਾਵੇ।