ਮੋਹਾਲੀ: ਕੋਵਿਡ-19 ਤੋਂ ਪੀੜਤ ਗਰਭਵਤੀ ਔਰਤਾਂ ਸਬੰਧੀ ਬਿਨਾਂ ਦੇਰੀ ਦੇ ਰਿਪੋਰਟ ਦੇਣ ਦੇ ਆਦੇਸ਼*
ਹਰਜਿੰਦਰ ਸਿੰਘ ਭੱਟੀ
- ਜ਼ਿਲ੍ਹਾ ਸਿਹਤ ਵਿਭਾਗ ਨੂੰ ਕੋਵਿਡ ਪਾਜ਼ੇਟਿਵ ਗਰਭਵਤੀ ਔਰਤਾਂ ਨੂੰ ਟੈਲੀਮੇਡੀਸੀਨ ਕੰਸਲਟੈਂਸੀ ਮੁੱਹਈਆ ਕਰਵਾਉਣ ਲਈ ਸਮਰਪਿਤ ਗਾਇਨੀਕੋਲੋਜਿਸਟ ਨਿਯੁਕਤ ਕਰਨ ਲਈ ਨਿਰਦੇਸ਼
- ਰੈਪਿਡ ਰਿਸਪਾਂਸ ਟੀਮਾਂ ਵੱਲੋਂ ਗਰਭਵਤੀ ਔਰਤਾਂ ਨੂੰ ਪਹਿਲ ਦੇ ਅਧਾਰ 'ਤੇ ਮਿਸ਼ਨ ਫ਼ਤਿਹ ਕਿੱਟਾਂ ਪ੍ਰਦਾਨ ਕਰਨ ਲਈ ਨਿਰਦੇਸ਼
ਐਸ.ਏ.ਐਸ.ਨਗਰ, 22 ਮਈ 2021 - ਪਿਛਲੇ ਕੁਝ ਸਮੇਂ ਦੌਰਾਨ ਸੂਬੇ ਵਿਚ ਕੋਵਿਡ-19 ਬੀਮਾਰੀ ਤੋਂ ਪੀੜਤ ਗਰਭਵਤੀ ਔਰਤਾਂ ਦੀ ਗਿਣਤੀ ਵਿੱਚ ਵਾਧੇ ਨੂੰ ਵੇਖਦਿਆਂ, ਜ਼ਿਲ੍ਹਾ ਮੈਜਿਸਟ੍ਰੇਟ ਗਿਰੀਸ਼ ਦਿਆਲਨ ਨੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਗਰਭਵਤੀ ਔਰਤਾਂ ਦੀ ਸਿਹਤ ਨੂੰ ਪਹਿਲ ਦੇਣ ਦੀ ਹਦਾਇਤ ਕੀਤੀ ਹੈ।
ਇਸ ਸੰਦਰਭ ਵਿੱਚ ਜਾਰੀ ਕੀਤੇ ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸ਼ਹਿਰੀ ਅਤੇ ਪੇਂਡੂ ਦੋਵੇਂ ਖੇਤਰਾਂ ਵਿੱਚ ਗਰਭਵਤੀ ਔਰਤਾਂ ਜੋ ਕੋਵਿਡ-19 ਤੋਂ ਪ੍ਰਭਾਵਿਤ ਹਨ, ਸਬੰਧੀ ਵੇਰਵੇ ਬਿਨਾਂ ਦੇਰੀ ਕੀਤੇ ਦੱਸੇ ਜਾਣੇ ਚਾਹੀਦੇ ਹਨ ਕਿਉਂਕਿ ਉਹ ਉੱਚ ਜੋਖਮ ਸ਼੍ਰੇਣੀ ਵਿੱਚ ਆਉਂਦੀਆਂ ਹਨ। ਉਨ੍ਹਾਂ ਦੀ ਸਥਿਤੀ ‘ਤੇ ਨਜਰ ਰੱਖਣ ਲਈ ਜ਼ਿਲ੍ਹੇ ਦੇ ਸਮੂਹ ਐਸ.ਐਮ.ਓ ਆਪਣੇ ਅਧੀਨ ਕੰਮ ਕਰਦੀਆਂ ਆਸ਼ਾ ਵਰਕਰ ਜਾਂ ਹੈਲਥ ਵਰਕਰਾਂ ਦੀ ਡਿਊਟੀ ਲਗਾਉਣਗੇ। ਸਬੰਧਤ ਐਸ.ਐਮ.ਓਜ ਇਸ ਸਬੰਧੀ ਰੋਜ਼ਾਨਾ ਰਿਪੋਰਟ ਕਵਿਡ ਪੇਸ਼ੇਂਟ ਟਰੈਕਿੰਗ ਅਫਸਰ(ਸੀ.ਪੀ.ਟੀ.ਓ) ਨੂੰ ਭੇਜਣਗੇ।
ਸੀਪੀਟੀਓ ਅਤੇ ਸਬ ਡਵੀਜ਼ਨਲ ਮੈਜਿਸਟ੍ਰੇਟ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਉਨ੍ਹਾਂ ਨੂੰ ਪਹਿਲ ਦੇ ਅਧਾਰ 'ਤੇ ਮਿਸ਼ਨ ਫ਼ਤਿਹ ਕਿੱਟਾਂ ਪ੍ਰਦਾਨ ਕਰਨਾ ਯਕੀਨੀ ਬਣਾਉਣਗੇ।
ਸਿਵਲ ਸਰਜਨ ਗਾਇਨੀਕੋਲੋਜਿਸਟਾਂ ਦੀ ਡਿਊਟੀ ਲਗਾਉਣਗੇ ਤਾਂ ਜੋ ਉਹ ਇਨ੍ਹਾਂ ਪ੍ਰਭਾਵਿਤ ਗਰਭਵਤੀਆਂ ਦੀ ਪਹਿਲ ਦੇ ਅਧਾਰ ‘ਤੇ ਮੈਡੀਕਲ ਤੌਰ ‘ਤੇ ਦੇਖ ਭਾਲ ਕਰਨ ਅਤੇ ਟੈਲੀ ਮੈਡੀਸਨ ਰਾਹੀਂ ਆਪਣੀ ਸਲਾਹ ਦੇਣ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਐਸ.ਏ.ਐਸ.ਨਗਰ ਦੇ ਅਧੀਨ ਕੰਮ ਕਰਦੀਆਂ ਸੀ.ਡੀ.ਪੀ.ਓਜ਼ ਅਤੇ ਆਂਗਣਵਾੜੀ ਵਰਕਰਾਂ ਨੂੰ ਐਸ.ਐਮ.ਓਜ਼ ਨੂੰ ਇਸ ਕੰਮ ਲਈ ਪੂਰਾ ਸਮਰਥਨ ਦੇਣਾ ਯਕੀਨੀ ਬਣਾਉਣਗੇ।
ਸੀ.ਪੀ.ਟੀ.ਓ-ਕਮ- ਐਸ.ਪੀ. (ਦਿਹਾਤੀ), ਐਸ.ਏ.ਐਸ.ਨਗਰ ਇਸ ਸਾਰੇ ਕੰਮ ਦੀ ਦੇਖ ਰੇਖ ਕਰਨ ਲਈ ਜ਼ਿਲ੍ਹੇ ਦੇ ਇੰਚਾਰਜ ਹੋਣਗੇ। ਸੀਪੀਟੀਓ ਵੱਲੋਂ ਇਸ ਸਬੰਧ ਵਿਚ ਰੋਜ਼ਾਨਾ ਰਿਪੋਰਟ ਤਿਆਰ ਕਰਵਾਈ ਜਾਵੇਗੀ ਅਤੇ ਇਸ ਨੂੰ ਸਰਕਾਰ ਅਤੇ ਡੀਐਮ ਦਫ਼ਤਰ ਨੂੰ ਭੇਜੇਗੀ। ਸਿਵਲ ਸਰਜਨ ਇਸ ਮੰਤਵ ਲਈ ਇਕ ਮੈਡੀਕਲ ਅਫ਼ਸਰ ਨੂੰ ਸੀ.ਪੀ.ਟੀ.ਓ ਨਾਲ ਤਾਇਨਾਤ ਕਰਨਗੇ।