ਮੋਹਾਲੀ ਵਿਖੇ ਬਣਨ ਵਾਲੇ ਆਰਜ਼ੀ ਕੋਵਿਡ ਹਸਪਤਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤਾ ਜਾਵੇਗਾ ਪੂਰਨ ਸਹਿਯੋਗ: ਆਸ਼ਿਕਾ ਜੈਨ
ਹਰਜਿੰਦਰ ਸਿੰਘ ਭੱਟੀ
- ਵਧੀਕ ਡਿਪਟੀ ਕਮਿਸ਼ਨਰ ਵੱਲੋਂ ਹਸਪਤਾਲ ਦੇ ਨਿਰਮਾਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ
- ਹਸਪਤਾਲ ਨਿਰਮਾਣ ਦੌਰਾਨ ਵੱਖ ਵੱਖ ਪੜਾਵਾਂ ਉਤੇ ਪੂਰੀ ਨਿਗਰਾਨੀ ਕਰਨ ਦੀਆਂ ਹਦਾਇਤਾਂ
ਐਸ ਏ ਐਸ ਨਗਰ, 20 ਮਈ 2021 - ਪੰਜਾਬ ਸਰਕਾਰ ਨੇ ਸਿਹਤ ਵਿਭਾਗ ਰਾਹੀਂ ਆਰਜ਼ੀ ਕੋਵਿਡ ਹਸਪਤਾਲ ਸਥਾਪਤ ਕਰਨ ਲਈ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਤੇ ਮੈਸਰਜ਼ ਮੋਹਾਲੀ ਮੈਡੀਕਲ ਗਰੁੱਪ ਪ੍ਰਾਈਵੇਟ ਲਿਮਟਿਡ ਨੂੰ ਸਵੈ-ਘੋਸ਼ਣਾ ਦੇ ਅਧਾਰ ਉਤੇ ਐਸ.ਏ.ਐਸ. ਨਗਰ, ਮੋਹਾਲੀ ਵਿਖੇ ਆਰਜ਼ੀ ਹਸਪਤਾਲ ਦਾ ਤੁਰੰਤ ਨਿਰਮਾਣ ਸ਼ੁਰੂ ਕਰਨ ਲਈ ਇਸ ਤਰ੍ਹਾਂ ਦੀ ਪਹਿਲੀ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਇਹ ਆਰਜ਼ੀ ਹਸਪਤਾਲ ਛੇਤੀ ਤੋਂ ਛੇਤੀ ਸ਼ੁਰੂ ਹੋ ਸਕੇ ਤੇ ਕੋਰੋਨਾ ਨੂੰ ਠੱਲ੍ਹ ਪਾਉਣ ਵਿੱਚ ਸਹਾਈ ਹੋਵੇ। ਇਹ ਗੱਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਆਸ਼ਿਕਾ ਜੈਨ ਨੇ ਹਸਪਤਾਲ ਦੇ ਨਿਰਮਾਣ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਖੀ।
ਵਧੀਕ ਡਿਪਟੀ ਕਮਿਸ਼ਨਰ ਨੇ ਹਸਪਤਾਲ ਸਬੰਧੀ ਅੱਗ ਲੱਗਣ ਤੋਂ ਬਚਾਅ ਦੇ ਪ੍ਰਬੰਧਾਂ, ਬਾਇਓਮੈਡੀਕਲ ਵੇਸਟ ਦੇ ਪ੍ਰਬੰਧਨ, ਸੀਵਰੇਜ ਤੇ ਵਾਟਰ ਸਪਲਾਈ ਕੁਨੈਕਸ਼ਨ ਤੇ ਬਿਜਲੀ ਪ੍ਰਬੰਧਨ ਤੇ ਆਰਜ਼ੀ ਹਸਪਤਾਲ ਤਿਆਰ ਕੀਤੇ ਜਾਣ ਸਬੰਧੀ ਸਾਰੇ ਪੱਖਾਂ ਲਈ ਪੂਰਨ ਸਹਿਯੋਗ ਅਤੇ ਨਾਲ ਦੀ ਨਾਲ ਹਸਪਤਾਲ ਨਿਰਮਾਣ ਦੌਰਾਨ ਵੱਖ ਵੱਖ ਪੜਾਵਾਂ ਉਤੇ ਪੂਰੀ ਨਿਗਰਾਨੀ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੁਹਾਲੀ ਵਿਖੇ ਅਜਿਹੇ ਪਹਿਲੇ ਪ੍ਰਾਜੈਕਟ ਨੂੰ ਸਵੈ- ਘੋਸ਼ਣਾ ਦੇ ਅਧਾਰ ’ਤੇ ਬਿਨੈ ਪੱਤਰ ਜਮ੍ਹਾਂ ਕਰਾਉਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਐਨ.ਓ.ਸੀ. ਮਿਲੀ ਹੈ। ਮਹਾਂਮਾਰੀ ਦੀ ਇਸ ਔਖੀ ਘੜੀ ਦੌਰਾਨ ਤੁਰੰਤ ਅਤੇ ਨਿਰਵਿਘਨ ਪ੍ਰਵਾਨਗੀ ਨੂੰ ਯਕੀਨੀ ਬਟਾਉਣ ਲਈ ਸਬੰਧਤ ਸਰਕਾਰੀ ਵਿਭਾਗਾਂ ਵਲੋਂ ਅਜਿਹੇ ਮੇਕ-ਸ਼ਿਫ਼ਟ ਕੋਵਿਡ ਹਸਪਤਾਲ ਸਥਾਪਤ ਕਰਨ ਦੇ ਮੱਦੇਨਜ਼ਰ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜਰਜ਼ ਵਿੱਚ ਢਿੱਲ ਦਿੱਤੀ ਗਈ ਹੈ। ਇਸ ਵਿੱਚ ਸਿਹਤ ਵਿਭਾਗ, ਸਥਾਨਕ ਸਰਕਾਰਾਂ, ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਲੋਕ ਨਿਰਮਾਣ ਵਿਭਾਗ ਅਤੇ ਕਿਰਤ ਵਿਭਾਗ ਸ਼ਾਮਲ ਹਨ। ਇਸ ਸਬੰਧੀ ਇਨਵੈਸਟ ਪੰਜਾਬ ਨੂੰ ਸਾਰੇ ਸਬੰਧਤ ਵਿਭਾਗਾਂ ਤੋਂ ਲੋੜੀਂਦੇ ਐਨ.ਓ.ਸੀ./ ਸਿਧਾਂਤਕ ਪ੍ਰਵਾਨਗੀਆਂ ਜਾਰੀ ਕਰਨ ਲਈ ਨੋਡਲ ਦਫਤਰ ਬਣਾਇਆ ਗਿਆ ਹੈ।
ਕੋਈ ਵੀ ਵਿਅਕਤੀ / ਸਮੂਹ ਜੋ ਅਸਥਾਈ ਹਸਪਤਾਲ ਖੋਲ੍ਹਣਾ ਚਾਹੁੰਦਾ ਹੈ, ਸਿਰਫ ਬਿਨੈ-ਪੱਤਰ ਫਾਰਮ ਭਰ ਕੇ ਅਤੇ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰ ਕੇ ਇਨਵੈਸਟ ਪੰਜਾਬ ਨੂੰ ਅਪਲਾਈ ਕਰ ਸਕਦਾ ਹੈ। ਇਹ ਸਹੂਲਤ ਇਸ ਲਈ ਦਿੱਤੀ ਗਈ ਹੈ ਤਾਂ ਜੋ ਆਰਜ਼ੀ ਹਸਪਤਾਲ ਨੂੰ ਖੋਲ੍ਹਣ ਦੇ ਚਾਹਵਾਨ ਕਿਸੇ ਵੀ ਵਿਅਕਤੀ / ਸਮੂਹ ਨੂੰ ਵਾਰ- ਵਾਰ ਦਫਤਰਾਂ ਦੇ ਚੱਕਰ ਨਾ ਲਾਉਣੇ ਪੈਣ ਅਤੇ ਸਮੇਂ ਸਿਰ ਮਨਜ਼ੂਰੀ ਨੂੰ ਯਕੀਨੀ ਬਣਾਇਆ ਜਾ ਸਕੇ। ਆਰਜ਼ੀ ਕੋਵਿਡ ਹਸਪਤਾਲ ਖੋਲ੍ਹਣ ਦਾ ਇੱਛੁਕ ਕੋਈ ਵੀ ਵਿਅਕਤੀ / ਸਮੂਹ ਨਿਰਦੇਸ਼ਾਂ ਅਤੇ ਲੋੜੀਂਦੀਆਂ ਸਹੂਲਤਾਂ ਲਈ ਇਨਵੈਸਟ ਪੰਜਾਬ ਕੋਲ ਪਹੁੰਚ ਸਕਦਾ ਹੈ।
ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਮੈਡੀਕਲ ਕਾਲਜ ਮੋਹਾਲੀ ਵਿਖੇ 03 ਆਕਸੀਜ਼ਨ ਕਨਸਨਟ੍ਰੇਟਰ ਵੀ ਦਿੱਤੇ ਗਏ ਹਨ, ਜਿਨ੍ਹਾਂ ਨਾਲ ਆਕਸੀਜ਼ਨ ਸਿਲੰਡਰਾਂ ਉੱਤੇ ਨਿਰਭਰਤਾ ਘਟੇਗੀ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਾਜੀਵ ਕੁਮਾਰ ਗੁਪਤਾ, ਕਮਿਸ਼ਨਰ ਨਗਰ ਨਿਗਮ ਮੋਹਾਲੀ ਸ਼੍ਰੀ ਕਮਲ ਕੁਮਾਰ ਗਰਗ, ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਤਰਸੇਮ ਚੰਦ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।