ਰੂਪਨਗਰ: ਕੰਟੋਨਮੈਂਟ ਜੋਨ ਦੇ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਮਿਸ਼ਨ ਫਤਿਹ ਕਿਟਾਂ
ਹਰੀਸ਼ ਕਾਲੜਾ
- ਗੁਰੁ ਨਗਰ ਵਿਚ ਲਗਾਇਆ ਕਰੋਨਾ ਸੈਂਪਲਿੰਗ ਕੈਂਪ-ਡਾਕਟਰ ਗੁਰਿੰਦਰ ਪਾਲ ਸਿੰਘ ਬਿੱਲਾ
ਰੂਪਨਗਰ 6 ਮਈ 2021 :ਸ਼ਹਿਰ ਦੇ ਵਾਰਡ ਨੰਬਰ 3 ਵਿੱਚ ਪੈਂਦੇ ਮੁਹੱਲਾ ਗੁਰੂ ਨਗਰ ਵਿੱਚ ਕੁੱਝ ਕਰੋਨਾ ਪਾਜਿਟਿਵ ਮਰੀਜ ਹੋਣ ਕਾਰਨ ਉਸ ਮੁਹੱਲੇ ਦੇ ਕੁੱਝ ਹਿੱਸੇ ਨੂੰ ਕੰਟੋਨਮੈਂਟ ਜੋਨ ਬਣਾਉਣ ਤੋਂ ਬਾਅਦ ਮਰੀਜਾਂ ਨੂੰ ਮਿਸ਼ਨ ਫਤਿਹ ਕਿਟਾਂ ਮੁਹਈਆ ਨਹੀਂ ਸਨ ਹੋ ਰਹੀਆਂ ਜਿਸ ਦੇ ਮਦੇਨਜ਼ਰ ਅੱਜ ਗੁਰਿੰਦਰ ਪਾਲ ਸਿੰਘ ਬਿੱਲਾ ਵਾਈਸ ਚੇਅਰਮੈਨ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਨੇ ਸਿਵਲ ਸਰਜਨ ਰੂਪਨਗਰ ਡਾ ਦਵਿੰਦਰ ਕੁਮਾਰ ਢਾਂਡਾ ਅਤੇ ਐਸ ਐਮ ਓ ਡਾ ਤਰਸੇਮ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਮਰੀਜ਼ਾਂ ਨੂੰ ਮਿਸ਼ਨ ਫਤਿਹ ਕਿਟਾਂ ਮੁਹਈਆ ਕਰਾਉਣ ਤੇ ਕਰੋਨਾ ਸੈਂਪਲਿੰਗ ਕੈਂਪ ਲਗਾਉਣ ਲਈ ਕਿਹਾ।
ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵਾਰਡ ਨੰਬਰ 03 ਦੇ ਕਰੋਨਾਂ ਦੇ ਪਾਜ਼ਿਟਿਵ ਮਰੀਜ਼ਾਂ ਨੂੰ ਕਿਟਾਂ ਮੁਹਈਆ ਕਰਵਾਈਆ ਤੇ ਕਰੋਨਾ ਸੈਂਪਲਿੰਗ ਕੈਂਪ ਵੀ ਲਗਾਇਆ।ਇਸ ਮੌਕੇ ਡਾਕਟਰ ਬਿੱਲਾ ਨੇ ਲੋਕਾਂ ਨੂੰ ਨਿਰੰਤਰ ਮਾਸਕ ਅਤੇ ਸੈਨੇਟਾਈਜਰ ਦੀ ਵਰਤੋਂ ਕਰਨ ਲਈ ਕਿਹਾ। ਉਨ੍ਹਾਂ,ਲੋਕਾਂ ਨੂੰ ਇਸ ਬੀਮਾਰੀ ਤੋਂ ਡਰਨ ਦੀ ਬਜਾਏ, ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ, ਆਪਣੀ ਜਾਂਚ ਅਤੇ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ।