ਰੂਪਨਗਰ ਪੁਲਿਸ ਨੇ ਕੋਵੀ-ਵੈਕ ਵੈਨ ਨਾਂਅ ਦੀ ਕੋਵਿਡ-ਟੀਕਾਕਰਣ ਵੈਨ ਲਾਂਚ ਕੀਤੀ - ਐਸ ਐਸ ਪੀ
ਹਰੀਸ਼ ਕਾਲੜਾ
- ਡਾ. ਅੰਕੁਰ ਗੁਪਤਾ, ਆਈ.ਪੀ.ਐਸ. ਕਪਤਾਨ ਪੁਲਿਸ (ਸਥਾਨਕ) ਰੂਪਨਗਰ ਹੋਣਗੇ ਨੋਡਲ ਅਫਸਰ
ਰੂਪਨਗਰ,15 ਮਈ 2021 - ਅੱਜ ਜ਼ਿਲ੍ਹਾ ਪੁਲਿਸ ਨੇ ਕੋਵੀ-ਵੈਕ ਵੈਨ ਦੇ ਨਾਮ ਨਾਲ ਕੋਵਿਡ-ਟੀਕਾਕਰਣ ਵੈਨ ਲਾਂਚ ਕੀਤੀ ਹੈ। ਇਸ ਵਿਲੱਖਣ ਪਹਿਲਕਦਮੀ ਵਿੱਚ ਰੂਪਨਗਰ ਪੁਲਿਸ ਨੇ ਟੀਕਾਕਰਨ ਲਈ ਅਭਿਆਨ ਚਲਾਉਣ ਦਾ ਫੈਸਲਾ ਕੀਤਾ ਹੈ। ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋ ਰੋਕਣ ਅਤੇ ਇਸ ਨਾਲ ਹੋਣ ਵਾਲਿਆਂ ਮੌਤਾਂ ਨੂੰ ਰੋਕਣ ਵਿੱਚ ਵੈਕਸੀਨੇਸ਼ਨ ਦੀ ਪ੍ਰਭਾਵਸ਼ੀਲਤਾ ਨੂੰ ਵੇਖਦਿਆਂ ਜਿਲ੍ਹਾ ਪੁਲਿਸ ਨੇ ਇਸ ਮਕਸਦ ਲਈ ਐਂਬੂਲੈਂਸ ਦੀ ਸ਼ੁਰੂਆਤ ਕੀਤੀ ਹੈ।ਇਹ ਪ੍ਰਗਟਾਵਾ ਡਾ. ਅਖਿਲ ਚੌਧਰੀ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਨੇ ਅੱਜ ਇਸ ਕੋਵੀ-ਵੈਕ ਵੈਨ ਨੂੰ ਝੰਡੀ ਵਿਕਾ ਕੇ ਰਵਾਨਾ ਕਰਨ ਮੋਕੇ ਕੀਤਾ।ਉਨਾਂ ਦੱਸਿਆ ਕਿ ਇਹ ਵੈਨ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਨਜ਼ਦੀਕੀ ਟੀਕਾਕਰਨ ਕੇਂਦਰ ਤੱਕ ਲੈ ਜਾਇਆ ਜਾਏਗਾ। ਇਸ ਦੀ ਲੋੜ ਇਸ ਲਈ ਮਹਿਸੂਸ ਕੀਤੀ ਕਿ ਇਸ ਜਿਲ੍ਹਾਂ ਦਾ ਜਿਆਦਾਤਰ ਖੇਤਰ ਪੇਂਡੂ ਹੈ ਅਤੇ ਕੁਝ ਦੂਰ-ਦੁਰਾਡੇ ਦੇ ਖੇਤਰ ਹਨ ਜਿਥੇ ਲੋਕਾ ਖ਼ਾਸਕਰ ਬਜੂਰਗ ਲੋਕਾਂ ਨੂੰ ਟੀਕਾਕਰਨ ਕੇਂਦਰ ਤਕ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ। ਇਹ ਉਨ੍ਹਾਂ ਇਕੱਲੀਆਂ ਮਾਵਾਂ ਦੀ ਵੀ ਮਦਦ ਕਰੇਗੀ ਜਿਨ੍ਹਾਂ ਦੇ ਪਤੀ ਬਾਹਰ ਕੰਮ ਕਰਦੇ ਹਨ।
ਉਨਾਂ ਕਿਹਾ ਕਿ ਸ਼ੁਰੂਆਤੀ ਪੜਾਅ ਤਹਿਤ ਇਸ ਦੀ ਸ਼ੁਰੂਆਤ ਰੂਪਨਗਰ ਅਤੇ ਇਸ ਦੇ ਆਸ-ਪਾਸ ਦੇ ਪੇਂਡੂ ਖੇਤਰਾਂ ਤੋਂ ਕਰ ਰਹੇ ਹਾਂ ਜੋ ਬਾਅਦ ਵਿੱਚ ਇਸ ਵਿੱਚ ਹੋਰ ਖੇਤਰ ਵੀ ਸ਼ਾਮਲ ਕੀਤੇ ਜਾਣਗੇ। ਜੇਕਰ ਇਸਦਾ ਚੰਗਾ ਹੁੰਗਾਰਾ ਮਿਲਦਾ ਹੈ ਤਾਂ ਅਸੀਂ ਇਸ ਮਕਸਦ ਲਈ ਆਰ.ਆਰ.ਪੀ.ਆਰ.ਐਸ. ਵਾਹਨਾਂ ਵੀ ਇਸ ਮਕਸਦ ਲਈ ਲਗਾਵਾਂਗੇ। ਇਹ ਸ਼ੁਰੂਆਤ ਜਿਲੇ ਵਿਚ ਟੀਕਾਕਰਨ ਮੁਹਿੰਮ ਨੂੰ ਵੱਡਾ ਹੁਲਾਰਾ ਦੇਵੇਗੀ। ਅੱਜ ਪਹਿਲੇ ਦਿਨ ਕੁੱਲ 7 ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ ਹੈ। ਉਨਾਂ ਉਮੀਦ ਕੀਤੀ ਕਿ ਭਵਿੱਖ ਵਿੱਚ ਜਿਵੇਂ ਹੀ ਵਧੇਰੇ ਟੀਕੇ ਉਪਲਬਧ ਹੋਣਗੇ ਇਹ ਅੰਕੜੇ ਹੋਰ ਵਧਣਗੇ।
ਉਨਾਂ ਇਹ ਵੀ ਦਸਿਆ ਕਿ ਲੋਕਾ ਲਈ 24 ਘੰਟੇ ਪੁਲਿਸ ਹੈਲਪ ਲਈ ਜਿਲ੍ਹਾ ਕੰਟਰੋਲ ਰੁਮ ਪਰ 97794-64100 ਨੰਬਰ ਸਥਾਪਤ ਕੀਤਾ ਗਿਆ ਹੈ। ਇਸ ਸਪੈਸ਼ਲ ਵੈਕਸੀਨੇਸ਼ਨ ਮੁਹਿੰਮ ਲਈ ਡਾ. ਅੰਕੁਰ ਗੁਪਤਾ, ਆਈ.ਪੀ.ਐਸ., ਕਪਤਾਨ ਪੁਲਿਸ (ਸਥਾਨਕ) ਰੂਪਨਗਰ ਨੂੰ ਨੋਡਲ ਅਫਸਰ ਅਤੇ ਸ੍ਰੀ ਚੰਦ ਸਿੰਘ, ਪੀ.ਪੀ.ਐਸ., ਉੋਪ-ਕਪਤਾਨ ਪੁਲਿਸ (ਸਥਾਨਕ) ਰੂਪਨਗਰ ਨੂੰ ਸਹਾਇਕ ਨੋਡਲ ਅਫਸਰ ਨਾਮਜ਼ਦ ਕੀਤਾ ਗਿਆ ਹੈ।
ਉਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਰੂਪਨਗਰ ਪੁਲਿਸ ਦੁਆਰਾ ਆਰੰਭੀ ਗਈ ਇਸ ਵਿਲੱਖਣ ਪਹਿਲਕਦਮੀ ਦਾ ਲਾਭ ਪ੍ਰਾਪਤ ਕਰਨ ਅਤੇ ਕਰੋਨਾ ਦੇ ਫੈਲਾਅ ਤੇ ਰੋਕ ਲਗਾਉਣ ਲਈ ਜਾਰੀ ਹਦਾਇਤਾਂ ਦੀ ਪਾਲਣਾ ਜਰੂਰ ਕਰਨ।